ਮੁਹਾਲੀ 23 ਸਤੰਬਰ (ਰਣਜੀਤ ਸਿੰਘ) ਜੇਕਰ ਦੇਸ਼ ਦਾ ਕਿਸਾਨ ਹੀ ਕੇੰਦਰ ਸਰਕਾਰ ਦੁਆਰਾ ਕਿਸਾਨਾਂ ਲਈ ਬਣਾਏ ਗਏ ਨਵੇਂ ਕਾਨੂੰਨ ਤੋਂ ਖੁਸ਼ ਨਹੀਂ ਹੈ ਤਾਂ ਸਰਕਾਰ ਨੂੰ ਇਹ ਕਾਨੂੰਨ ਵਾਪਿਸ ਲੈ ਲੈਣਾ ਚਾਹੀਦਾ ਹੈ..॥ਜੇਕਰ ਸਰਕਾਰ ਕਿਸਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਇਸ ਫੈਸਲੇ ਤੇ ਅੜੀ ਰਹਿੰਦੀ ਹੈ ਤਾਂ ਦੇਸ਼ ਦੇ ਕਿਸਾਨਾਂ ਦੁਆਰਾ ਵਿੱਢੇ ਗਏ ਸੰਗਰਸ਼ ਨਾਲ ਯੂਥ ਆਫ ਪੰਜਾਬ ਮੋਢੇ ਨਾਲ ਮੋਢਾ ਲਗਾ ਕੇ ਖੜਾ ਹੈ..॥ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੀ ਮਸ਼ਹੂਰ ਸਮਾਜ ਸੇਵੀ ਅਤੇ ਸ਼ਹੀਦਾਂ ਦੇ ਸਤਿਕਾਰ ਲਈ ਯਤਨਸ਼ੀਲ ਸੰਸਥਾ ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਯੂਥ ਆਫ ਪੰਜਾਬ ਦੀ ਮੀਟਿੰਗ ਸਮੇਂ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ..॥ਉਹਨਾਂ ਬੋਲਦੇ ਹੋਏ ਕਿਹਾ ਕਿ ਬੇਸ਼ੱਕ ਸਰਕਾਰ ਕਹਿ ਰਹੀ ਹੈ ਇਹ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਹੈ ਪ੍ਰੰਤੂ ਜਦੋਂ ਕਿਸਾਨ ਹੀ ਇਸ ਕਾਨੂੰਨ ਤੋਂ ਖੁਸ਼ ਨਹੀਂ ਤਾਂ ਫੇਰ ਸਰਕਾਰ ਨੂੰ ਆਪਣਾ ਫੈਸਲਾ ਵਾਪਿਸ ਲੈਣ ਵਿੱਚ ਕੋਈ ਹਰਜ਼ ਨਹੀਂ ਹੋਣਾ ਚਾਹੀਦਾ..॥ਉਹਨਾਂ ਕਿਹਾ ਕਿ ਅੱਜ ਸਾਰੀਆਂ ਰਾਜਨੀਤਿਕ ਪਾਰਟੀਆਂ ਆਪੋ ਆਪਣੀ ਪਾਰਟੀ ਨੂੰ ਲੈ ਕੇ ਕਿਸਾਨਾਂ ਲਈ ਧਰਨੇ ਲਾ ਰਹੀਆਂ ਪਰੰਤੂ ਜੇਕਰ ਸਾਰੀਆਂ ਪਾਰਟੀਆਂ ਦੇ ਕਾਰਕੁੰਨ ਤੇ ਮੈਂਬਰ ਕਿਸਾਨੀ ਦੇ ਝੰਡੇ ਹੇਠ ਇੱਕ ਹੋ ਕੇ ਸੰਗਰਸ਼ ਕਰਨ ਤਾਂ ਸ਼ਾਇਦ ਕਿਸਾਨਾਂ ਨੂੰ ਉਹਨਾਂ ਦਾ ਬਣਦਾ ਮਾਣ ਸਤਿਕਾਰ ਮਿਲ ਸਕੇ..॥ਅੱਜ ਦੇ ਸਮੇਂ ਹਰ ਪਾਰਟੀ ਹਰੇਕ ਲੀਡਰ ਆਪਣੀ ਰਾਜਨੀਤੀ ਚਮਕਾਉਣ ਦੇ ਚੱਕਰ ਵਿੱਚ ਹੈ ਪਰੰਤੂ ਕਿਸਾਨਾਂ ਨੂੰ ਰਾਜਨੀਤੀ ਦੀ ਨਹੀਂ ਸਾਥ ਦੀ ਲੋੜ ਹੈ..॥ਇਸ ਸਮੇਂ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਯੂਥ ਆਫ ਪੰਜਾਬ ਵਲੋਂ ਅਪੀਲ ਕਰਦੇ ਹੋਏ ਕਿਹਾ ਕਿ ਸਾਰੀਆਂ ਪਾਰਟੀਆਂ ਏਕਾ ਕਰਕੇ ਕਿਸਾਨਾਂ ਦੇ ਝੰਡੇ ਹੇਠ ਇੱਕਠੇ ਹੋ ਕੇ ਰੋਸ ਜਾਹਿਰ ਕਰਨਾ ਚਾਹੀਦਾ ਹੈ..॥ਇਸ ਮੌਕੇ ਉਹਨਾਂ ਕਿਹਾ ਕਿ ਕਿਸਾਨਾਂ ਲਈ ਬਣਾਏ ਇਸ ਕਾਲੇ ਕਾਨੂੰਨ ਵਿੱਚ ਕਿਸਾਨਾਂ ਦਾ ਹਿੱਤ ਘੱਟ ਅਤੇ ਕਾਰਪੋਰੇਟ ਘਰਾਣਿਆਂ ਦਾ ਹਿੱਤ ਜਿਆਦਾ ਦਿਖ ਰਿਹਾ ਹੈ..॥ਸਰਕਾਰ ਤਾਂ ਕਿਸਾਨਾਂ ਨੂੰ ਫਸਲਾਂ ਦਾ ਸਹੀ ਮੁੱਲ ਦੇ ਨਹੀਂ ਰਹੀ ਫੇਰ ਕੱਲ ਨੂੰ ਪ੍ਰਾਈਵੇਟ ਕੰਪਨੀਆਂ ਤੋਂ ਕੀ ਉਮੀਦ ਲਗਾਈ ਜਾ ਸਕਦੀ ਹੈ..॥ਫੇਰ ਤਾਂ ਪ੍ਰਾਈਵੇਟ ਕੰਪਨੀਆਂ ਆਪਣੀ ਮਰਜ਼ੀ ਦਾ ਰੇਟ ਲਗਾਇਆ ਕਰਨਗੀਆਂ ਜਿਸ ਨਾਲ ਕਿਸਾਨ ਤਾਂ ਪ੍ਰਾਈਵੇਟ ਕੰਪਨੀਆਂ ਦੀ ਰਹਿਮੋ ਕਰਮ ਤੇ ਰਹਿ ਜਾਵੇਗਾ..॥ਉਹਨਾਂ ਕਿਹਾ ਕਿ ਸਾਡੀ ਸੰਸਥਾ ਇੱਕ ਗੈਰ ਰਾਜਨੀਤਿਕ ਸੰਸਥਾ ਹੈ ਜਿਸ ਦਾ ਰਾਜਨੀਤੀ ਨਾਲ ਜਾਂ ਕਿਸੇ ਰਾਜਨੀਤਿਕ ਪਾਰਟੀ ਨਾਲ ਕੋਈ ਸਬੰਧ ਨਹੀਂ ਪਰੰਤੂ ਅੱਜ ਧੱਕਾ ਕਿਸਾਨਾਂ ਨਾਲ ਹੋ ਰਿਹਾ ਹੈ ਜੋ ਸਾਡੇ ਦੇਸ਼ ਸਮੇਤ ਅੱਧੀ ਦੁਨੀਆਂ ਦਾ ਅੰਨਦਾਤਾ ਹੈ..॥ਜੇਕਰ ਅੱਜ ਵੀ ਅਸੀਂ ਚੁੱਪ ਬੈਠੇ ਰਹੇ ਤਾਂ ਕਿਸਾਨਾਂ ਲਈ ਠੀਕ ਨਹੀਂ ਹੋਵੇਗਾ..॥ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਕਿਸਾਨਾਂ ਵਲੋੰ ਆਉਂਦੇ ਸ਼ੁੱਕਰਵਾਰ ਨੂੰ ਬੰਦ ਦਾ ਜੋ ਐਲਾਨ ਕੀਤਾ ਗਿਆ ਹੈ ਉਸਦਾ ਸਮਰਥਨ ਕਰਨਾ ਚਾਹੀਦਾ ਹੈ ਅਤੇ ਯੂਥ ਆਫ ਪੰਜਾਬ ਕਿਸਾਨਾਂ ਦੇ ਇਸ ਸੰਗਰਸ਼ ਵਿੱਚ ਹਰ ਤਰੀਕੇ ਨਾਲ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜਾ ਰਹੇਗਾ..॥ਉਹਨਾਂ ਕਿਹਾ ਕਿ ਇਸ ਮਹੀਨੇ ਦੀ 25 ਤਰੀਕ ਦਿਨ ਸ਼ੁੱਕਰਵਾਰ ਨੂੰ ਯੂਥ ਆਫ ਪੰਜਾਬ ਵਲੋਂ ਕਿਸਾਨਾਂ ਦੇ ਹੱਕ ਵਿੱਚ ਧਰਨਾ ਵੀ ਲਗਾਇਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ ਜਾਵੇਗਾ..॥ ਇਸ ਮੌਕੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਤੋਂ ਇਲਾਵਾ ਸਰਪ੍ਰਸਤ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਪ੍ਰਧਾਨ ਰਮਾਂਕਾਤ ਕਾਲੀਆ, ਮੀਤ ਪ੍ਰਧਾਨ ਬੱਬੂ ਮੋਹਾਲੀ, ਚੀਫ ਕੁਆਰਡੀਨੇਟਰ ਜੱਗੀ ਧਨੋਆ, ਜਰਨਲ ਸਕੱਤਰ ਲੱਕੀ ਕਲਸੀ, ਪ੍ਰੈਸ ਸਕੱਤਰ ਕਾਕਾ ਰਣਜੀਤ, ਸਕੱਤਰ ਅਮ੍ਰਿਤ ਜੌਲੀ ਅਤੇ ਸਤਨਾਮ ਧੀਮਾਨ, ਜਿਲ੍ਹਾ ਪ੍ਰਧਾਨ ਗੁਰਜੀਤ ਮਟੌਰ, ਲੀਗਲ ਸੈੱਲ ਇੰਚਾਰਜ ਮੈਡਮ ਸਿਮਰਨਜੀਤ ਕੌਰ ਗਿੱਲ ਸਮੇਤ ਹੋਰ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਹਾਜ਼ਰ ਸਨ..॥