ਪੰਜਾਬ ਆਈਟੀਆਈਜ਼ ਦੀਆਂ ਵਿਦਿਆਰਥਣਾਂ ਦੇਸ਼ ਭਰ ਵਿਚ ਸਭ ਤੋਂ ਵੱਧ ਮਾਸਕ ਤਿਆਰ ਕਰਨ ਵਿਚ ਰ ਹੀਆਂ ਅੱਵਲ
ਚੰਡੀਗੜ੍ਹ, 17 ਮਈ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੀਆਂ ਆਈਟੀਆਈ ਵਿਦਿਆਰਥਣਾਂ ਨੂੰ 10 ਲੱਖ ਮਾਸਕ ਬਣਾਉਣ ਲਈ ਵਧਾਈ ਦਿੱਤੀ ਹੈ। ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਆਈ.ਟੀ.ਆਈ. ਦੀਆਂ ਵਿਦਿਆਰਥਣਾਂ ਨੇ ਹੁਣ ਤੱਕ 10 ਲੱਖ ਮਾਸਕ ਬਣਾਉਣ ਦਾ ਟੀਚਾ ਪ੍ਰਾਪਤ ਕੀਤਾ ਹੈ ਅਤੇ ਇੰਨੀ ਗਿਣਤੀ ਵਿਚ ਮਾਸਕ ਬਣਾਕੇ ਇਹ ਵਿਦਿਆਰਥਣਾ ਦੇਸ਼ ਦੀਆਂ ਸਾਰੀਆਂ ਆਈ.ਟੀ.ਆਈਜ਼ ਵਿਚੋਂ ਅੱਵਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਰਫ 3 ਲੱਖ ਮਾਸਕ ਤਿਆਰ ਕਰਨ ਵਾਲੇ ਹਰਿਆਣਾ ਆਈਟੀਆਈ ਦੇ ਵਿਦਿਆਰਥੀ ਦੂਜੇ ਸਥਾਨ ‘ਤੇ ਹਨ।
ਤਕਨੀਕੀ ਸਿੱਖਿਆ ਮੰਤਰੀ ਨੇ ਕਿਹਾ ਕਿ ਸਾਰੇ ਅਧਿਕਾਰੀਆਂ, ਪ੍ਰਿੰਸੀਪਲਾਂ ਅਤੇ ਇੰਸਟ੍ਰਕਟਰਾਂ ਨੇ ਸਾਡੇ ਆਈਟੀਆਈ ਵਿਦਿਆਰਥੀਆਂ ਨੂੰ ਕੋਵਿਡ -19 ਵਿਰੁੱਧ ਲੜਾਈ ਵਿਚ ਆਪਣਾ ਹਿੱਸਾ ਪਾਉਣ ਲਈ ਆਪਣੇ ਘਰ ਬੈਠੇ ਮਾਸਕ ਬਣਾਉਣ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਮਿਸਾਲੀ ਕੰਮ ਰਾਜ ਦੀਆਂ 78 ਸਰਕਾਰੀ ਆਈ.ਟੀ.ਆਈ. ਵਿਚ ਐਪਰਲ ਟਰੇਡ ਦੀ ਪੜ੍ਹਾਈ ਕਰਨ ਵਾਲੀਆਂ ਤਕਰੀਬਨ 4500 ਵਿਦਿਆਰਥਣਾਂ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਵੱਲੋਂ ਮਾਸਕ ਦੀ ਸਿਲਾਈ, ਸੇਵਾ ਵਜੋਂ ਕੀਤੀ ਗਈ ਹੈ। ਚੰਨੀ ਨੇ ਅੱਗੇ ਕਿਹਾ ਕਿ ਇਨ੍ਹਾਂ ਆਈ.ਟੀ.ਆਈਜ਼ ਦੇ ਪ੍ਰਿੰਸੀਪਲ ਅਤੇ ਸਟਾਫ ਦਾਨ ਰਾਹੀਂ ਇਕੱਠੇ ਕੀਤੇ ਕੱਚੇ ਮਾਲ ਨੂੰ ਵਿਦਿਆਰਥੀਆਂ ਦੇ ਘਰਾਂ `ਤੇ ਪਹੁੰਚਾਇਆ ਅਤੇ ਫਿਰ ਸਵੈ ਦੂਰੀ ਬਣਾਈ ਰੱਖਣ ਲਈ ਉਨ੍ਹਾਂ ਦੇ ਘਰਾਂ ਤੋਂ ਹੀ ਮਾਸਕ ਇਕੱਤਰ ਕੀਤੇ।
ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਕਿਹਾ ਕਿ ਸਭ ਤੋਂ ਚੰਗੀ ਗੱਲ ਇਹ ਹੈ ਕਿ ਸਥਾਨਕ ਪ੍ਰਸ਼ਾਸਨ ਦੇ ਗੈਰ ਸਰਕਾਰੀ ਸੰਗਠਨਾਂ, ਆਈਐਮਸੀ ਦੇ ਚੇਅਰਮੈਨ ਅਤੇ ਉਦਯੋਗਪਤੀਆਂ ਨੇ ਦਾਨ ਰਾਹੀਂ ਕੱਚਾ ਮਾਲ ਇਕੱਠਾ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਸਥਾਨਕ ਪ੍ਰਸ਼ਾਸਨ, ਸਿਹਤ ਕਰਮਚਾਰੀਆਂ, ਮਿਊਂਸੀਪਲ ਕਾਰਪੋਰੇਸ਼ਨ, ਕੋਵਿਡ ਯੋਧਿਆਂ ਅਤੇ ਲੋੜਵੰਦ ਵਿਅਕਤੀਆਂ ਜਿਵੇਂ ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਕਿਸਾਨਾਂ, ਪ੍ਰਵਾਸੀ ਮਜ਼ਦੂਰਾਂ ਨੂੰ ਮਾਸਕ ਮੁਫਤ ਵੰਡੇ ਗਏ ਹਨ।