ਯੂਥ ਆਫ਼ ਪੰਜਾਬ ਦਾ ਟੈਕਸੀ ਕਾਰੋਬਾਰੀਆਂ ਦੇ ਹੱਕ ਚ ਹਾਅ ਦਾ ਨਾਅਰਾ ਟੈਕਸੀਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਆਰਥਿਕ ਸਹਾਇਤਾ ਦੇ ਨਾਲ ਨਾਲ ਦੁਰਘਟਨਾ ਬੀਮਾ ਕੀਤਾ ਜਾਵੇ
ਐਸ.ਏ.ਐਸ ਨਗਰ, 16 ਜੂਨ (ਮਾਰਸ਼ਲ ਨਿਊਜ਼ ) ਸਮਾਜਸੇਵੀ ਸੰਸਥਾ ਯੂਥ ਆਫ ਪੰਜਾਬ ਦੇ ਔਹਦੇਦਾਰਾਂ ਵਲੋਂ ਸੰਸਥਾ ਦੇ ਪ੍ਰਧਾਨ ਸ੍ਰ. ਪਰਮਦੀਪ ਸਿੰਘ ਬੈਦਵਾਣ ਦੀ ਅਗਵਾਈ ਹੇਠ ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਮੁਹਾਲੀ ਸ੍ਰੀ ਵਿਜੈ ਸ਼ਰਮਾ ਟਿੰਕੂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਕੋਰੋਨਾ ਵਾਇਰਸ ਕਾਰਨ ਹੋਏ ਲਾਕ ਡਾਊਨ ਦੌਰਾਨ ਟੈਕਸੀਆਂ ਦਾ ਕੰਮ ਕਾਰ ਤਬਾਹ ਹੋਣ ਕਾਰਨ ਇਸ ਕਿੱਤੇ ਨਾਲ ਸੰਬਧਿਤ ਲੋਕਾਂ ਦੀ ਮਦਦ ਕਰਨ ਲਈ ਮੰਗ ਪੱਤਰ ਦਿੱਤਾ|
ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਮਾਹਾਂਮਾਰੀ ਦੇ ਚਲਦੇ ਲਾਕ ਡਾਊਨ ਤੋਂ ਬਾਅਦ ਹੁਣ ਬੇਸ਼ੱਕ ਦੁਕਾਨਾਂ ਖੋਲਣ ਦੀ ਮੰਜੂਰੀ ਤਾਂ ਮਿਲ ਚੁੱਕੀ ਹੈ ਪਰਤੂੰ ਹਾਲੇ ਵੀ ਅਜਿਹੇ ਕਈ ਕੰਮ ਹਨ ਜੋ ਬੰਦ ਪਏ ਸਨ ਜਿਨ੍ਹਾਂ ਵਿੱਚ ਟੈਕਸੀਆਂ ਦਾ ਕੰਮ ਵੀ ਸ਼ਾਮਿਲ ਹੈ ਜਿਹੜਾ ਮਾਹਾਂਮਾਰੀ ਕਾਰਨ ਲੱਗੇ ਲਾਕ ਡਾਊਨ ਦੇ ਸ਼ੁਰੂ ਹੁੰਦਿਆਂ ਹੀ ਬੰਦ ਹੋ ਗਿਆ ਸੀ ਅਤੇ ਇਸ ਕਾਰਨ ਟੈਕਸੀਆਂ ਚਲਾ ਕੇ ਆਪਣਾ ਪਰਿਵਾਰ ਪਾਲਣ ਵਾਲੇ ਲੋਕ ਹੁਣ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਚੁੱਕੇ ਹਨ|
ਮੰਗ ਪੱਤਰ ਦੇ ਅਨੁਸਾਰ ਕਿਹਾ ਗਿਆ ਹੈ ਕਿ ਇਸ ਕਿੱਤੇ ਨਾਲ ਸੰਬਧਿਤ ਲੋਕਾਂ ਕੋਲ ਜੋ ਵੀ ਥੋੜੀ ਬਹੁਤੀ ਬਚਤ ਸੀ, ਉਹ ਵੀ ਹੁਣ ਖਤਮ ਹੋ ਚੁੱਕੀ ਹੈ| ਜਿਸ ਕਾਰਨ ਕਈ ਪਰਿਵਾਰਾਂ ਨੂੰ ਮੰਗ ਕੇ ਖਾਣ ਤੱਕ ਦੀ ਨੌਬਤ ਵੀ ਆ ਚੁੱਕੀ ਹੈ| ਪੱਤਰ ਵਿੱਚ ਕਿਹਾ ਗਿਆ ਹੈ ਕਿ ਟੈਕਸੀਆਂ ਦਾ ਕੰਮ ਅਜੇ ਵੀ ਨਹੀਂ ਚਲ ਸਕਦਾ ਕਿਉਂਕਿ ਇਨਾਂ ਦਾ ਜਿਆਦਾਤਰ ਕੰਮ ਟੂਰਿਸਟਾਂ ਅਤੇ ਵਿਦੇਸ਼ੀ ਸੈਲਾਨੀਆਂ ਉੱਤੇ ਨਿਰਭਰ ਕਰਦਾ ਹੈ ਅਤੇ ਅੰਤਰਰਾਸ਼ਟਰੀ ਉਡਾਣਾਂ ਬੰਦ ਹੋਣ ਕਾਰਨ ਇਨਾਂ ਸੈਲਾਨੀਆਂ ਦਾ ਆਉਣਾ-ਜਾਣਾ ਪੂਰੀ ਤਰ੍ਹਾਂ ਬੰਦ ਹੈ| ਇਸਦੇ ਨਾਲ ਹੀ ਹੁਣ ਲੱਗਭਗ ਹਰੇਕ ਸੂਬੇ ਵਲੋਂ ਆਪਣੇ ਬਾਡਰ ਸੀਲ ਕਰ ਦਿੱਤੇ ਗਏ ਹਨ ਤਾਂ ਜੋ ਇਸ ਬੀਮਾਰੀ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ|
ਪੱਤਰ ਵਿੱਚ ਕਿਹਾ ਗਿਆ ਹੈ ਕਿ ਟੈਕਸੀਆਂ ਦੇ ਕਿੱਤੇ ਨਾਲ ਸੰਬਧਿਤ ਲੋਕਾਂ ਵਲੋਂ ਸਰਕਾਰ ਨੂੰ ਸਮੇਂ ਸਿਰ ਟੈਕਸ ਅਤੇ ਟੋਲ ਟੈਕਸ ਦੇ ਕੇ ਦੇਸ਼ ਦੀ ਆਰਥਿਕਤਾ ਵਿੱਚ ਆਪਣਾ ਯੋਗਦਾਨ ਦਿੱਤਾ ਜਾਂਦਾ ਰਿਹਾ ਹੈ ਅਤੇ ਹੁਣ ਸੰਕਟ ਦੀ ਇਸ ਘੜੀ ਵਿੱਚ ਸਰਕਾਰ ਵਲੋਂ ਇਸ ਕਿੱਤੇ ਨਾਲ ਸੰਬਧਿਤ ਲੋਕਾਂ ਲਈ ਕੋਈ ਰਾਹਤ ਜਰੂਰੀ ਤੌਰ ਤੇ ਦਿੱਤੀ ਜਾਣੀ ਬਣਦੀ ਹੈ|
ਸ੍ਰ. ਬੈਦਵਾਨ ਨੇ ਕਿਹਾ ਕਿ ਇਸ ਮਾਹਾਂਮਾਰੀ ਦੇ ਚਲਦੇ ਸਰਕਾਰ ਵਲੋਂ ਤਕਰੀਬਨ ਹਰੇਕ ਵਰਗ ਦੀ ਮਦਦ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ ਪਰਤੂੰ ਟੈਕਸੀਆਂ ਨਾਲ ਸੰਬਧਿਤ ਲੋਕਾਂ ਨੂੰ ਸਰਕਾਰ ਵਲੋਂ ਪੂਰੀ ਤਰ੍ਹਾਂ ਅਣਗੌਲਿਆ ਜਾ ਰਿਹਾ ਹੈ ਜਿਸ ਕਾਰਨ ਟੈਕਸੀ ਚਾਲਕਾਂ ਵਿੱਚ ਨਿਰਾਸ਼ਤਾ ਪਾਈ ਜਾ ਰਹੀ ਹੈ| ਉਹਨਾਂ ਦੱਸਿਆ ਕਿ ਇਸ ਆਰਥਿਕ ਤੰਗੀ ਦੇ ਚਲਦੇ ਪ੍ਰੇਸ਼ਾਨੀ ਕਾਰਨ ਪਿੱਛਲੇ ਦਿਨੀਂ ਦੋ ਟੈਕਸੀ ਚਾਲਕਾਂ ਵਲੋਂ ਖੁਦਕੁਸ਼ੀ ਕਰਨ ਦੀ ਘਟਨਾ ਵੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਵੀ ਉਨ੍ਹਾਂ ਦੇ ਪਰਿਵਾਰਾਂ ਦੀ ਕਿਸੇ ਵੀ ਰਾਜਨੀਤਿਕ ਜਾਂ ਪ੍ਰਸ਼ਾਸਨਿਕ ਆਗੂ ਵਲੋਂ ਮਦਦ ਨਹੀਂ ਕੀਤੀ ਗਈ|
ਵਫਦ ਵਿੱਚ ਸ਼ਾਮਿਲ ਆਗੂਆਂ ਨੇ ਮੰਗ ਕੀਤੀ ਕਿ ਟੈਕਸੀ ਗੱਡੀਆਂ ਦੇ ਕਰਜੇ ਦੀਆਂ ਕਿਸ਼ਤਾਂ ਬਿਨਾਂ ਵਿਆਜ ਤੋਂ ਇੱਕ ਸਾਲ ਲਈ ਅੱਗੇ ਕੀਤੀਆਂ ਜਾਣ, ਟੈਕਸੀ ਗੱਡੀਆਂ ਦੇ ਬੀਮੇ ਵਿੱਚ 50 ਫੀਸਦੀ ਛੋਟ ਮਿਲੇ, ਟੈਕਸੀ ਗੱਡੀਆਂ ਦਾ ਸਟੇਟ ਟੈਕਸ, ਪਾਸਿੰਗ ਪਰਮਿਟ ਫੀਸ ਇੱਕ ਸਾਲ ਲਈ ਮੁਆਫ ਹੋਵੇ, ਟੈਕਸੀ ਗੱਡੀਆਂ ਨੂੰ ਇੱਕ ਹੋਰ ਸਾਲ ਲਈ ਨੈਸ਼ਨਲ ਪਰਮਿਟ ਦੇਣ, ਟੈਕਸੀ ਗੱਡੀਆਂ ਨੂੰ ਸਰਕਾਰੀ ਅਦਾਰਿਆਂ ਵਿੱਚ ਪਹਿਲ ਦੇ ਆਧਾਰ ਤੇ ਕੰਮ ਦੇਣ, ਟੈਕਸੀ ਡਰਾਈਵਰਾਂ ਨੂੰ ਹਰ ਮਹੀਨੇ 10 ਹਜਾਰ ਰੁਪਏ ਦੀ ਵਿੱਤੀ ਮਦਦ ਦੇਣ ਅਤੇ ਟੈਕਸੀ ਚਾਲਕਾਂ ਦਾ 20 ਲੱਖ ਰੁਪਏ ਦਾ ਦੁਰਘਟਨਾ ਬੀਮਾ ਕਰਨ ਦੀ ਮੰਗ ਕੀਤੀ ਗਈ| ਵਫਦ ਵਿੱਚ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ, ਬਬੂ ਮੁਹਾਲੀ, ਗੁਰਜੀਤ ਸਿੰਘ ਮਾਮਾ ਮਟੌਰ, ਜੋਨੀ ਮੁਹਾਲੀ, ਇਸ਼ਾਨ ਮੁਹਾਲੀ, ਅਤੇ ਸੰਸਥਾ ਦੇ ਕਈ ਹੋਰ ਅਹੁਦੇਦਾਰ ਹਾਜ਼ਰ ਸਨ।