ਇੱਥੇ ਦੁੱਧ ਉਤਪਾਦਕ ਸਹਿਕਾਰੀ ਸਭਾ ਮੱਛਲੀ ਕਲਾਂ ਵਿੱਚ 10ਵਾਂ ਮੁਨਾਫ਼ਾ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਰਾਜਸੀ ਸਕੱਤਰ ਅਤੇ ਜ਼ਿਲ੍ਹਾ ਸਹਿਕਾਰੀ ਬੈਂਕ ਮੁਹਾਲੀ ਦੇ ਡਾਇਰੈਕਟਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਦੁੱਧ ਉਤਪਾਦਕਾਂ ਨੂੰ 2.80 ਲੱਖ ਰੁਪਏ ਦਾ ਮੁਨਾਫ਼ਾ ਵੰਡਿਆ। ਉਨ੍ਹਾਂ ਦੁੱਧ ਉਤਪਾਦਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਭਾਵਾਂ ਨੂੰ ਇਮਾਨਦਾਰੀ ਤੇ ਸਮਰਪਣ ਭਾਵਨਾ ਨਾਲ ਕੰਮ ਕਰਨਾ ਚਾਹੀਦਾ ਹੈ ਤਾਂ ਹੀ ਉਹ ਮੁਨਾਫ਼ੇ ਵਿੱਚ ਰਹਿ ਸਕਦੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਡੇਅਰੀ ਤੋਂ ਇਲਾਵਾ ਹੋਰ ਵੀ ਸਹਾਇਕ ਧੰਦੇ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਪਸ਼ੂ ਪਾਲਣ, ਸੂਰ ਪਾਲਣ ਅਤੇ ਸ਼ਹਿਦ ਦੀਆਂ ਮੱਖੀਆਂ ਪਾਲਣ ਵਰਗੇ ਕਿੱਤਿਆਂ ਨੂੰ ਅਪਣਾਉਣ ਦੀ ਲੋੜ ਹੈ।
ਇਸ ਮੌਕੇ ਮਿਲਕ ਪਲਾਂਟ ਮੁਹਾਲੀ ਦੇ ਮੈਨੇਜਰ ਖਰੀਦ ਸ੍ਰੀ ਅਨਿਲ ਮਿਸ਼ਰਾ ਨੇ ਦੁੱਧ ਦੀ ਗੁਣਵੱਤਾ ਵਧਾਉਣ ਲਈ ਚੁੱਕੇ ਜਾ ਸਕਣ ਵਾਲੇ ਕਦਮਾਂ ਉਤੇ ਚਾਨਣਾ ਪਾਇਆ, ਜਦੋਂ ਕਿ ਮੈਨੇਜਰ ਫੀਡ ਤੇ ਚਾਰਾ ਜਗਸੀਰ ਸਿੰਘ ਨੇ ਪਸ਼ੂਆਂ ਲਈ ਵੇਰਕਾ ਦੀ ਫੀਡ ਵਰਤਣ ਦੀ ਅਪੀਲ ਕੀਤੀ। ਇਸ ਸਮੇਂ ਮਿਲਕ ਪਲਾਂਟ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਤਰਲੋਚਨ ਸਿੰਘ, ਸਰਪੰਚ ਪਿੰਡ ਮੱਛਲੀ ਕਲਾਂ ਬਲਰਾਮ ਸ਼ਰਮਾ, ਸਭਾ ਦੇ ਪ੍ਰਧਾਨ ਸੰਜੀਵ ਕੁਮਾਰ ਰਾਣਾ, ਸਕੱਤਰ ਧਰਮਿੰਦਰ ਰਾਣਾ, ਐਨ.ਪੀ.ਐਸ. ਹਰਪ੍ਰੀਤ ਸਿੰਘ, ਮਨਦੀਪ ਸਿੰਘ, ਅਭਿਮਨਯੂੰ ਰਾਣਾ ਅਤੇ ਸਹਿਕਾਰੀ ਸਭਾ ਮੱਛਲੀ ਖੁਰਦ ਦੇ ਪ੍ਰਧਾਨ ਅਮਰੀਕ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਪਤਵੰਤੇ ਤੇ ਲਾਭਪਾਤਰੀ ਹਾਜ਼ਰ ਸਨ। ਸਭਾ ਦੇ ਮੈਂਬਰਾਂ ਨੇ ਮੁੱਖ ਮਹਿਮਾਨ ਤੇ ਹੋਰ ਮਹਿਮਾਨਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ।

ਕੈਪਸ਼ਨ: ਦੁੱਧ ਉਤਪਾਦਕ ਸਹਿਕਾਰੀ ਸਭਾ ਮੱਛਲੀ ਕਲਾਂ ਦੇ ਲਾਭਪਾਤਰੀਆਂ ਨੂੰ ਮੁਨਾਫ਼ੇ ਦੇ ਚੈੱਕ ਵੰਡਦੇ ਹੋਏ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ।