ਮੁੱਖ ਮੰਤਰੀ ਵੱਲੋਂ ਜੰਮੂ ਕਸ਼ਮੀਰ ਦੇ ਸ਼ੌਪੀਆ ‘ਚ ਮਾਰੇ ਗਏ ਸੇਬ ਵਪਾਰੀ ਦੇ ਪਰਿਵਾਰ ਨੂੰ 2 ਲੱਖ ਰੁਪਏ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ

੍ਹ ਮ੍ਰਿਤਕ ਦੇਹ ਜੱਦੀ ਪਿੰਡ ਪੁੱਜੀ, ਡਿਪਟੀ ਕਮਿਸ਼ਨਰ ਸੂਬਾ ਸਰਕਾਰ ਵੱਲੋਂ ਸਸਕਾਰ ਮੌਕੇ ਹੋਣਗੇ ਹਾਜ਼ਰ

ਚੰਡੀਗੜ੍ਹ, 17 ਅਕਤੂਬਰ

ਜੰਮੂ ਕਸ਼ਮੀਰ ਦੇ ਸ਼ੌਪੀਆ ਜ਼ਿਲੇ ਵਿੱਚ ਬੀਤੀ ਰਾਤ ਅਤਿਵਾਦ ਹਮਲੇ ਵਿੱਚ ਮਾਰੇ ਗਏ ਫਾਜ਼ਿਲਕਾ ਦੇ ਸੇਬ ਵਪਾਰੀ ਦੇ ਪਰਿਵਾਰ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ 2 ਲੱਖ ਰੁਪਏ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ।

ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਉਹ ਸ਼ੁੱਕਰਵਾਰ ਦੀ ਸਵੇਰ ਮ੍ਰਿਤਕ ਚਰਨਜੀਤ ਸਿੰਘ ਦੇ ਜੱਦੀ ਪਿੰਡ ਵਿੱਚ ਸਸਕਾਰ ਮੌਕੇ ਸੂਬਾ ਸਰਕਾਰ ਵੱਲੋਂ ਹਾਜ਼ਰ ਰਹਿਣਗੇ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਚਰਨਜੀਤ ਸਿੰਘ ਦੀ ਮ੍ਰਿਤਕ ਦੇਹ ਅੱਜ ਹਵਾਈ ਰਾਸਤੇ ਰਾਹੀਂ ਅੰਮ੍ਰਿਤਸਰ ਪਹੁੰਚੀ ਸੀ ਜਿੱਥੋਂ ਉਹ ਅੱਜ ਉਨ੍ਹਾਂ ਦੇ ਜੱਦੀ ਪਿੰਡ ਲਿਆਂਦੀ ਗਈ।

ਮੁੱਖ ਮੰਤਰੀ ਨੇ ਵੀਰਵਾਰ ਨੂੰ ਆਪਣੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਉਹ ਜੰਮੂ ਕਸ਼ਮੀਰ ਸਥਿਤ ਅਥਾਰਟੀ ਨਾਲ ਤਾਲਮੇਲ ਸਥਾਪਤ ਕਰ ਕੇ ਸੇਬ ਵਪਾਰੀ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ ਕੋਸ਼ਿਸ਼ਾਂ ਕਰਨ।

ਮੁੱਖ ਮੰਤਰੀ ਨੇ ਜ਼ਖਮੀ ਹੋਏ ਅਬੋਹਰ ਵਾਸੀ ਸੰਜੀਵ ਲਈ ਵੀ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਜੋ ਕਿ ਇਸ ਵੇਲੇ ਸ੍ਰੀਨਗਰ ਵਿਖੇ ਜ਼ੇਰੇ ਇਲਾਜ ਹੈ। ਉਨ੍ਹਾਂ ਜੰਮੂ ਕਸ਼ਮੀਰ ਅਥਾਰਟੀ ਨੂੰ ਬੇਨਤੀ ਕੀਤੀ ਹੈ ਕਿ ਉਹ ਸੰਜੀਵ ਦਾ ਬਿਹਤਰ ਇਲਾਜ ਕਰਵਾਉਣਾ ਯਕੀਨੀ ਬਣਾਉਣ ਜੋ ਸ਼ੌਪੀਆ ਹਮਲੇ ਵਿੱਚ ਜ਼ਖਮੀ ਹੋ ਗਿਆ ਸੀ।

ਕਸ਼ਮੀਰ ਵਿੱਚ ਬੇਕਸੂਰ ਲੋਕਾਂ ‘ਤੇ ਨਿੱਤ ਦਿਨ ਹੁੰਦੇ ਅਤਿਵਾਦੀ ਹਮਲਿਆਂ ਅਤੇ ਪਾਕਿਸਤਾਨ ਦੀ ਸਹਾਇਤਾ ਪ੍ਰਾਪਤ ਅਤਿਵਾਦੀਆਂ ਵੱਲੋਂ ਮਾਰੇ ਜਾਂਦੇ ਭਾਰਤੀ ਸੈਨਿਕਾਂ ਉਤੇ ਗੁੱਸਾ ਅਤੇ ਦੁੱਖ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਭਾਰਤ ਵੱਲੋਂ ਇਸ ਦਾ ਜਬਰਦਸਤ ਜਵਾਬ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ, ”ਅਸੀਂ ਇਸ ਤਰ੍ਹਾਂ ਅਤਿਵਾਦੀਆਂ ਵੱਲੋਂ ਸਾਡੇ ਲੋਕਾਂ ਨੂੰ ਮਾਰਨਾ ਜਾਰੀ ਰੱਖਣਾ ਬਰਦਾਸ਼ਤ ਨਹੀਂ ਕਰ ਸਕਦੇ।”

LEAVE A REPLY

Please enter your comment!
Please enter your name here