ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ

ਮੁੱਖ ਪੰਡਾਲ ਵਿਚ ਗੁਰਬਾਣੀ ਦੇ ਰਸਭਿੰਨੇ ਕੀਰਤਨ ਨਾਲ ਨਿਹਾਲ ਹੋਈਆਂ ਸੰਗਤਾਂ

ਪੰਥ ਪ੍ਰਸਿੱਧ ਕੀਰਤਨੀ ਜੱਥਿਆਂ ਨੇ ਕੁਦਰਤ ਦੇ ਕਾਦਰ ਦੀ ਕੀਤੀ ਸਿਫਤ ਸਲਾਹ

ਚੰਡੀਗੜ੍ਹ/ਸੁਲਤਾਨਪੁਰ ਲੋਧੀ, ਕਪੂਰਥਲਾ, 10 ਨਵੰਬਰ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਚਰਨ ਛੋਹ ਨਾਲ ਸ਼ਰਸਾਰ ਰਹੀ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਤੇ ਐਤਵਾਰ ਦੀ ਸਵੇਰ ਤੋਂ ਸੰਧਿਆ ਵੇਲੇ ਤੱਕ ਮੁੱਖ ਪੰਡਾਲ ਵਿਚ ਜੁਗੋ ਜੁਗ ਅਟਲ ਸ੍ਰੀ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜੇ ਦਿਵਾਨਾਂ ਵਿਚ ਅੱਜ ਗੁਰਬਾਣੀ ਦੇ ਇਲਾਹੀ ਕੀਰਤਨ ਨੇ ਸੰਗਤਾਂ ਨੂੰ ਗੁਰ ਚਰਨਾਂ ਨਾਲ ਜੋੜਿਆ। ਸਿੱੱਖ ਪੰਥ ਦੇ ਪ੍ਰਸਿੱਧ ਵੱਖ ਵੱਖ ਕੀਰਤਨੀ ਜੱਥਿਆਂ ਨੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।

ਸਿਮਰਿ ਸਿਮਰਿ ਪੂਰਨ ਪ੍ਰਭੂ, ਕਾਰਜ ਭਏ ਰਾਸਿ,

ਕਰਤਾਰਪੁਰਿ ਕਰਤਾ ਵਸੈ ਸੰਤਨ ਕੈ ਪਾਸਿ£

ਇਸ ਸ਼ਬਦ ਰਾਹੀਂ ਜਦ ਭਾਈ ਸਤਿੰਦਰਪਾਲ ਸਿੰਘ ਸੁਲਤਾਨਪੁਰ ਲੋਧੀ ਵਾਲਿਆਂ ਦੇ ਜੱਥੇ ਨੇ ਇਲਾਹੀ ਬਾਣੀ ਦਾ ਕੀਰਤਨ ਛੋਹਿਆ ਤਾਂ ਸਭ ਸੰਗਤਾਂ ਨੇ ਇਕਮਨ ਹੋ ਉਸ ਇਲਾਹੀ ਜੋਤ ਦੀ ਉਸਤਤ ਵਿਚ ਹਿੱਸੇਦਾਰੀ ਪਾਈ ਕਿਉਂਕਿ ਵਾਹਿਗੁਰੂ ਦੇ ਸਿਮਰਨ ਨਾਲ ਹੀ ਮਨੁੱਖ ਦੇ ਸਭੈ ਕਾਰਜ ਰਾਸ ਹੁੰਦੇ ਹਨ।

ਇਸ ਤੋਂ ਬਾਅਦ ਪ੍ਰਿੰਸੀਪਲ ਸੁਖਵੰਤ ਸਿੰਘ ਜਡਿੰਆਲਾ ਨੇ ਜੀਵਨ ਵਿਚ ਸੱਚੇ ਗੁਰੂ ਦੇ ਮਹੱਤਵ ਨੂੰ ਉਜਾਗਰ ਕਰਦਾ ਗੁਰਬਾਣੀ ਦਾ ਸ਼ਬਦ

ਮਤ ਕੋ ਭਰਮਿ ਭੁਲੈ ਸੰਸਾਰਿ,

ਗੁਰ ਬਿਨ ਕੋਈ ਨ Àਤਰਸਿ ਪਾਰਿ£

ਦਾ ਗਾਇਨ ਕੀਤਾ। ਇਸ ਤੋਂ ਬਾਅਦ ਉਨਾਂ ਦੇ ਜੱਥੇ ਨੇ ਪੁਰਾਤਨ ਤੰਤੀ ਸਾਜਾਂ ਸਮੇਤ ਮਾਰੂ ਰਾਗ ਵਿਚ ਕਰਤੇ ਅੱਗੇ ਇਕ ਸਿੱਖ ਦੇ ਹਿਰਦੇ ਦੀ ਪੀੜ ਬਿਆਨ ਕਰਦਾ ਸ਼ਬਦ ਛੋਹਿਆ

ਜੋ ਮੈ ਬੇਦਨ ਸਾ ਕਿਸੁ ਆਖਾ ਮਾਈ, ਹਰਿ ਬਿਨੁ ਜੀਉ ਨ ਰਹੈ ਕੈਸੇ ਰਾਖਾ ਮਾਈ£

ਇਸ ਤੋਂ ਬਾਅਦ ਬੀਬੀ ਰਾਜਵਿੰਦਰ ਕੌਰ ਅੰਮ੍ਰਿਤਸਰ ਦੇ ਜੱਥੇ ਦੇ ਇਲਾਹੀ ਕੀਰਤਨ ਨਾਲ ਨਗਰੀ ਦੀ ਆਬੋ ਹਵਾ ਵਿਚ ਇਲਾਹੀ ਬਾਣੀ ਦੀਆਂ ਤਰੰਗਾ ਫੈਲ ਗਈਆਂ। ਇਸ ਉਪਰੰਤ ਡਾ: ਗੁਰਿੰਦਰ ਸਿੰਘ ਬਟਾਲਾ, ਭਾਈ ਸਤਵਿੰਦਰ ਸਿੰਘ ਬੋਦਲ, ਬੀਬੀ ਆਸ਼ੂਪ੍ਰੀਤ ਕੌਰ ਜਲੰਧਰ, ਡਾ: ਨਵੇਦਿੱਤਾ ਸਿੰਘ ਪਟਿਆਲਾ ਅਤੇ ਭਾਈ ਬਲਵੰਤ ਸਿੰਘ ਨਾਮਧਾਰੀ ਦੇ ਕੀਰਤਨੀ ਜੱਥਿਆਂ ਨੇ ਗੁਰਬਾਣੀ ਗਾਇਨ ਰਾਹੀਂ ਇਸ ਬ੍ਰਹਿਮੰਡ ਦੇ ਨਿਰਵੈਰ, ਨਿਰਭਓ, ਸਿਰਜਣਹਾਰੇ ਦੀ ਉਸਤਤ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ।

ਇਸ ਮੌਕੇ ਮਾਲ ਵਿਭਾਗ ਕੈਬਨਿਟ ਮੰਤਰੀ ਸ: ਗੁਰਪ੍ਰੀਤ ਸਿੰਘ ਕਾਂਗੜ ਅਤੇ ਸਥਾਨਕ ਵਿਧਾਇਕ ਸ: ਨਵਤੇਜ ਸਿੰਘ ਚੀਮਾ ਨੇ ਵੀ ਸੰਗਤਾਂ ਨਾਲ ਨਿਮਾਣੇ ਸਿੱਖ ਵਿਚ ਗੁਰੂ ਜੀ ਦੇ ਦਰਬਾਰ ਵਿਚ ਹਾਜਿਰੀ ਭਰੀ। ਇਸ ਤੋਂ ਬਿਨਾਂ ਬਾਬਾ ਪ੍ਰਗਟ ਸਿੰਘ ਚੋਲਾ ਸਾਹਿਬ ਵਾਲੇ, ਬਾਬਾ ਸਾਹਿਬ ਸਿੰਘ, ਬਾਬਾ ਪ੍ਰਿਤਪਾਲ ਸਿੰਘ, ਬਾਬਾ ਬੀਰਾ ਸਿੰਘ ਸਿਰਹਾਲੀ ਸਾਹਿਬ ਵਾਲੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੋਏ।

LEAVE A REPLY

Please enter your comment!
Please enter your name here