ਮਾਜਰੀ13 ਅਗਸਤ (ਮਾਰਸ਼ਲ ਨਿਊਜ਼) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਕਿਸਾਨਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਝੋਨੇ/ਮੱਕੀ ਦੀ ਫਸਲ ਤੇ ਕੀੜੇ-ਮਕੌੜੇ ਅਤੇ ਬਿਮਾਰੀਆਂ ਦੇ ਹਮਲੇ ਬਾਰੇ ਸੁਚੇਤ ਰਹਿਕੇ ਨਿਰੰਤਰ ਸਰਵੇ ਕਰਦੇ ਰਹਿਣਾ ਚਾਹੀਦਾ ਹੈ। ਡਾਂ ਸੁਤੰਤਰ ਕੁਮਾਰ ਐਰੀ ਡਾਇਰੈਕਟਰ ਖੇਤੀਬਾੜੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਮਾਜਰੀ ਦੀ ਟੀਮ ਨੇ ਪਿੰਡ ਦੁਸਾਰਨਾ,ਖੈਰਪੁਰ, ਮਾਜਰੀ, ਬੂਥਗੜ੍ਹ ਅਤੇ ਕੰਸਾਲਾ ਵਿਖੇ ਝੋਨੇ ਦੀ ਸਿੱਧੀ ਬਿਜਾਈ ਅਤੇ ਵੱਟਾ ਤੇ ਬਿਜਾਈ ਦੇ ਖੇਤਾਂ ਦਾ ਨਿਰੀਖਣ ਕਰਦੇ ਹੋਏ ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋ ਮੀਂਹਾਂ ਤੋਂ ਮੌਸਮ ਵਿੱਚ ਨਮੀਂ ਅਤੇ ਗਰਮਾਇਸ( ਹੁੰਮਸ) ਵੱਧਣ ਕਾਰਣ ਝੋਨੇ ਦੀ ਫਸਲ ਵਿੱਚ ਸ਼ੀਥ ਬਲਾਈਟ ( ਤਣੇ ਦੁਆਲੇ ਪੱਤੇ ਦਾ ਝੁਲਸ ਰੋਗ) ਦੀ ਬਿਮਾਰੀ ਦਾ ਹਮਲਾ ਹੋ ਸਕਦਾ ਹੈ ਇਸ ਬਿਮਾਰੀ ਨਾਲ ਪੱਤੇ ਦੀ ਸ਼ੀਥ ਤੇ ਸਲੇਟੀ ਤੋਂ ਹਰੇ ਰੰਗ ਦੇ ਜਾਮਣੀ ਕੋਨਿਆਂ ਵਾਲੇ ਧੱਬੇ, ਪਾਣੀ ਦੀ ਸਤਹ ਤੋਂ ਉੱਪਰ ਪੈ ਜਾਂਦੇ ਹਨ ਅਤੇ ਇਹ ਧੱਬੇ ਬਾਅਦ ਵਿੱਚ ਵੱਧ ਕੇ ਇਕ ਦੂਸਰੇ ਨਾਲ ਮਿਲ ਜਾਂਦੇ ਹਨ।ਬਿਮਾਰੀ ਦੀਆਂ ਨਿਸ਼ਾਨੀਆਂ ਆਮ ਕਰਕੇ ਧੋੜੀਆਂ ਚ ਨਜਰ ਆਉਣ ਤਾਂ ਇਸ ਬਿਮਾਰੀ ਦੀ ਰੋਕਥਾਮ ਅਤੇ ਉਪਾਅ ਸਬੰਧੀ ਪਹਿਲਾਂ ਇਨ੍ਹਾਂ ਗੱਲਾ ਦਾ ਖਿਆਲ ਰਖਿਆ ਜਾਵੇ। ਯੂਰੀਆ ਖਾਦ ਦੀ ਵਰਤੋਂ ਸਿਫਾਰਸ਼ ਮੁਤਾਬਿਕ ਕੀਤੀ ਜਾਵੇ ,ਲੋੜ ਤੋਂ ਵੱਧ ਖਾਦ ਫਸਲ ਦਾ ਨੁਕਸਾਨ ਕਰਦੀ ਹੈ। ਝੋਨੇ ਵਿੱਚ ਪਾਣੀ ਲਗਾਤਾਰ ਨਾ ਖੜਾਉ, ਪਾਣੀ ਜੀਰਣ ਤੋਂ 3-4 ਦਿਨਾਂ ਦੇ ਵਕਫੇ ਤੇ ਜਮੀਨ ਦੀ ਬਣਤਰ ਦੇ ਹਿਸਾਬ ਨਾਲ ਪਾਣੀ ਲਾਉ।ਇਹ ਬਿਮਾਰੀ ਵੱਟਾ ਤੋਂ ਸ਼ੁਰੂ ਹੁੰਦੀ ਹੈ, ਇਸ ਲਈ ਵੱਟਾ ਸਾਫ ਰੱਖੋ। ਇਹ ਬਿਮਾਰੀ ਨਜਰ ਆਉਂਦੇ ਸਾਰ ਇਸ ਦੀ ਰੋਕਥਾਮ ਲਈ 400 ਮਿਲੀਲਿਟਰ ਲੀਟਰ ਗਲੀਲਿਓ ਵੇਅ ਜਾਂ 200 ਮਿਲੀਲਿਟਰ ਲੀਟਰ ਐਮੀਸਟਾਰ ਟੌਪ ਜਾਂ 200 ਮਿਲੀਲਿਟਰ ਲੀਟਰ ਫੌਲੀਕਰ/ ਓਰੀਅਸ ਜਾਂ 80 ਗ੍ਰਾਮ ਨਟੀਵੋ ਜਾਂ 200 ਮਿ ਲੀ ਮੋਨਸਰਨ ਜਾਂ 320 ਮਿ ਲੀ ਲਸਚਰ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕੀਤੀ ਜਾਵੇ। ਬਿਮਾਰੀ ਤੇ ਚੰਗੀ ਤਰ੍ਹਾਂ ਕਾਬੂ ਪਾਉਣ ਲਈ ਸਪਰੇਅ ਬੂਟਿਆਂ ਦੇ ਮੁੱਢਾਂ ਵੱਲ ਰੱਖ ਕੇ ਕੀਤਾ ਜਾਵੇ ਅਤੇ ਲੋੜ ਪੈਣ ਤੇ ਦੂਜਾ ਸਪਰੇਅ 15 ਦਿਨਾਂ ਦੇ ਵਕਫੇ ਤੇ ਕੀਤੀ ਜਾਵੇ। ਹਮੇਸ਼ਾ ਖੇਤੀ ਮਾਹਿਰਾਂ ਦੁਆਰਾ ਸਿਫਾਰਿਸ਼ ਕੀਤੀਆਂ ਦਵਾਈਆਂ ਦੀ ਵਰਤੋਂ ਕੀਤੀ ਜਾਵੇ ਅਤੇ ਲੋੜ ਪੈਣ ਤੇ ਮਾਹਿਰਾਂ ਨਾਲ ਵਾਹ- ਵਾਸਤਾ ਰੱਖਿਆ ਜਾਵੇ। ਇਸ ਮੌਕੇ ਵਿਭਾਗ ਦੇ ਕੁਲਦੀਪ ਸਿੰਘ ਏ ਐਸ ਆਈ, ਸਵਿੰਦਰ ਕੁਮਾਰ ਏ ਟੀ ਐਮ ਅਤੇ ਕਿਸਾਨ ਹਾਜਰ ਸਨ।