ਹਾਂਗਕਾਂਗ ਦੀ ਅਦਾਲਤ ਨੇ ਨਾਭਾ ਜੇਲ ਤੋੜਣ ਦੇ ਮੁੱਖ ਸਾਜ਼ਿਸ਼ਕਾਰ ਰੋਮੀ ਦੀ ਹਵਾਲਗੀ ਸਬੰਧੀ ਭਾਰਤ ਸਰਕਾਰ ਦੀ ਬੇਨਤੀ ਨੂੰ ਪ੍ਰਵਾਨ ਕੀਤਾ
ਚੰਡੀਗੜ, 19 ਨਵੰਬਰ:
ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਸਾਂਝੇ ਯਤਨਾਂ ਸਦਕਾ ਹਾਂਗਕਾਂਗ ਦੀ ਅਦਾਲਤ ਨੇ ਨਾਭਾ ਜੇਲ ਤੋੜਣ ਦੇ ਮੁੱਖ ਸਾਜ਼ਿਸ਼ਕਾਰ ਅਤੇ ਹੋਰ ਕਈ ਵੱਡੇ ਅਪਰਾਧਾਂ ਵਿੱਚ ਸ਼ਾਮਲ ਭਗੌੜੇ ਰਮਨਜੀਤ ਸਿੰਘ ਉਰਫ਼ ਰੋਮੀ ਦੀ ਹਵਾਲਗੀ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ।
ਇਹ ਭਗੌੜਾ ਨਸ਼ਿਆਂ ਦੇ ਕਾਰੋਬਾਰ ਦੀ ਵੱਡੀ ਮੱਛੀ ਹੈ ਜੋ 27 ਨਵੰਬਰ, 2016 ਨੂੰ ਅਤਿ ਸੁਰੱਖਿਅਤ ਨਾਭਾ ਜੇਲ ਨੂੰ ਤੋੜਣ ਵਿੱਚ ਸਾਜਿਸ਼ ਘੜਣ ਵਰਗੇ ਘਿਨਾਉਣੇ ਜੁਰਮਾਂ ਦੇ ਮਾਮਲਿਆਂ ਵਿੱਚ ਲੋੜੀਂਦਾ ਹੈ। ਉਸ ਨੂੰ ਵੱਖ-ਵੱਖ ਬੈਂਕਾਂ ਦੇ ਸਰਗਰਮ ਨਾ ਹੋਣ ਵਾਲੇ ਖਾਤਿਆਂ ਦੇ ਡਾਟੇ ’ਤੇ ਅਧਾਰਿਤ ਜਾਅਲੀ ਕ੍ਰੈਡਿਟ ਕਾਰਡ ਬਣਾਉਣ ਅਤੇ ਹਥਿਆਰਾਂ ਦੀ ਬਰਾਮਦਗੀ ਦੇ ਸਬੰਧ ਵਿੱਚ ਪੁਲਿਸ ਥਾਣਾ ਕੋਤਵਾਲੀ ਵਿੱਚ ਦਰਜ ਐਫ.ਆਈ.ਆਰ. 60/16 ਵਿੱਚ ਜੂਨ, 2016 ਨੂੰ ਗਿ੍ਰਫਤਾਰ ਕੀਤਾ ਗਿਆ ਸੀ। ਅਗਸਤ, 2016 ਵਿੱਚ ਉਸ ਨੂੰ ਜ਼ਮਾਨਤ ਮਿਲ ਗਈ ਅਤੇ ਜ਼ਮਾਨਤੀ ਹੁਕਮਾਂ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਤੋਂ ਬਾਅਦ ਉਹ ਹਾਂਗਕਾਂਗ ਨੂੰ ਫਰਾਰ ਹੋ ਗਿਆ।
ਕਈ ਕਤਲ ਕੇਸਾਂ ਦਾ ਦੋਸ਼ੀ ਖਤਰਨਾਕ ਅਪਰਾਧੀ ਰਮਨਜੀਤ ਉਰਫ ਰਮੀ ਮਸਹਾਨਾ ਦਾ ਰਿਸ਼ਤੇਦਾਰੀ ਦਾ ਭਰਾ ਰੋਮੀ ਨੂੰ ਗਿ੍ਰਫਤਾਰ ਕਰਨ ਤੋਂ ਬਾਅਦ ਅਤਿ ਸੁਰੱਖਿਅਤ ਨਾਭਾ ਜੇਲ ਵਿੱਚ ਬੰਦ ਕੀਤਾ ਗਿਆ ਸੀ ਜਿੱਥੇ ਉਸ ਨੇ ਖਤਰਨਾਕ ਅਪਰਾਧੀਆਂ ਤੇ ਅੱਤਵਾਦੀਆਂ ਨਾਲ ਸੰਪਰਕ ਬਣਾਇਆ। ਜ਼ਿਲਾ ਬਠਿੰਡਾ ਦੇ ਪਿੰਡ ਬੰਗੀ ਰੁਲਦੂ ਦੇ ਰਮਨਜੀਤ ਸਿੰਘ ਉਰਫ਼ ਰੋਮੀ ਪੁੱਤਰ ਬਲਬੀਰ ਸਿੰਘ ਨੇ ਦੋ ਅੱਤਵਾਦੀਆਂ ਸਮੇਤ ਛੇ ਖਤਰਨਾਕ ਅਪਰਾਧੀਆਂ ਨੂੰ ਨਾਭਾ ਜੇਲ ਵਿੱਚੋਂ ਭਜਾਉਣ ਦੀ ਸਾਜਿਸ਼ ਘੜੀ।
27 ਨਵੰਬਰ, 2016 ਨੂੰ 16 ਅਪਰਾਧੀਆਂ ਨੇ ਨਾਭਾ ਜੇਲ ’ਤੇ ਹਮਲਾ ਕੀਤਾ ਅਤੇ ਅੰਨੇਵਾਹ ਗੋਲੀਆਂ ਚਲਾਈਆਂ ਜਿਸ ਦੌਰਾਨ ਛੇ ਅਤਿ ਲੋੜੀਂਦੇ ਅਪਰਾਧੀਆਂ ਨੂੰ ਭਜਾਉਣ ਵਿੱਚ ਮਦਦ ਕੀਤੀ। ਇਨਾਂ ਅਪਰਾਧੀਆਂ ਵਿੱਚ ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ, ਨੀਟਾ ਦਿਓਲ, ਗੁਰਪ੍ਰੀਤ ਸੇਖੋਂ, ਅਮਨ ਢੋਟੀਆਂ ਅਤੇ ਦੋ ਅੱਤਵਾਦੀਆਂ ਹਰਮਿੰਦਰ ਮਿੰਟੂ ਅਤੇ ਕਸ਼ਮੀਰ ਸਿੰਘ ਗੱਲਵੱਡੀ ਸ਼ਾਮਲ ਸਨ।
ਇਸ ਘਟਨਾ ਤੋਂ ਤੁਰੰਤ ਬਾਅਦ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਜੋ ਉਸ ਵੇਲੇ ਡੀ.ਜੀ.ਪੀ. ਇੰਟੈਲੀਜੈਂਸ ਸਨ, ਦੀ ਨਿਗਰਾਨੀ ਹੇਠ ਵਿਸਥਾਰਤ ਜਾਂਚ ਸ਼ੁਰੂ ਕੀਤੀ ਗਈ।
ਜਾਂਚ ਦੌਰਾਨ ਵੱਖ-ਵੱਖ ਯੋਜਨਾਬੱਧ ਓਪਰੇਸ਼ਨਾਂ ਰਾਹੀਂ ਪੁਲਿਸ ਵੱਲੋਂ 32 ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ ਗਿਆ। ਇਨਾਂ ਓਪਰੇਸ਼ਨਾਂ ਨੂੰ ਏ.ਆਈ.ਜੀ. ਕਾਉਂਟਰ ਇੰਟੈਲੀਜੈਂਸ ਗੁਰਮੀਤ ਸਿੰਘ ਚੌਹਾਨ ਜੋ ਉਸ ਵੇਲੇ ਪਟਿਆਲਾ ਦੇ ਐਸ.ਪੀ. ਇਨਵੈਸਟੀਗੇਸ਼ਨ ਸਨ ਅਤੇ ਹੁਣ ਮੋਹਾਲੀ ਸ਼ਹਿਰ ਦੇ ਐਸ.ਪੀ. ਹਰਵਿੰਦਰ ਵਿਰਕ ਅਤੇ ਉਸ ਵੇਲੇ ਦੇ ਸੀ.ਆਈ.ਏ. ਇੰਚਾਰਜ ਪਟਿਆਲਾ ਅਤੇ ਹੁਣ ਡੀ.ਐਸ.ਪੀ. ਬਿਕਰਮਜੀਤ ਬਰਾੜ ਵੱਲੋਂ ਸਫ਼ਲਤਾ ਨਾਲ ਚਲਾਇਆ ਗਿਆ।
ਇਕ ਬੁਲਾਰੇ ਨੇ ਦੱਸਿਆ ਕਿ ਰਮਨਜੀਤ ਉਰਫ਼ ਰੋਮੀ ਖਿਲਾਫ਼ ਹਵਾਲਗੀ ਦੀ ਕਾਰਵਾਈ ਸਾਲ 2018 ਵਿੱਚ ਸ਼ੁਰੂ ਕੀਤੀ ਗਈ ਜਦੋਂ ਉਸ ਨੂੰ ਹਾਂਗਕਾਂਗ ਵਿੱਚ ਗਿ੍ਰਫਤਾਰ ਕੀਤਾ ਗਿਆ ਸੀ। ਜੂਨ, 2018 ਵਿੱਚ ਕੇਸ ਦੀ ਪੈਰਵੀ ਕਰਨ ਲਈ ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਗੁਰਮੀਤ ਸਿੰਘ ਚੌਹਾਨ, ਹਰਵਿੰਦਰ ਸਿੰਘ ਵਿਰਕ ਅਤੇ ਜ਼ਿਲਾ ਅਟਾਰਨੀ ਸੰਜੀਵ ਗੁਪਤਾ ’ਤੇ ਆਧਾਰਤ ਟੀਮ ਹਾਂਗਕਾਂਗ ਗਈ ਅਤੇ ਕੋਤਵਾਲੀ ਨਾਭਾ ਵਿਖੇ ਦਰਜ ਵੱਖ-ਵੱਖ ਮਾਮਲਿਆਂ ’ਚ ਭਗੌੜੇ ਦੀ ਆਰਜ਼ੀ ਗਿ੍ਰਫਤਾਰੀ ਸੁਰੱਖਿਅਤ ਬਣਾਈ।
ਹਰਵਿੰਦਰ ਸਿੰਘ ਵਿਰਕ ਨੇ ਹਾਂਗਕਾਂਗ ਅਤੇ ਭਾਰਤ ਦੀਆਂ ਕਾਨੂੰਨੀ ਲੋੜਾਂ ਮੁਤਾਬਕ ਇਸ ਸਬੰਧ ਵਿੱਚ ਮਜ਼ਬੂਤ ਕੇਸ ਤਿਆਰ ਕੀਤਾ ਅਤੇ ਇਸ ਕੇਸ ਦੇ ਸਬੰਧ ਵਿੱਚ ਉਨਾਂ ਨੇ ਨਿੱਜੀ ਤੌਰ ’ਤੇ ਕਈ ਵਾਰ ਹਾਂਗਕਾਂਗ ਦੇ ਨਿਆਂ ਵਿਭਾਗ ਦਾ ਦੌਰਾ ਕੀਤਾ। ਇਸ ਪੁਲਿਸ ਅਧਿਕਾਰੀ ਨੇ ਰੋਮੀ ਵੱਲੋਂ ਪੁਲਿਸ ਹਿਰਾਸਤ ਦੌਰਾਨ ਬਿਕਰਮਜੀਤ ਬਰਾੜ ਅਤੇ ਸੀ.ਆਈ.ਏ. ਦੀ ਟੀਮ ਵੱਲੋਂ ਤਸ਼ੱਦਦ ਢਾਹੁਣ ਦੇ ਲਾਏ ਝੂਠੇ ਦੋਸ਼ਾਂ ਦਾ ਖੰਡਨ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ। ਪੰਜਾਬ ਪੁਲਿਸ ਵੱਲੋਂ ਹੋਰ ਸਬੂਤ ਵੀ ਇਕੱਤਰ ਕੀਤੇ ਗਏ।
ਇਹ ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਅਤੇ ਭਗੌੜੇ ਹੋ ਚੁੱਕੇ ਰੋਮੀ ਦੇ ਸਬੰਧ ਵਿੱਚ, ਭਾਰਤ ਸਰਕਾਰ ਅਤੇ ਹਾਂਗ ਕਾਂਗ ਦੀ ਸਰਕਾਰ ਦਰਮਿਆਨ 28 ਜੂਨ, 1997 ਨੂੰ ਹਾਂਗਕਾਂਗ ਵਿੱਚ ਹਸਤਾਖਰ ਕੀਤੀ ਗਈ ਦੋ-ਪੱਖੀ ਹਵਾਲਗੀ ਸੰਧੀ ਦੇ ਆਰਟੀਕਲ 10 ਦੇ ਤਹਿਤ ਆਰਜ਼ੀ ਗਿ੍ਰਫਤਾਰੀ ਲਈ ਰਸਮੀ ਬੇਨਤੀ ਕੀਤੀ ਸੀ । ਇਸ ਬੇਨਤੀ ਵਿਚ ਰੋਮੀ ਦੀ ਭਾਰਤ ਵਿਚ ਅੱਤਵਾਦੀ ਗਤੀਵਿਧੀਆਂ ਨੂੰ ਵਧਾਉਣ ਲਈ ਅਤੇ ਡਾਕੇ, ਕਤਲ, ਜ਼ਬਰਦਸਤੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਵਰਗੇ ਜੁਰਮਾਂ ਦੇ ਨਾਲ ਨਾਲ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਕੱਟੜ ਅਪਰਾਧੀਆਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਦੇ ਦੋਸ਼ ਵਿਚ ਸ਼ਾਮਲ ਹੋਣ ਦਾ ਹਵਾਲਾ ਦਿੱਤਾ ਗਿਆ ਸੀ ।
ਰੋਮੀ ਦੀ ਹਵਾਲਗੀ ਅਤਿ ਲੋੜੀਂਦੀ ਹੋਣ ਦਾ ਜ਼ਿਕਰ ਕਰਦਿਆਂ ਪੰਜਾਬ ਪੁਲਿਸ ਨੇ ਦੱਸਿਆ ਕਿ ਜਾਂਚ ਅਤੇ ਮਿੰਟੂ ਸਮੇਤ ਗਿ੍ਰਫਤਾਰ ਵਿਅਕਤੀਆਂ ਦੀ ਪੁੱਛਗਿੱਛ ਦੌਰਾਨ ਇਹ ਤੱਥ ਸਾਹਮਣੇ ਆਇਆ ਕਿ ਮੁੱਖ ਸਾਜ਼ਿਸ਼ਕਰਤਾ ਰੋਮੀ ਸੀ ਜਿਸ ਨੇ ਅਤਿ ਸੁਰੱਖਿਅਤ ਨਾਭਾ ਜੇਲ ’ਤੇ ਹਮਲੇ ਲਈ ਤਾਲਮੇਲ ਕਾਇਮ ਕੀਤਾ ਅਤੇ ਜੇਲ ਤੋੜਣ ਤੋਂ ਬਾਅਦ ਭੱਜਣ ਵਾਲੇ ਅਪਰਾਧੀਆਂ ਨੂੰ ਵਿੱਤੀ ਅਤੇ ਹੋਰ ਸਹਾਇਤਾ ਮੁਹੱਈਆ ਕਰਵਾਈ। ਸੂਬੇ ਦੀ ਪੁਲਿਸ ਨੇ ਇਹ ਵੀ ਦੱਸਿਆ ਕਿ ਰੋਮੀ ਅਜੇ ਵੀ ਭਗੌੜਾ ਹੈ ਅਤੇ ਹਾਂਗਕਾਂਗ ਵਿੱਚ ਰਹਿ ਰਿਹਾ ਹੈ ਅਤੇ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੈ ਜਿਸ ਕਰਕੇ ਉਹ ਕੌਮੀ ਸੁਰੱਖਿਆ ਲਈ ਖਤਰਾ ਹੈ ਅਤੇ ਉਸ ਨੂੰ ਫੌਰੀ ਤੌਰ ’ਤੇ ਗਿ੍ਰਫਤਾਰ ਕਰਨ ਦੀ ਜ਼ਰੂਰਤ ਹੈ।

LEAVE A REPLY

Please enter your comment!
Please enter your name here