ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਜ਼ਿਲ੍ਹਾ ਪਟਿਆਲਾ ਅੰਦਰ ਸਾਰੇ ਧਾਰਮਿਕ ਅਸਥਾਨ ਆਮ ਲੋਕਾਂ ਲਈ ਬੰਦ ਰੱਖਣ ਦੇ ਹੁਕਮ
-ਕੋਈ ਵੀ ਧਾਰਮਿਕ ਇਕੱਠ ਕਰਨ ਦੀ ਇਜ਼ਾਜਤ ਨਹੀਂ ਹੋਵੇਗੀ-ਜ਼ਿਲ੍ਹਾ ਮੈਜਿਸਟਰੇਟ
-ਡਿਜ਼ਾਸਟਰ ਮੈਨੇਜਮੈਂਟ ਐਕਟ 2005 ਤਹਿਤ ਜਾਰੀ ਹੁਕਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ-ਜ਼ਿਲ੍ਹਾ ਮੈਜਿਸਟਰੇਟ
-ਜ਼ਿਲ੍ਹਾ ਮੈਜਿਸਟਰੇਟ ਵੱਲੋਂ ਲੋਕਾਂ ਨੂੰ ਕੋਵਿਡ-19 ਨੂੰ ਫੈਲਣ ਤੋਂ ਲਗਾਏ ਕਰਫਿਊ ਦੀ ਉਲੰਘਣਾ ਨਾ ਕਰਨ ਦੀ ਅਪੀਲ
ਪਟਿਆਲਾ, 10 ਅਪ੍ਰੈਲ:
ਕੋਰੋਨਾਵਾਇਰਸ ਕੋਵਿਡ-19 ਦੇ ਜੀਵਾਣੂ ਤੋਂ ਬਿਮਾਰੀ ਤੋਂ ਬਚਾਅ ਅਤੇ ਇਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਪਟਿਆਲਾ ਵਿਖੇ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਵੱਲੋਂ 23 ਮਾਰਚ ਤੋਂ ਅਗਲੇ ਹੁਕਮਾਂ ਤੱਕ ਕਰਫਿਊ ਲਗਾਇਆ ਗਿਆ ਹੈ। ਇਸ ਦੌਰਾਨ ਜ਼ਿਲ੍ਹਾ ਮੈਜਿਸਟਰੇਟ ਨੇ ਡਿਜ਼ਾਸਟਰ ਮੈਨੇਜਮੈਂਟ ਐਕਟ-2005 ਤਹਿਤ ਜ਼ਿਲ੍ਹਾ ਪਟਿਆਲਾ ਦੀ ਹੱਦ ਵਿੱਚ ਪੈਂਦੇ ਸਮੂਹ ਧਾਰਮਿਕ ਅਸਥਾਨਾਂ ਨੂੰ ਅਗਲੇ ਹੁਕਮਾਂ ਤੱਕ ਆਮ ਲੋਕਾਂ ਲਈ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਇਸ ਤੋਂ ਬਿਨ੍ਹਾਂ ਜ਼ਿਲ੍ਹੇ ਵਿੱਚ ਕੋਈ ਵੀ ਧਾਰਮਿਕ ਇਕੱਠ ਵੀ ਨਹੀਂ ਹੋਵੇਗਾ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾਵਾਇਰਸ ਦੀ ਬਿਮਾਰੀ ਨੂੰ ਰੋਕਣ ਲਈ ਐਪੀਡੈਮਿਕ ਡੀਸੀਜ਼ ਐਕਟ 1897 ਅਧੀਨ ਜਾਰੀ ਦਿਸ਼ਾ ਨਿਰਦੇਸ਼ 5 ਮਾਰਚ 2020 ਤੋਂ ਹੀ ਲਾਗੂ ਹਨ। ਜਦੋਂਕਿ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵੱਲੋਂ ਮਿਤੀ 9 ਅਪ੍ਰੈਲ 2020 ਨੂੰ ਜਾਰੀ ਹੁਕਮਾਂ ਮੁਤਾਬਕ ਪੰਜਾਬ ਦੇ ਸਾਰੇ ਧਾਰਮਿਕ ਅਸਥਾਨਾਂ ਨੂੰ ਆਮ ਲੋਕਾਂ ਲਈ ਬੰਦ ਕਰਨ ਅਤੇ ਕੋਈ ਵੀ ਧਾਰਮਿਕ ਇਕੱਠ ਨਾ ਕਰਨ ਲਈ ਪਾਬੰਦੀ ਲਗਾਈ ਗਈ ਹੈ।
ਇਨ੍ਹਾਂ ਹੁਕਮਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਨੇ ਅੱਜ ਮਿਤੀ 10 ਅਪ੍ਰੈਲ 2020 ਨੂੰ ਉਕਤ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ, ਸਮੂਹ ਉਪ ਮੰਡਲ ਮੈਜਿਸਟਰੇਟਾਂ ਨੂੰ ਇਨ੍ਹਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਜ਼ਿਲ੍ਹੇ ਦੇ ਸਮੂਹ ਧਾਰਮਿਕ ਅਸਥਾਨਾਂ ਦੇ ਪ੍ਰਬੰਧਕਾਂ ਅਤੇ ਧਾਰਮਿਕ ਆਗੂਆਂ ਨੂੰ ਇਹ ਹੁਕਮ ਭੇਜ ਕੇ ਇਨ੍ਹਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਸਮੂਹ ਧਾਰਮਿਕ ਅਸਥਾਨਾਂ ਦੇ ਪ੍ਰਬੰਧਕ ਅਤੇ ਧਾਰਮਿਕ ਆਗੂ ਆਮ ਲੋਕਾਂ ਦੀ ਭਲਾਈ ਲਈ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਲਈ ਅੱਗੇ ਆਉਣ ਅਤੇ ਲੋਕਾਂ ਨੂੰ ਸਮਝਾਉਣ ਕਿ ਉਹ ਆਪਣੇ ਘਰਾਂ ਵਿੱਚ ਹੀ ਰਹਿਣ ਤਾਂ ਕਿ ਉਨ੍ਹਾਂ ਦੀ ਖ਼ੁਦ ਦੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਜਾਨ ਦੀ ਸਲਾਮਤੀ ਰਹਿਣ ਸਮੇਤ ਸਮੁੱਚੇ ਸਮਾਜ ਦੀ ਹਿਫ਼ਾਜ਼ਤ ਹੋ ਸਕੇ।
ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਨੇ ਆਮ ਲੋਕਾਂ ਨੇ ਇਸ ਭਿਆਨਕ ਮਹਾਂਮਾਰੀ ਕੋਵਿਡ-19 ਦੀ ਰੋਕਥਾਮ ਲਈ ਆਪਣਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਜਨਤਕ ਹਿੱਤਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ, ਜਿਸ ਲਈ ਆਮ ਲੋਕ ਇਸ ਦੀ ਪਾਲਣਾ ਕਰਨੀ ਯਕੀਨੀ ਬਣਾਉਣ।

LEAVE A REPLY

Please enter your comment!
Please enter your name here