‘ਬੱਚਾ ਪਾਰਟੀ’ ਸਮਝੀ ਜਾਂਦੀ ਜਜਪਾ ਬਣੀ ਕਿੰਗਮੇਕਰ

ਚੰਡੀਗੜ੍ਹ
ਮਾਰਸ਼ਲ ਨਿਊਜ਼

ਪੰਜਾਬ ਅਤੇ ਹਰਿਆਣਾ ਵਿਚ ਜਿਸ ਤਰਾਂ ਨਾਲ ਕਾਂਗਰਸ ਨੇ ਵਾਪਸੀ ਕੀਤੀ ਹੈ, ਉਸ ਤੋਂ ਭਵਿੱਖ ਵਿਚ ਇਕ ਗੱਲ ਤਾਂ ਤੈਅ ਜਾਪਦੀ ਹੈ ਕਿ 2022 ਵਿਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਦੇ ਨਤੀਜੇ ਮੋਦੀ ਮੁਕਤ ਹੋ ਸਕਦੇ ਹਨ| ਕਿਉਂਕਿ ਪੰਜਾਬ ਵਿਚ ਚਾਰ ਵਿਧਾਨ ਸਭਾ ਵਿਚੋਂ ਤਿੰਨ ਤੇ ਕਾਂਗਰਸ ਦੀ ਫਤਿਹ ਹੋ ਚੁਕੀ ਹੈ ਅਤੇ ਇਸੇ ਤਰਾਂ ਅਜੇ ਕੁਝ ਦਿਨ ਪਹਿਲਾਂ ਹੀ ਜਿਸ ਪ੍ਰਕਾਰ ਮੀਡੀਆ ਵਲੋਂ ਹਰਿਆਣਾ ਵਿਚ ਏਕਤਰਫ਼ਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਸਨ, ਉਸ ਲੋਕਮਤ ਨੇ ਦਿਖਾ ਦਿੱਤੋ ਹੈ ਕਿ ਅਸਲੀ ਤਾਕਤ ਵੋਟਰ ਦੇ ਹੱਥ ਵਿਚ ਹੀ ਹੈ ਨਾ ਕਿ ਮੀਡੀਆ ਦੇ ਦਾਅਵਿਆਂ ਵਿਚ| 90 ਵਿਧਾਨ ਸਭਾ ਸੀਟਾਂ ਦੀ ਅਸੇੰਬਲੀ ਵਾਲੇ ਪ੍ਰਦੇਸ਼ ਹਰਿਆਣਾ ਵਿਚ ਭਾਰਤੀ ਜਨਤਾ ਪਾਰਟੀ ਜਿਥੇ 41 ਸੀਟਾਂ ‘ਤੇ ਜੇਤੂ ਚਲ ਰਹੀ ਹੈ ਉਥੇ ਕਾਂਗਰਸ ਵੀ 31 ਸੀਟਾਂ ‘ਤੇ ਜਿੱਤ ਹਾਸਲ ਕਰ ਕੇ ਮੁਖ ਮੰਤਰੀ ਦੀ ਕੁਰਸੀ ਵੱਲ ਵੱਧ ਰਹੀ ਹੈ| ਇਸ ਵਿਚ ਸਭ ਤੋਂ ਰੋਚਕ ਇਹ ਗੱਲ ਹੈ ਕਿ ਅਜੇ ਰਾਜਨੀਤਕ ਗਲਿਆਰਿਆਂ ਵਿਚ 8 ਮਹੀਨੇ ਵਿਚ ਪਹਿਲਾਂ ਹੋਂਦ ਵਿਚ ਆਈ ਦੁਸ਼ਯੰਤ ਚੌਟਾਲਾ ਦੀ ਜਜਪਾ ਪਾਰਟੀ ਨੂੰ ਛੋਟੇ ਤੇ ਵੱਡਾ ਨੇਤਾ ਬੱਚਾ ਪਾਰਟੀ ਕਰਾਰ ਦੇ ਰਿਹਾ ਸੀ, ਹੁਣ ਭਾਜਪਾ ਅਤੇ ਕਾਂਗਰਸ ਦੋਵੇਂ ਇਸ ਬੱਚਾ ਪਾਰਟੀ ਦੇ ਹੱਥ ਵਿਚ ਆਏ ਮੁਖ ਮੰਤਰੀ ਦੇ ਲੋਲੀਪੋਪ ਨੂੰ ਲੈਣ ਲਈ ਪਿਛੇ ਪਿਛੇ ਭੱਜ ਰਹੀਆਂ ਹਨ| ਜਜਪਾ ਵੀ ਸਮਝ ਚੁਕੀ ਹੈ ਕਿ ਉਹ ਹੁਣ ਬੇਸ਼ੱਕ ਚਾਹੇ ਕਿੰਗ ਨਹੀਂ ਬਣ ਸਕੀ ਪਰ ਲੋਕਾਂ ਦੇ ਪਿਆਰ ਤੋਂ ਮਿਲੇ ਹੁੰਗਾਰੇ ਸਦਕਾ ਕਿੰਗਮਕਰ ਦੀ ਭੂਮਿਕਾ ਵਿਚ ਆ ਚੁਕੇ ਹਨ| ਇਨਾਂ ਚੋਣਾਂ ਵਿਚ ਭੁਪਿੰਦਰ ਸਿੰਘ ਹੁੱਡਾ ਨੇ ਜਿਥੇ ਮੁੜ ਵਾਪਸੀ ਕੀਤੀ ਹੈ ਉਥੇ ਜੇਕਰ ਆਜ਼ਾਦ ਜਾਂ ਜਜਪਾ ਦੇ ਸਹਾਰੇ ਕੋਈ ਗੱਲ ਬਣਦੀ ਹੈ ਤਾਂ ਹੁੱਡਾ ਕਾਂਗਰਸ ਦੇ ਅਗਲੇ ਮੁਖ ਮੰਤਰੀ ਹੋ ਸਕਦੇ ਹਨ| ਦੂਜੇ ਪਾਸੇ ਭਾਜਪਾ ਵੀ ਮੁਖ ਮੰਤਰੀ ਦੀ ਕੁਰਸੀ ਕਿਸੇ ਵੀ ਹਾਲਤ ਵਿਚ ਗੁਆਉਣਾ ਨਹੀਂ ਚਾਹੁੰਦੀ ਕਿਉਂਕਿ ਜੇਕਰ ਕਿਸੇ ਵੀ ਹੋਰ ਪਾਰਟੀ ਦਾ ਕਬਜ਼ਾ ਹੋ ਜਾਂਦਾ ਹੈ ਤਾਂ ਭਾਜਪਾ ਦੀ ਪੂਰੇ ਦੇਸ਼ ਭਰ ਵਿਚ ਫਜ਼ੀਹਤ ਤੈਅ ਹੈ|