ਫੋਟੋ: 1. ਸਿੰਘਪੁਰਾ ਸਕੂਲ ਦੀ ਪੰਜਾਬ ਭਰ ਵਿਚੋਂ ਅੱਵਲ ਰਹਿਣ ਵਾਲੀ ਵਿਦਿਆਰਥਣ ਨਰਿੰਦਰ ਕੌਰ ਪ੍ਰਿੰਸੀਪਲ ਬੰਦਨਾ ਪੁਰੀ ਨਾਲ। 2. ਪੰਜਾਬ ਵਿੱਚੋਂ ਪਹਿਲੇ ਸਥਾਨ ‘ਤੇ ਰਿਹਾ ਨਰਿੰਦਰ ਕੌਰ ਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸਬੰਧਤ ਪੋਸਟਰ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨ-ਲਾਈਨ ਮੁਕਾਬਲਿਆਂ ਵਿੱਚ ਖੱਟਿਆ ਨਾਮਣਾ
ਕੁਰਾਲੀ,13 ਅਕਤੂਬਰ( ਮਾਰਸ਼ਲ ਨਿਊਜ਼)
ਨੇੜਲੇ ਪਿੰਡ ਸਿੰਘਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਨਰਿੰਦਰ ਕੌਰ ਨੇ ਸ੍ਰੀ ਗੁਰੂ ਤੇਗ ਬਹਾਦਰ ਦੇ ਜੀਵਨ ਨਾਲ ਸਬੰਧਤ ਪੋਸਟਰ ਮੁਕਾਬਲੇ ਵਿੱਚ ਪੰਜਾਬ ਭਰ ‘ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਸਕੂਲ ਦਾ ਨਾਂ ਰੋਸ਼ਨ ਕਰਨ ਵਾਲੀ ਵਿਦਿਆਰਥਣ ਦੀ ਸ਼ਲਾਘਾ ਕਰਦਿਆਂ ਪ੍ਰਿੰਸੀਪਲ ਬੰਦਨਾ ਪੁਰੀ ਨੇ ਵਧਾਈ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਬੰਦਨਾ ਪੁਰੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨ-ਲਾਈਨ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿੱਚੋਂ ਪੋਸਟਰ ਮੁਕਾਬਲੇ ਵਿੱਚ ਭਾਗ ਲੈਂਦਿਆਂ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਨਰਿੰਦਰ ਕੌਰ ਨੇ ਪੰਜਾਬ ਭਰ ਦੇ ਸੈਕੰਡਰੀ ਵਰਗ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਉਨ੍ਹਾਂ ਡਰਾਇੰਗ ਅਧਿਆਪਕ ਜਸਪਾਲ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਯੋਗ ਅਗਵਾਈ ਸਦਕਾ ਹੀ ਵਿਦਿਆਰਥਣ ਨੇ ਇਹ ਮਾਣ ਹਾਸਲ ਕੀਤਾ ਹੈ। ਇਸੇ ਦੌਰਾਨ ਡਰਾਇੰਗ ਅਧਿਆਪਕ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਨਿੰਰਦਰ ਕੌਰ ਸੈਕੰਡਰੀ ਵਰਗ ਅਤੇ ਨਵਨਿੰਦਰ ਕੌਰ ਮਿਡਲ ਵਰਗ ਵਿੱਚ ਜ਼ਿਲ੍ਹੇ ਵਿਚੋਂ ਵੀ ਪਹਿਲਾ ਸਥਾਨ ਹਾਸਲ ਕਰ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਨਰਿੰਦਰ ਕੌਰ ਵਲੋਂ ਬਣਾਏ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸਬੰਧਤ ਪੋਸਟਰ ਨੂੰ 22 ਜ਼ਿਲ੍ਹਿਆਂ ਵਿਚੋਂ ਪਹਿਲਾ ਸਥਾਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਵਿਦਿਆਰਥਣ ਤੋਂ ਹੋਰ ਵੀ ਵੱਡੀਆਂ ਆਸਾਂ ਹਨ। ਇਸ ਮੌਕੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨੇ ਵਿਦਿਆਰਥਣ ਦੀ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥਣ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ।