ਮੁਹਾਲੀ 4 ਸਤੰਬਰ :ਮਾਰਸ਼ਲ ਨਿਊਜ :ਭਾਰਤ ਸਰਕਾਰ ਵਲੋਂ ਕਸ਼ਮੀਰ ਵਿੱਚ ਨਵਾਂ ਫੁਰਮਾਨ ਜਾਰੀ ਕਰਕੇ ਪੰਜਾਬੀ ਭਾਸ਼ਾ ਨੂੰ ਖਤਮ ਕਰਕੇ ਹਿੰਦੀ ਨੂੰ ਤਰਜੀਹ ਦੇ ਕੇ ਪੰਜਾਬੀ ਭਾਸ਼ਾ ਨਾਲ ਵਿਤਕਰਾ ਕੀਤਾ ਗਿਆ ਹੈ ਉਹ ਬੜਾ ਮੰਦਭਾਗਾ ਫੈਸਲਾ ਹੈ..॥ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੀ ਮਸ਼ਹੂਰ ਸਮਾਜ ਸੇਵੀ ਅਤੇ ਸਮਾਜਿਕ ਕੁਰੀਤੀਆਂ ਖਿਲਾਫ ਕਾਰਜਸ਼ੀਲ ਸੰਸਥਾ ਦੇ ਸਮੂਹ ਮੈਂਬਰਾਂ ਨੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਦੀ ਰਹਿਨੁਮਾਈ ਹੇਠ ਕੀਤਾ..॥ ਇਸ ਸਮੇਂ ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਬੋਲਦੇ ਹੋਏ ਕਿਹਾ ਕਿ ਕਸ਼ਮੀਰ ਵਿੱਚ ਉਰਦੂ, ਕਸ਼ਮੀਰੀ ਅਤੇ ਡੋਗਰੀ ਵਾਂਗ ਪੰਜਾਬੀ ਭਾਸ਼ਾ ਦਾ ਵੀ ਖਾਸ ਮਹੱਤਵ ਹੈ..॥ ਹਜਾਰਾਂ ਦੀ ਗਿਣਤੀ ਵਿੱਚ ਹਿੰਦੂ, ਸਿੱਖ, ਈਸਾਈ ਅਤੇ ਮੁਸਲਮਾਨ ਪਰਿਵਾਰ ਪੰਜਾਬੀ ਭਾਸ਼ਾ ਨੂੰ ਤਰਜੀਹ ਦਿੰਦੇ ਨੇ..॥ ਹਾਲਾਂਕਿ ਹਿੰਦੀ ਭਾਸ਼ਾ ਕਸ਼ਮੀਰ ਵਿੱਚ ਨਾ ਮਾਤਰ ਲੋਕ ਹੀ ਬੋਲਦੇ ਨੇ..॥ ਪ੍ਰੰਤੂ ਫੇਰ ਵੀ ਸਰਕਾਰ ਦੁਆਰਾ ਪੰਜਾਬੀ ਭਾਸ਼ਾ ਨੂੰ ਖਤਮ ਕਰਕੇ ਹਿੰਦੀ ਭਾਸ਼ਾ ਨੂੰ ਕਸ਼ਮੀਰ ਦੀ ਸਰਕਾਰੀ ਭਾਸ਼ਾ ਬਣਾਉਣ ਦਾ ਫੈਸਲਾ ਹੈਰਾਨੀਜਨਕ ਹੈ..॥ ਉਹਨਾਂ ਕਿਹਾ ਕਿ ਬੇਸ਼ੱਕ ਸਰਕਾਰ ਸਰਕਾਰੀ ਕੰਮ ਕਾਜ ਵਿੱਚ ਹਿੰਦੀ ਭਾਸ਼ਾ ਨੂੰ ਵੀ ਸ਼ਾਮਲ ਕਰ ਲਵੇ ਪਰ ਪੰਜਾਬੀ ਭਾਸ਼ਾ ਨੂੰ ਖਤਮ ਨਾ ਕਰੇ..॥ ਇਸ ਨਾਲ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਬੋਲਣ ਵਾਲੇ ਪਰਿਵਾਰਾਂ ਨਾਲ ਸਰਾਸਰ ਨਾਇਨਸਾਫੀ ਹੈ..॥ ਇਸ ਮੌਕੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਡੋਗਰੀ ਪੰਜਾਬੀ ਭਾਸ਼ਾ ਦੀ ਹੀ ਇੱਕ ਉਪ ਬੋਲੀ ਹੈ ਪਰ ਜਦੋਂ ਸਰਕਾਰ ਨੇ ਪੰਜਾਬੀ ਭਾਸ਼ਾ ਨੂੰ ਹੀ ਖਤਮ ਕਰ ਦਿੱਤਾ ਹੈ ਤਾਂ ਉਪ ਬੋਲੀ ਡੋਗਰੀ ਦਾ ਕੀ ਮਹੱਤਵ ਰਹਿ ਜਾਵੇਗਾ..॥ ਇਸ ਸਮੇਂ ਯੂਥ ਆਫ ਪੰਜਾਬ ਨੇ ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਆਪਣੇ ਇਸ ਫੈਸਲੇ ਉੱਪਰ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ ਅਤੇ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ..॥ ਇਸ ਮੌਕੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਤੋਂ ਇਲਾਵਾ ਸਰਪ੍ਰਸਤ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਪ੍ਰਧਾਨ ਰਮਾਂਕਾਤ ਕਾਲੀਆ, ਮੀਤ ਪ੍ਰਧਾਨ ਬੱਬੂ ਮੋਹਾਲੀ, ਚੀਫ ਕੁਆਰਡੀਨੇਟਰ ਜੱਗੀ ਧਨੋਆ, ਜਨਰਲ ਸਕੱਤਰ ਲੱਕੀ ਕਲਸੀ, ਸਕੱਤਰ ਅਮ੍ਰਿਤ ਜੌਲੀ, ਸਕੱਤਰ ਸਤਨਾਮ ਧੀਮਾਨ, ਪ੍ਰੈਸ ਸਕੱਤਰ ਕਾਕਾ ਰਣਜੀਤ ਸਮੇਤ ਹੋਰ ਮੈਂਬਰ ਸਾਹਿਬਾਨ ਹਾਜਰ ਸਨ..॥