ਕੁਵੈਤ ਤੋਂ ਪਰਤੇ ਦਰਸ਼ਨ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨਾਲ ਐਮ ਪੀ ਮਨੀਸ਼ ਤਿਵਾੜੀ ਜੀ ਦਾ ਧੰਨਵਾਦ ਕਰਦੇ ਹੋਏ

ਚੰਡੀਗੜ੍ਹ
ਮਾਰਸ਼ਲ ਨਿਊਜ਼


ਕੁਵੈਤ ਵਿਚ ਰੋਜ਼ੀ ਰੋਟੀ ਦੀ ਭਾਲ ਲਈ ਗਏ ਪੰਜਾਬੀ ਨੌਜਵਾਨ ਦਰਸ਼ਨ ਸਿੰਘ ਹੀਰਪੁਰ ਨੂੰ ਵੀਜ਼ਾ ਖ਼ਤਮ ਹੋ ਜਾਣ ਅਤੇ ਮਾਲਕ ਕੁਵੈਤੀ ਦੀ ਧੋਖਾਧੜੀ ਕਾਰਨ ਜਿਥੇ ਹਜ਼ਾਰਾਂ ਰੁਪਏ ਦਾ ਨੁਕਸਾਨ ਸਹਿਣਾ ਪਿਆ, ਉਥੇ ਲਗਭਗ ਚਾਰ ਮਹੀਨੇ ਜੇਲ ਵਿਚ ਵੀ ਕੱਟਣੇ ਪਏ| ਇਸ ਸੰਕਟ ਦੀ ਘੜੀ ਵਿਚ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਐਮ ਪੀ ਮਨੀਸ਼ ਤਿਵਾੜੀ ਉਸ ਲਈ ਨਵੇਂ ਜੀਵਨ ਦੀ ਉਮੀਦ ਦੀ ਕਿਰਨ ਬਣ ਕੇ ਆਏ ਅਤੇ ਐਮ ਪੀ ਦੇ ਨਿਰੰਤਰ ਯਤਨਾਂ ਸਦਕਾ ਅੱਜ ਦਰਸ਼ਨ ਸਿੰਘ ਆਪਣੇ ਪਿੰਡ ਹੀਰਪੁਰ (ਨੂਰਪੁਰ ਬੇਦੀ) ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੇ ਪਰਿਵਾਰ ਵਿਚ ਸੁਖ ਸਾਂਦੀ ਪਾਰਟੀ ਆਇਆ ਹੈ| ਆਪਣੇ ਪਰਿਵਾਰਕ ਮੈਂਬਰਾਂ ਨਾਲ ਚੰਡੀਗੜ੍ਹ ਵਿਖੇ ਐਮ ਪੀ ਮਨੀਸ਼ ਤਿਵਾੜੀ ਦੇ ਘਰ ਉਨ੍ਹਾਂ ਦਾ ਧੰਨਵਾਦ ਕਰਨ ਲਈ ਪੁਜੇ ਮਾਰਸ਼ਲ ਨਿਊਜ਼ ਨਾਲ ਆਪਣੀ ਦੁੱਖ ਭਰੀ ਕਹਾਣੀ ਸਾਂਝੀ ਕਰਦਿਆਂ ਦਸਿਆ ਕਿ ਉਹ ਡਰਾਈਵਰ ਦੇ ਤੌਰ ‘ਤੇ 4-5 ਸਾਲ ਪਹਿਲਾਂ ਵੀ ਲਾਏ ਹਨ| 2 ਬੱਚਿਆਂ ਦੇ ਪਿਤਾ ਦਰਸ਼ਨ ਸਿੰਘ ਮੁਤਾਬਕ ਉਹ ਇਸ ਬਾਰ ਆਜ਼ਾਦ ਵੀਜ਼ੇ ‘ਤੇ ਗਿਆ ਸੀ 30 ਅਪ੍ਰੈਲ ਨੂੰ ਉਸਦਾ ਵੀਜ਼ਾ ਖ਼ਤਮ ਹੋ ਗਿਆ ਸੀ| ਉਸਨੇ ਇਸ ਸਬੰਧੀ ਆਪਣੇ ਮਾਲਕ ਕੁਵੈਤੀ ਨੂੰ ਦਸਿਆ ਤੇ ਉਸਨੇ ਵੀਜ਼ਾ ਰਿਨਿਊ ਕਰਵਾਉਣ ਦੇ ਨਾਮ ‘ਤੇ ਹਜ਼ਾਰਾਂ ਰੁਪਏ ਲੈ ਲਏ ਤੇ ਡੇਢ ਕੁ ਮਹੀਨੇ ਬਾਅਦ ਕਾਗਜ਼ ਵਾਪਸ ਕਰ ਦਿਤੇ| ਦਰਸ਼ਨ ਸਿੰਘ ਮੁਤਾਬਕ ਉਸਨੇ ਭਾਰਤ ਵਾਪਸ ਜਾਣ ਲਈ ਏਅਰਪੋਰਟ ਤੋਂ ਅਪਲਾਈ ਕੀਤਾ| ਉਸਨੇ ਵੀਜ਼ੇ ਦੀ ਲੰਘੀ ਮਿਆਦ ਤੋਂ ਵੱਧ ਸਮਾਂ ਰਹਿਣ ਦਾ ਜ਼ੁਰਮਾਨਾ ਵੀ ਜਮਾ ਕਰਵਾ ਦਿਤਾ ਸੀ| ਜਿਉਂ ਹੀ ਉਹ ਐਂਟਰੀ ਲੈ ਕੇ ਦੂਜੇ ਗੇਟ ਤੇ ਪੁੱਜਾ ਤਾਂ ਉਸਨੂੰ ਏਅਰਪੋਰਟ ਦੇ ਅੰਦਰ ਗਿਰਫ਼ਤਾਰ ਕਰਕੇ ਜੇਲ ਵਿਚ ਭੇਜ ਦਿਤਾ| ਦਰਸ਼ਨ ਦੇ ਭਰਾ ਗੁਰਚਰਨ ਨੂਰਪੁਰ ਨੇ ਦਸਿਆ ਕਿ ਉਸਦੀ ਗਿਰਫਤਾਰੀ ਸਬੰਧੀ ਪਿੰਡ ਦੇ ਹੀ ਨੌਜਵਾਨ ਦਲਜੀਤ ਸਿੰਘ ਹੀਰਪੁਰ ਜੋ ਕਿ ਕੁਵੈਤ ਵਿਚ ਹੀ ਸੀ, ਨੇ ਜਾਣੂ ਕਰਵਾਇਆ| ਦਰਸ਼ਨ ਸਿੰਘ ਮੁਤਾਬਿਕ ਕੁਵੈਤ ਵਿਚ ਰਹਿੰਦੇ ਪੰਜਾਬੀ ਨੌਜਵਾਨ ਦਲਜੀਤ ਸਿੰਘ ਭੱਟੀ ਪ੍ਰਧਾਨ ਸ਼ਹੀਦ ਭਗਤ ਸਿੰਘ ਕਲੱਬ, ਕੁਵੈਤ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ ਤੇ ਆਪਣੇ ਹਲਕੇ ਦੇ ਐਮ ਪੀ ਨਾਲ ਰਾਬਤਾ ਬਣਾਉਣ ਲਈ ਕਿਹਾ| ਜਿਸ ਤੇ ਉਨ੍ਹਾਂ ਨੇ ਨੌਜਵਾਨ ਆਗੂ ਸ਼ਮਸ਼ੇਰ ਸਿੰਘ ਦੇ ਨਾਲ ਚੰਡੀਗੜ੍ਹ ਵਿਖੇ ਯੂਥ ਕਾਂਗ੍ਰੇਸੀ ਆਗੂ ਅਮਨ ਸਲੈਚ ਦੇ ਰਾਹੀਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਜੀ ਨਾਲ ਸੰਪਰਕ ਕੀਤਾ ਤੇ ਮਨੀਸ਼ ਤਿਵਾੜੀ ਨੇ ਮੌਕੇ ਦੀ ਨਜ਼ਾਕਤ ਨੂੰ ਵੇਖਦੇ ਹੋਏ ਤੁਰੰਤ ਹੀ ਕੁਵੈਤ ਦੀ ਐਬੈਸੀ ਨਾਲ ਨਿਰੰਤਰ ਸੰਪਰਕ ਕਰਕੇ ਮੇਰੀ ਰਿਹਾਈ ਨੂੰ ਯਕੀਨੀ ਬਣਾਇਆ| ਉਨ੍ਹਾਂ ਕਿਹਾ ਕਿ ਮਨੀਸ਼ ਤਿਵਾੜੀ ਕਾਰਨ ਹੀ ਦੀਵਾਲੀ ਮੌਕੇ ਉਨ੍ਹਾਂ ਦੇ ਘਰ ਦਾ ਚਿਰਾਗ ਮੁੜ ਰੌਸ਼ਨ ਹੋਇਆ ਹੈ| ਉਹ ਹਮੇਸ਼ਾ ਉਨ੍ਹਾਂ ਦੇ ਰਿਣੀ ਰਹਿਣਗੇ| ਇਸ ਮੌਕੇ ਮਨੀਸ਼ ਤਿਵਾੜੀ ਨੇ ਕਿਹਾ ਕਿ ਉਹ ਪੰਜਾਬ ਦੇ ਵਿਦੇਸ਼ਾਂ ਵਿਚ ਗਏ ਮਿਹਨਤਕਸ਼ ਲੋਕਾਂ ਦੇ ਹਰ ਦੁੱਖ ਸੁਖ ਦੇ ਭਾਈਵਾਲ ਹਨ| ਜੇਕਰ ਕਿਸੇ ਨੂੰ ਵਿਦੇਸ਼ਾਂ ਵਿਚ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਪੀੜਤ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ| ਵਿਦੇਸ਼ ਵਸਦੇ ਹਰ ਪੰਜਾਬੀ ਦੀ ਜਾਨ ਮਾਲ ਦੀ ਹਿਫਾਜ਼ਤ ਕਰਦੇ ਹੋਏ ਉਸਦੀ ਵਾਟਾਂ ਤੇ ਘਰ ਵਾਪਸੀ ਲਈ ਉਹ ਹਮੇਸ਼ਾ ਤਤਪਰ ਰਹਿਣਗੇ|