ਸੀ.ਈ.ਐਲ. (ਕੈਮੀਕਲ ਐਗਜ਼ਾਮੀਨਰ ਲੈਬ) ਖਰੜ ਦੇ ਕੰਮਕਾਜ ਨੂੰ ਹੁਲਾਰਾ ਦੇਣ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਬੁੱਧਵਾਰ ਨੂੰ 4 ਕੈਮੀਕਲ ਵਿਸ਼ਲੇਸ਼ਕ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਸਿਹਤ ਵਿਭਾਗ ਵੱਲੋਂ ਇਸ ਤੋਂ ਪਹਿਲਾਂ ਇਸੇ ਹਫ਼ਤੇ 58 ਲੈਬ ਟੈਕਨੀਸ਼ੀਅਨਾਂ ਦੀ ਭਰਤੀ ਕੀਤੀ ਗਈ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਲੈਬਾਰਟਰੀਆਂ ਵਿੱਚ ਵਿਸ਼ਲੇਸ਼ਕਾਂ ਦੀ ਘਾਟ ਨੂੰ ਪੂਰਾ ਕਰਨ ਲਈ, ਸੀ.ਈ.ਐਲ. ਦੀਆਂ ਵੱਖ ਵੱਖ ਸ਼ਾਖਾਵਾਂ ਵਿੱਚ ਤਕਨੀਕੀ ਅਤੇ ਹੁਨਰਮੰਦ ਸਟਾਫ ਦੀ ਭਰਤੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਭਾਰਤ ਵਿੱਚ ਜ਼ਿਆਦਾਤਰ ਫੋਰੈਂਸਿਕ ਸਾਇੰਸ ਲੈਬਾਂ ਵਿੱਚ, ਹਰੇਕ ਮਹੀਨੇ ਪ੍ਰਤੀ ਵਿਸ਼ਲੇਸ਼ਕ 25-30 ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਤਕਨੀਕੀ ਸਟਾਫ ਦੀ ਭਾਰੀ ਕਮੀ ਕਾਰਨ ਸੀ.ਈ.ਐਲ. ਦੇ ਵਿਸ਼ਲੇਸ਼ਕ ਹੁਣ 60 ਨਮੂਨੇ ਹਰੇਕ ਮਹੀਨੇ ਲੈ ਰਹੇ ਹਨ। ਇਸ ਦੇ ਨਾਲ ਹੀ 150-250 ਐਕਸਾਈਜ਼ ਨਮੂਨੇ ਪ੍ਰਤੀ ਵਿਸ਼ਲੇਸ਼ਕ ਵੀ ਲਏ ਜਾ ਰਹੇ ਹਨ। ਉਨਾਂ ਕਿਹਾ ਕਿ 3 ਸੀਨੀਅਰ ਵਿਸ਼ਲੇਸ਼ਕਾਂ ਦਾ ਜਲਦ ਹੀ ਸਹਾਇਕ ਰਸਾਇਣਕ ਜਾਂਚਕਰਤਾ ਵਜੋਂ ਪਦਉੱਨਤ ਕੀਤਾ ਜਾਵੇਗਾ ਅਤੇ ਲੈਬਾਰਟਰੀਆਂ ਵਿੱਚ ਨਮੂਨਿਆਂ ਦੀ ਜਾਂਚ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਹੋਰ ਵਿਸ਼ਲੇਸ਼ਕਾਂ ਦੀ ਭਰਤੀ ਵੀ ਜਲਦ ਕੀਤੀ ਜਾਵੇਗੀ।
ਉਹਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਸੀ.ਈ.ਐਲ. ਨੂੰ ਅਪਗ੍ਰੇਡ ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ ਜਿਸ ਤਹਿਤ ਸਾਲ 2019-20 ਵਿਚ ਜ਼ਰੂਰੀ ਉਪਕਰਣਾਂ ਲਈ 155 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ ਅਤੇ ਉਪਕਰਨਾਂ ਦੀ ਖਰੀਦ ਪ੍ਰਕਿਰਿਆ ਪਹਿਲਾਂ ਹੀ ਆਰੰਭੀ ਜਾ ਚੁੱਕੀ ਹੈ ਜਿਸ ਵਿੱਚ ਗੈਸ ਕ੍ਰੋਮੈਟੋਗ੍ਰਾਫ ਅਤੇ ਮਾਸ ਸਪੈਕਟ੍ਰੋਮੀਟਰ, ਯੂ.ਵੀ. ਸਪੈਕਟ੍ਰੋਫੋਮੀਟਰ, ਮਲਟੀਸਟੇਟ ਐਨਾਲਾਈਜ਼ਰ ਅਤੇ ਇਕ ਵਾਧੂ ਪੋਰਟੇਬਲ ਅਲਕੋਹਲ ਮੀਟਰ ਆਦਿ ਉਪਰਕਰਨ ਸ਼ਾਮਲ ਹਨ। ਉਹਨਾਂ ਅੱਗੇ ਕਿਹਾ ਕਿ ਫੂਮ ਹੂਡ, ਪ੍ਰਭਾਵਸ਼ਾਲੀ ਟ੍ਰੀਟਮੈਂਟ ਪਲਾਂਟ, ਮਾਈਕ੍ਰੋਸਕੋਪ, ਓਵਨ, ਕੋਲਡ ਰੂਮਜ਼ ਅਤੇ ਲੈਬ ਦੇ ਹੋਰ ਜ਼ਰੂਰੀ ਉਪਕਰਨਾਂ ਲਈ ਸਾਲ 2018-19 ਵਿਚ 99.40 ਲੱਖ ਰੁਪਏ ਦੀ ਵੀ ਮਨਜ਼ੂਰੀ ਦਿੱਤੀ ਗਈ ਹੈ।

LEAVE A REPLY

Please enter your comment!
Please enter your name here