ਟ੍ਰਾਂਸਪੋਰਟ ਮੰਤਰੀ ਵੱਲੋਂ ਜੀ.ਪੀ.ਐਸ. ਆਧਾਰਿਤ ਬੱਸ ਟਰੈਕਿੰਗ ਸਿਸਟਮ ਦੇ ਕੰਮ ਕਾਜ ਦੀ ਸਮੀਖਿਆ
ਪੰਜਾਬ ਰੋਡਵੇਜ਼ ਅਤੇ ਪਨਬਸ ਦੇ 18 ਡਿੱਪੂਆਂ ਵਿੱਚ ਲਗਾਇਆ ਜਾਵੇਗਾ ਇਹ ਸਿਸਟਮ
ਨੇੜਲੇ ਭਵਿੱਖ ਵਿੱਚ ਪੀ.ਆਰ.ਟੀ.ਸੀ. ਅਤੇ ਪ੍ਰਾਈਵੇਟ ਬੱਸਾਂ ਵਿੱਚ ਵੀ ਇਹ ਸਿਸਟਮ ਲਗਾਇਆ ਜਾਵੇਗਾ: ਟ੍ਰਾਂਸਪੋਰਟ ਮੰਤਰੀ
ਸਮੂਹ ਬੱਸਾਂ ਦੀ ਓਵਰ ਸਪੀਡਿੰਗ, ਹਾਰਸ਼ ਬ੍ਰੇਕਿੰਗ, ਹਾਰਸ਼ ਐਕਲਰੇਸ਼ਨ, ਬੱਸਾਂ ਦੀ ਰਾਤ ਠਹਿਰਣ ਅਤੇ ਆਪਣੇ ਮਿੱਥੇ ਸਥਾਨ ਦੀ ਥਾਂ ‘ਤੇ ਕਿਸੇ ਹੋਰ ਸਥਾਨ ‘ਤੇ ਰੁਕਣਾ, ਬੱਸਾਂ ਦਾ 25 ਮਿੰਟ ਤੋਂ ਜਿਆਦਾ ਢਾਬਿਆਂ ‘ਤੇ ਰੁੱਕਣਾ, ਬਾਈਪਾਸ, ਫਲਾਈ ਓਵਰ, ਰੂਟ ਡਾਇਵਸ਼ਨ, ਸਟੋਪਜ ਮਿਸ ਕਰਨਾ, ਆਪਣੇ ਮਿੱਥੇ ਸਮੇਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਚੱਲਣਾ, ਮਿੱਥੇ ਕਿਲੋਮੀਟਰ ਤਹਿ ਨਾ ਕਰਨਾ ਆਦਿ ਦੀ ਕੀਤੀ ਜਾਵੇਗੀ ਰੀਅਲ ਟਾਇਮ ਮੋਨੀਟਰਿੰਗ
ਤਕਨੀਕੀ ਪੱਧਰ ਰਾਹੀਂ ਸਰਕਾਰੀ ਅਤੇ ਨਿੱਜੀ ਬੱਸ ਉਪਰੇਟਰਾਂ ਨੂੰ ਸਮਾਨ ਮੌਕੇ ਪੈਦਾ ਕੀਤੇ ਜਾਣਗੇ
ਚੰਡੀਗੜ, 20 ਨਵੰਬਰ:
ਨਵੀਂ ਟਰਾਂਸਪੋਰਟ ਨੀਤੀ ਦੀ ਪਾਲਣਾ ਕਰਦਿਆਂ ਸੂਬਾ ਸਰਕਾਰ ਪੰਜਾਬ ਰੋਡਵੇਜ਼ ਅਤੇ ਪਨਬਸ ਵਿਚ ਬੱਸ ਟ੍ਰੈਕਿੰਗ ਸਿਸਟਮ ਸ਼ੁਰੂ ਕਰਨ ਲਈ ਪੂਰੀ ਤਰਾਂ ਤਿਆਰ ਹੈ। ਟ੍ਰਾਂਸਪੋਰਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਅੱਜ ਪੰਜਾਬ ਰੋਡਵੇਜ ਅਤੇ ਪਨਬੱਸ ਦੇ ਬੱਸ ਟਰੈਕਿੰਗ ਸਿਸਟਮ ਦੀ ਮੋਨੀਟਰਿੰਗ ਅਤੇ ਕੰਟਰੋਲ ਰੂਮ ਦੇ ਕੰਮ ਕਾਜ ਦੀ ਸਮੀਖਿਆ ਕੀਤੀ।
ਇਥੇ ਜਾਰੀ ਇਕ ਪ੍ਰੈਸ ਬਿਆਨ ਵਿੱਚ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਅਤੇ ਪੰਜਾਬ ਸਟੇਟ ਬੱਸ ਸਟੈਂਡ ਮੈਨੇਜਮੈਂਟ ਕੰਪਨੀ (ਪਨਬੱਸ) ਵੱਲੋਂ ਬੱਸਾਂ ਵਿੱਚ ਵਹੀਕਿਲ ਟਰੈਕਿੰਗ ਸਿਸਟਮ ਲਗਾਏ ਜਾ ਰਹੇ ਹਨ ਅਤੇ ਸਵਾਰੀਆਂ ਲਈ ਪਸੈਂਜਰ ਇੰਨਫੋਰਮੈਂਸ਼ਨ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ। ਇਹ ਸਿਸਟਮ 1800 ਬੱਸਾਂ ਵਿੱਚ ਲਾਗੂ ਕੀਤਾ ਜਾਣਾ ਹੈ ਅਤੇ ਇਸ ਨੂੰ ਲਾਗੂ ਕਰਨ ਵਿੱਚ 5.8 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਸਿਸਟਮ 5 ਸਾਲ ਲਈ ਚਲਾਇਆ ਜਾਵੇਗਾ। ਇਸ ਸਿਸਟਮ ਲਈ ਮੂਲ ਲਾਗਤ ਦਾ 50 ਫ਼ੀਸਦੀ ਹਿੱਸਾ ਭਾਰਤ ਸਰਕਾਰ ਵੱਲੋਂ ਦਿੱਤਾ ਜਾਣਾ ਹੈ।
ਉਨਾਂ ਕਿਹਾ ਕਿ ਪੰਜਾਬ ਰੋਡਵੇਜ਼ ਅਤੇ ਪਨਬਸ ਦੇ ਮੁੱਖ ਦਫਤਰ ਵਿੱਚ ਕੇਂਦਰੀ ਨਿਗਰਾਨੀ ਅਤੇ ਕੰਟਰੋਲ ਰੂਮ ਸਥਾਪਤ ਕੀਤੇ ਜਾ ਰਹੇ ਹਨ ਜਿਥੇ ਬੱਸਾਂ ਦੀ ਲਾਈਵ ਟਰੈਕਿੰਗ ਕੀਤੀ ਜਾਵੇਗੀ। ਉਨਾਂ ਕਿਹਾ ਕਿ ਨਵੀਂ ਟਰਾਂਸਪੋਰਟ ਨੀਤੀ ਤਹਿਤ ਪੰਜਾਬ ਦੇ ਟਰਾਂਸਪੋਰਟ ਵਾਹਨਾਂ ਵਿੱਚ ਵਾਹਨ ਟਰੈਕਿੰਗ ਸਿਸਟਮ ਲਗਾਉਣਾ ਪੰਜਾਬ ਸਰਕਾਰ ਦਾ ਪਹਿਲਾ ਕਦਮ ਹੈ। ਉਨਾਂ ਦੱਸਿਆ ਕਿ ਇਸ ਪਾਇਲਟ ਪ੍ਰੋਜੈਕਟ ਅਧੀਨ ਜਲੰਧਰ 1 ਅਤੇ ਜਲੰਧਰ 2 ਡਿਪੂਆਂ ਦੀਆਂ 110 ਬੱਸਾਂ ਵਿੱਚ ਜੀ.ਪੀ.ਐਸ. ਉਪਕਰਨ ਲਗਾਏ ਗਏ ਹਨ। ਇਹ ਸਿਸਟਮ ਹੁਣ ਪੰਜਾਬ ਰੋਡਵੇਜ਼ ਅਤੇ ਪਨਬਸ ਦੇ ਸਾਰੇ 18 ਡਿਪੂਆਂ ਵਿੱਚ ਲਗਾਏ ਜਾਣਗੇ। ਇਸ ਪ੍ਰਾਜੈਕਟ ਨੂੰ ਮਈ, 2020 ਤੱਕ ਪੂਰਾ ਕਰ ਲਿਆ ਜਾਵੇਗਾ। ਇਹ ਸਿਸਟਮ ਆਉਣ ਵਾਲੇ ਨੇੜਲੇ ਭਵਿੱਖ ਵਿੱਚ ਪੀ.ਆਰ.ਟੀ.ਸੀ. ਅਤੇ ਪ੍ਰਾਈਵੇਟ ਬੱਸਾਂ ਵਿੱਚ ਵੀ ਲਗਾਇਆ ਜਾਵੇਗਾ।
ਇਸ ਪ੍ਰਾਜੈਕਟ ਦੇ ਫਾਇਦਿਆਂ ਬਾਰੇ ਦੱਸਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਪੂਰੀ ਤਰਾਂ ਲਾਗੂ ਹੋਣ ਉਪਰੰਤ ਯਾਤਰੀਆਂ ਵਿਸ਼ੇਸ਼ ਤੌਰ ‘ਤੇ ਔਰਤਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਸਾਰੀਆਂ ਬੱਸਾਂ ਵਿੱਚ ਪੈਨਿਕ ਬਟਨ ਲਗਾਏ ਜਾਣਗੇ। ਇਸੇ ਤਰਾਂ ਬੱਸਾਂ ਦੀ ਮੋਨੀਟਰਿੰਗ ਅਤੇ ਕੰਟਰੋਲ ਲਈ ਚੰਡੀਗੜ ਵਿਖੇ ਸੈਂਟਰਲ ਕੰਟਰੋਲ ਰੂਮ ਬਣਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸਮੂਹ ਬੱਸਾਂ ਦੀ ਓਵਰ ਸਪੀਡਿੰਗ, ਹਾਰਸ਼ ਬ੍ਰੇਕਿੰਗ, ਹਾਰਸ਼ ਐਕਲਰੇਸ਼ਨ, ਬੱਸਾਂ ਦੀ ਰਾਤ ਠਹਿਰਣ ਅਤੇ ਆਪਣੇ ਮਿੱਥੇ ਸਥਾਨ ਦੀ ਥਾਂ ‘ਤੇ ਕਿਸੇ ਹੋਰ ਸਥਾਨ ‘ਤੇ ਰੁਕਣਾ, ਬੱਸਾਂ ਦਾ 25 ਮਿੰਟ ਤੋਂ ਜਿਆਦਾ ਢਾਬਿਆਂ ‘ਤੇ ਰੁੱਕਣਾ, ਬਾਈਪਾਸ, ਫਲਾਈ ਓਵਰ, ਰੂਟ ਡਾਇਵਸ਼ਨ, ਸਟੋਪਜ ਮਿਸ ਕਰਨਾ, ਆਪਣੇ ਮਿੱਥੇ ਸਮੇਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਚੱਲਣਾ, ਮਿੱਥੇ ਕਿਲੋਮੀਟਰ ਤਹਿ ਨਾ ਕਰਨਾ ਆਦਿ ਦੀ ਰੀਅਲ ਟਾਇਮ ਮੋਨੀਟਰਿੰਗ ਸੈਂਟਰਲ ਕੰਟਰੋਲ ਰੂਮ ਅਤੇ ਬੱਸਾਂ ਦੇ ਸਬੰਧਤ ਡਿਪੂਆਂ ਵੱਲੋਂ ਕੀਤੀ ਜਾਵੇਗੀ ਅਤੇ ਐਸ.ਐਮ.ਐਸ. ਰਾਹੀਂ ਅਲਰਟ ਵੀ ਭੇਜੇ ਜਾਣਗੇ।
ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਮੈਨੇਜਮੈਂਟ ਇੰਨਫੋਰਮੇਸ਼ਨ ਸਿਸਟਮ ਜਿਵੇਂ ਕਿ ਡਰਾਇਵਰ ਬਿਹੇਵੀਅਰ, ਕੰਡਕਟਰ ਬਿਹੇਵੀਅਰ, ਬੱਸ ਦੀ ਵਰਤੋਂ, ਸਟਾਫ ਦੀ ਵਰਤੋਂ, ਮਿੱਥੇ ਸਮੇਂ ਤੇ ਦੇਰ ਅਤੇ ਜਲਦੀ ਚੱਲਣ ਵਾਲੀਆਂ ਬੱਸਾਂ, ਬੱਸਾਂ ਰਾਹੀਂ ਤਹਿ ਕੀਤੇ ਗਏ ਕਿਲੋਮੀਟਰ ਆਦਿ ਸਬੰਧੀ ਰਿਪੋਰਟਾਂ ਇਸ ਸਿਸਟਮ ਵੱਲੋਂ ਤਿਆਰ ਕੀਤੀਆਂ ਜਾਣਗੀਆਂ। ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਅੱਗੇ ਕਿਹਾ, ਇਸ ਪ੍ਰਣਾਲੀ ਨੂੰ ਲਾਗੂ ਕਰਕੇ ਟਰਾਂਸਪੋਰਟ ਵਿਭਾਗ ਨੇ ਆਪਣੀਆਂ ਬੱਸਾਂ ਦੇ ਯਾਤਰੀਆਂ ਖਾਸ ਤੌਰ ‘ਤੇ ਔਰਤਾਂ ਦੀ ਸੁਰੱਖਿਆ ਵੱਲ ਇਕ ਕਦਮ ਅੱਗੇ ਵਧਾਇਆ ਹੈ। ਯਾਤਰੀ ਮੋਬਾਈਲ ਐਪਲੀਕੇਸ਼ਨ ਦੀ ਸਹਾਇਤਾ ਨਾਲ ਨਿੱਜੀ ਬੱਸ ਅੱਡਿਆਂ ਦੇ ਈ.ਟੀ.ਏ. / ਈ.ਟੀ.ਡੀ. ਦੇ ਨਾਲ-ਨਾਲ ਆਪਣੀਆਂ ਬੱਸਾਂ ਦੀ ਸਥਿਤੀ ਦੀ ਜਾਂਚ / ਟਰੈਕ ਕਰ ਸਕਣਗੇ।
ਇਸ ਮੌਕੇ ਪ੍ਰਮੁੱਖ ਸਕੱਤਰ ਸ੍ਰੀ ਕੇ. ਸਿਵਾ ਪ੍ਰਸਾਦ, ਟ੍ਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਭੁਪਿੰਦਰ ਸਿੰਘ, ਡਾਇਰੈਕਟਰ ਸਟੇਟ ਟ੍ਰਾਂਸਪੋਰਟ ਸ੍ਰੀ ਗੁਰਲਵਲੀਨ ਸਿੰਘ, ਐਮ.ਡੀ., ਪੀ.ਆਰ.ਟੀ.ਸੀ. ਸ੍ਰੀ ਸੁਖਵਿੰਦਰ ਸਿੰਘ, ਡਿਪਟੀ ਐਸ.ਟੀ.ਸੀ. ਐਨ.ਪੀ. ਸਿੰਘ, ਪਨਬੱਸ ਦੇ ਕਾਰਜਕਾਰੀ ਨਿਰਦੇਸ਼ਕ ਵੀ ਮੌਜੂਦ ਸਨ।

LEAVE A REPLY

Please enter your comment!
Please enter your name here