ਕੁਰਾਲੀ 4ਜੁਲਾਈ(ਮਾਰਸ਼ਲ ਨਿਊਜ਼) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਮਾਜਰੀ ਦੀ ਟੀਮ ਵੱਲੋ ਕੰਢੀ ਖੇਤਰ ਵਿੱਚ ਪਾਣੀ ਦੀ ਕਮੀ ਕਾਰਨ ਅਤੇ ਕਰੋਨਾ ਬਿਮਾਰੀ ਦੇ ਚਲਦਿਆਂ ਲੇਬਰ ਦੀ ਘਾਟ ਨੂੰ ਮੁੱਖ ਰੱਖਦੇ ਹੋਏ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਸੀ ਕਿ ਵੱਧ ਤੋਂ ਵੱਧ ਰਕਬਾ ਮੱਕੀ ਦੀ ਫਸਲ ਅਤੇ ਝੋਨੇ ਦੀ ਸਿੱਧੀ ਬਿਜਾਈ ਹੇਠ ਲਿਆਂਦਾ ਜਾਵੇ।
ਡਾਂ ਕਾਹਨ ਸਿੰਘ ਪੰਨੂੰ ਸਕੱਤਰ ਖੇਤੀਬਾੜੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਮਾਜਰੀ ਨੇ ਦੱਸਿਆ ਕਿ ਇਹਨਾਂ ਫਸਲਾਂ ਦੀ ਹਾਲਤ ਵੇਖਣ ਲਈ ਖੇਤੀ ਮਾਹਿਰਾਂ ਦੀ ਟੀਮ ਵੱਲੋਂ ਪਿੰਡ ਨਿਹੋਲਕਾ, ਦੁਸਾਰਨਾ, ਰਾਮਪੁਰਾ ਟੱਪਰੀਆਂ,ਮੁੱਲਾਂਪੁਰ ਸੋਢੀਆਂ, ਮੰਧੋ ਮਸਤਾਨਾ ਅਤੇ ਮੰਧੋ ਭਾਗ ਸਿੰਘ ਵਿਖੇ ਦੌਰਾ ਕੀਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾਂ ਗੁਰਬਚਨ ਸਿੰਘ ਨੇ ਦੱਸਿਆ ਕਿ ਇਸ ਦੌਰੇ ਦੌਰਾਨ ਝੋਨੇ ਦੀ ਸਿੱਧੀ ਬਿਜਾਈ ਵਿੱਚ ਨਦੀਨਾਂ ਦੀ ਸਮੱਸਿਆ ਦੇ ਹੱਲ ਬਾਰੇ,ਕਿੰਨੇ ਦਿਨਾਂ ਤੇ ਪਾਣੀ ਦੇਣ ਅਤੇ ਖਾਦਾਂ ਦੀ ਵਰਤੋਂ ਸਹੀ ਸਮੇਂ ਸਹੀ ਮਾਤਰਾ ਵਿੱਚ ਲੋੜ ਅਨੁਸਾਰ ਪੀ ਏ ਯੂ ਦੀ ਸਿਫਾਰਸ਼ ਮੁਤਾਬਿਕ ਕਰਨ ਬਾਰੇ ਕਿਸਾਨਾਂ ਨੂੰ ਸਲਾਹ ਦਿੱਤੀ। ਤਾਂ ਜੋ ਫਸਲ ਨੂੰ ਕਿਸੇ ਵੀ ਕਿਸਮ ਦੀ ਕੋਈ ਘਾਟ /ਸਮੱਸਿਆ ਨਾ ਆਵੇ ਕਿਉਂ ਕਿ ਲੋੜ ਤੋਂ ਜਿਆਦਾ ਖਾਦ ਵੀ ਫਸਲ ਨੂੰ ਖਰਾਬ ਕਰਦੀ ਹੈ ਅਤੇ ਖਰਚੇ ਵੀ ਵੱਧ ਹੁੰਦੇ ਹਨ।

ਇਸ ਤੋਂ ਇਲਾਵਾ ਪਿੰਡ ਮੰਧੋ ਮਸਤਾਨਾ ਵਿਖੇ ਗੁਰਦੀਪ ਸਿੰਘ ਦੇ ਖੇਤ ਵਿਚ ਮੱਕੀ ਦੀ ਫਸਲ ਦੀ ਬਿਜਾਈ ਕਰਵਾਈ ਗਈ ਅਤੇ ਨਾਲ ਹੀ ਕਿਸਾਨ ਵਲੋ ਪਹਿਲਾਂ ਬੀਜੀ ਮੱਕੀ ਦੀ ਫਸਲ ਦੇ ਖੇਤ ਦਾ ਨਿਰੀਖਣ ਕੀਤਾ । ਨਿਰੀਖਣ ਦੌਰਾਨ ਮੱਕੀ ਦੀ ਫਸਲ ਤੇ ਗੜੂੰਆ ਦਾ ਹਮਲੇ ਵੇਖਿਆ ਅਤੇ ਇਸ ਦੀ ਰੋਕਥਾਮ ਲਈ 40 ਮਿਲੀਲਿਟਰ ਕੋਰਾਜਨ 18.5 ਐਸ ਸੀ ਦਾ 60-80 ਲੀਟਰ ਪਾਣੀ ਪ੍ਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰਨ ਦੀ ਸਲਾਹ ਦਿੱਤੀ। ਇਸ ਦੌਰਾਨ ਟੀਮ ਵੱਲੋਂ ਬਾਜਰੇ ਦੀ ਫਸਲ ਦੇ ਬੂਟਿਆਂ ਦੀਆਂ ਗੋਭਾਂ ਸੁੱਕੀਆਂ ਵੇਖੀਆਂ ਅਤੇ ਕਿਸਾਨਾਂ ਨੂੰ ਕਿਹਾ ਕਿ ਇਸ ਦੀ ਰੋਕਥਾਮ ਲਈ ਪਹਿਲਾਂ ਬੀਜ ਨੂੰ 10 ਮਿਲੀਲਿਟਰ ਸਲੇਅਰ 30 ਐਫ਼ ਐਸ ਪ੍ਤੀ ਕਿਲੋਗ੍ਰਾਮ ਬੀਜ ਦੇ ਹਿਸਾਬ ਨਾਲ ਸੋਧ ਕੇ ਬੀਜਿਆ ਜਾਵੇ । ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਕਿਸਮ ਦੀ ਕੋਈ ਫਸਲ ਤੇ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਖੇਤੀਬਾੜੀ ਵਿਭਾਗ ਨਾਲ ਸੰਪਰਕ ਕੀਤਾ ਜਾਵੇ। ਇਸ ਟੀਮ ਵਿੱਚ ਗੁਰਚਰਨ ਸਿੰਘ ਟੈਕਨੀਸ਼ੀਅਨ, ਸਵਿੰਦਰ ਕੁਮਾਰ ਅਤੇ ਜਸਵੰਤ ਸਿੰਘ ਏ ਟੀ ਐਮ ਹਾਜਰ ਸਨ।