ਕੁਰਾਲੀ, 24 ਮਈ : ਦੇਸ਼ ਕੌਮ ਲਈ ਸ਼ਹੀਦ ਹੋਣ ਵਾਲੇ ਇਨਸਾਨ ਕਦੇ ਆਮ ਨਹੀਂ ਹੁੰਦੇ ਅਤੇ ਸ. ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਨੌਜੁਆਨਾਂ ਲਈ ਇੱਕ ਮਿਸਾਲ ਹੈ..॥ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੀ ਮਸ਼ਹੂਰ ਸਮਾਜ ਸੇਵੀ ਅਤੇ ਸ਼ਹੀਦਾਂ ਦੇ ਸਤਿਕਾਰ ਲਈ ਯਤਨਸ਼ੀਲ ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਸ.ਕਰਤਾਰ ਸਿੰਘ ਸਰਾਭਾ ਦੇ ਜਨਮ ਦਿਵਸ ਮੌਕੇ ਯੂਥ ਆਫ ਪੰਜਾਬ ਵਲੋਂ ਰੱਖੇ ਇੱਕ ਸਾਦੇ ਸਮਾਰੋਹ ਮੌਕੇ ਕੀਤੇ..॥ ਉਹਨਾਂ ਕਿਹਾ ਕਿ ਜਿਸ ਉਮਰ ਵਿੱਚ ਅੱਜ ਦੇ ਨੌਜੁਆਨਾਂ ਨੂੰ ਨਿੱਜੀ ਜਿੰਦਗੀ ਬਾਰੇ ਸੋਚਣ ਦਾ ਖਿਆਲ ਨਹੀਂ ਹੁੰਦਾ ਉਸ ਉਮਰ ਵਿੱਚ ਸ.ਕਰਤਾਰ ਸਿੰਘ ਸਰਾਭਾ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ..॥ ਉਹਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਮੇਂ ਦੀਆਂ ਸਰਕਾਰਾਂ ਇਹੋ ਜਿਹੇ ਸ਼ਹੀਦਾਂ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਜਿਸ ਕਾਰਨ ਨੌਜੁਆਨਾਂ ਨੂੰ ਆਪਣੇ ਸ਼ਹੀਦਾਂ ਦੇ ਜੀਵਨ ਅਤੇ ਸੋਚ ਬਾਰੇ ਬਹੁਤਾ ਪਤਾ ਨਾ ਲੱਗ ਸਕਿਆ..॥ ਉਹਨਾਂ ਕਿਹਾ ਸਰਕਾਰ ਨੂੰ ਬੱਚਿਆਂ ਦੀ ਪੜਾਈ ਵਿੱਚ ਵੀ ਇਹੋ ਜਿਹੇ ਸ਼ਹੀਦਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਕਿ ਜਿਨਾਂ ਲੋਕਾਂ ਨੇ ਸਾਡੀ ਆਜ਼ਾਦੀ ਲਈ ਆਪਣੀ ਜਿੰਦਗੀ ਕੁਰਬਾਨ ਕੀਤੀ ਉਹਨਾਂ ਸ਼ਹੀਦਾਂ ਦੀ ਸੋਚ ਹਮੇਸ਼ਾ ਜਿਉਂਦੀ ਰਹਿ ਸਕੇ..॥ ਉਹਨਾਂ ਬੋਲਦੇ ਹੋਏ ਕਿਹਾ ਕਿ ਯੂਥ ਆਫ ਪੰਜਾਬ ਸ਼ੁਰੂਆਤ ਤੋਂ ਹੀ ਇਸ ਗੱਲ ਉੱਪਰ ਜ਼ੋਰ ਦਿੰਦਾ ਰਿਹਾ ਹੈ ਕਿ ਸ਼ਹੀਦਾਂ ਨੂੰ ਬਣਦਾ ਹੱਕ ਅਤੇ ਸਤਿਕਾਰ ਦਿਉ..॥ ਅਤੇ ਭਵਿੱਖ ਵਿੱਚ ਵੀ ਇਸੇ ਸੋਚ ਨੂੰ ਮੁੱਖ ਰੱਖ ਕੇ ਕੰਮ ਕਰਦਾ ਰਹੇਗਾ..॥ ਕਿਉਂਕਿ ਕਰਤਾਰ ਸਿੰਘ ਸਰਾਭੇ ਵਰਗੇ ਸ਼ਹੀਦ ਕਿਸੇ ਇੱਕ ਕੌਮ, ਜਾਤ ਜਾਂ ਧਰਮ ਦੇ ਨਹੀਂ ਸਗੋਂ ਸਾਰੇ ਦੇਸ਼ ਦੇ ਸ਼ਹੀਦ ਨੇ..॥ ਸਰਕਾਰ ਨੂੰ ਆਪਣੀਆਂ ਲੋਕ ਭਲਾਈ ਸਕੀਮਾਂ ਇਹਨਾਂ ਸ਼ਹੀਦਾਂ ਦੇ ਨਾਮ ਤੇ ਚਲਾਉਣੀਆਂ ਚਾਹੀਦੀਆਂ ਨੇ ਤਾਂ ਕਿ ਸ਼ਹੀਦਾਂ ਦਾ ਨਾਮ ਚੱਲਦਾ ਰਹੇ..॥ ਇਸ ਸਮੇਂ ਯੂਥ ਆਫ ਪੰਜਾਬ ਵਲੋਂ ਦੇਸ਼ ਵਾਸੀਆਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ..॥ ਇਸ ਮੌਕੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਤੋਂ ਇਲਾਵਾ ਸਰਪ੍ਰਸਤ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਪ੍ਰਧਾਨ ਰਮਾਂਕਾਤ ਕਾਲੀਆ, ਮੀਤ ਪ੍ਰਧਾਨ ਬੱਬੂ ਮੋਹਾਲੀ, ਚੀਫ ਕੁਆਰਡੀਨੇਟਰ ਜੱਗੀ ਧਨੋਆ, ਜਨਰਲ ਸਕੱਤਰ ਲੱਕੀ ਕਲਸੀ, ਸਕੱਤਰ ਅਮ੍ਰਿਤ ਜੌਲੀ, ਪ੍ਰੈਸ ਸਕੱਤਰ ਕਾਕਾ ਰਣਜੀਤ ਆਦਿ ਹੋਰ ਮੈਂਬਰ ਸਾਹਿਬਾਨ ਹਾਜ਼ਰ ਸਨ..॥