ਲੁਧਿਆਣਾ 7 ਜੁਲਾਈ —ਮਾਰਸ਼ਲ ਨਿਊਜ : ਲੁਧਿਆਣਾ ਦੇ ਗੁਰਦੁਆਰਾ ਸ਼ਹੀਦਾਂ ਵਿਖੇ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਤੇ ਕਾਬਜ਼ ਬਾਦਲ ਪਰਿਵਾਰ ਨੂੰ ਹਟਾਉਣ ਲਈ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਅੱਜ ਰੱਖੀ ਗਈ ਇਕੱਤਰਤਾ ਨੇ ਰੈਲੀ ਦਾ ਰੂਪ ਧਾਰ ਲਿਆ। ਜਿੱਥੇ ਕਿ ਸਰਦਾਰ ਢੀਂਡਸਾ ਨੂੰ ਵੱਖ ਵੱਖ ਵਿਚਾਰਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ । ਉਨ੍ਹਾਂ ਦੇ ਪ੍ਰਧਾਨ ਬਣਾਉਣ ਲਈ ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਪੇਸ਼ ਕੀਤਾ । ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਨੇ ਤਾਈਦ ਕੀਤੀ ,ਉਸ ਤੋਂ ਬਾਅਦ ਜਥੇਦਾਰ ਸੇਵਾ ਸਿੰਘ ਸੇਖਵਾਂ ,ਮਰਹੂਮ ਆਗੂ ਲੋਹਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਪੁੱਤਰੀ ਹਰਜੀਤ ਕੌਰ ਤਲਵੰਡੀ ,ਸਾਬਕਾ ਸੰਸਦੀ ਮੈਂਬਰ ਦੇਸ ਰਾਜ ਧੁੱਗਾ ਆਦਿ ਨੇ ਸਾਂਝੇ ਤੌਰ ਤੇ ਤਾਈਦ- ਮਜ਼ੀਦ ਕੀਤੀ । ਜਿਨ੍ਹਾਂ ਨੂੰ ਪੰਡਾਲ ਨੇ ਹੱਥ ਖੜ੍ਹੇ ਕਰਕੇ ਸਵਾਗਤ ਕੀਤਾ । ਇਸ ਮੌਕੇ ਮਨਤਾਰ ਸਿੰਘ ਬਰਾੜ ਨੇ “ਵਿਸ਼ਵ ਵਾਰਤਾ “ਨੂੰ ਦੱਸਿਆ ਕਿ ਪਾਰਟੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਹੀ ਰਹੇਗਾ । ਜੇਕਰ ਚੋਣ ਕਮਿਸ਼ਨ ਨੂੰ ਕੋਈ ਤਕਨੀਕੀ ਤੌਰ ਤੇ ਲੋੜ ਪਈ ਤਾਂ ਉਸ ਵਿੱਚ ਡੈਮੋਕ੍ਰੇਟਿਕ ਸ਼ਬਦ ਵੀ ਜੋੜ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਸਮੁੱਚੇ ਪੰਥਕ ਇਕੱਠ ਵੱਲੋਂ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦਾ ਅਹਿਦ ਕਰ ਦਿੱਤਾ ਗਿਆ ਹੈ । ਇਸ ਮੌਕੇ ਹੋਰਨਾਂ ਤੋ ਇਲਾਵਾ ਬਲਵੰਤ ਸਿੰਘ ਰਾਮੂਵਾਲੀਆ ,ਮਨਜੀਤ ਸਿੰਘ ਜੀ ਕੇ ,ਮਾਨ ਸਿੰਘ ਗਰਚਾ ,ਹਰਸੁਖਇਦਰ ਸਿੰਘ ਬੱਬੀ ਬਾਦਲ ,ਬੀਰ ਦਵਿੰਦਰ ਸਿੰਘ , ਹਰਿਆਣਾ ਦੇ ਸ਼੍ਰੋਮਣੀ ਕਮੇਟੀ ਦੇ ਆਗੂ ਜਥੇਦਾਰ ਦੀਦਾਰ ਸਿੰਘ ਨਲਵੀ, ਪਰਮਿੰਦਰ ਸਿੰਘ ਢੀਂਡਸਾ ਆਦਿ ਆਗੂ ਹਾਜ਼ਰ ਸਨ ।