ਕੁਰਾਲੀ 13 ਸਤੰਬਰ (ਰਣਜੀਤ ਸਿੰਘ)ਜੇਕਰ ਝੋਨੇ ਅਤੇ ਬਾਸਮਤੀ ਦੀ ਫਸਲ ਦੇ ਨਿਸਰਣ ਸਮੇਂ ਮੀਂਹ, ਬੱਦਲਵਾਈ ਅਤੇ ਵਧੇਰੇ ਸਿੱਲ ਰਹੇ ਤਾਂ ਝੂਠੀ ਕਾਂਗਿਆਰੀ ਬਿਮਾਰੀ ਦਾ ਖਤਰਾ ਜਿਆਦਾ ਬਣਿਆ ਰਹਿੰਦਾ ਹੈ। ਇਹ ਬਿਮਾਰੀ ਬਹੁਤਾ ਝਾੜ ਦੇਣ ਵਾਲੀਆਂ ਅਤੇ ਗੈਰ ਸਿਫਾਰਿਸ਼ ਕਿਸਮਾਂ ਨੂੰ ਵਧੇਰੇ ਲੱਗਣ ਦੀ ਸੰਭਾਵਨਾ ਰਹਿੰਦੀ ਹੈ। ਇਸ ਲਈ ਫਸਲ ਨੂੰ ਕੀੜੇ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਨਿਰੰਤਰ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ ਇਹ ਵਿਚਾਰ ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਬਲਾਕ ਮਾਜਰੀ ਨੇ ਮੁੱਖ ਖੇਤੀਬਾੜੀ ਅਫਸਰ ਡਾਂ ਰਾਜੇਸ਼ ਕੁਮਾਰ ਰਹੇਜਾ ਦੀ ਅਗਵਾਈ ਹੇਠ ਝੋਨੇ ਅਤੇ ਬਾਸਮਤੀ ਦੀ ਫਸਲ ਉਪਰ ਕੀਟ/ਉਲੀਨਾਸ਼ਕਾਂ ਦੀ ਸੁਚੱਜੀ ਵਰਤੋਂ ਕਰਨ ਬਾਰੇ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਕਹੇ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਝੋਨੇ ਅਤੇ ਬਾਸਮਤੀ ਦੀ ਫਸਲ ਤੇ ਝੂਠੀ ਕਾਂਗਿਆਰੀ (ਹਲਦੀ ਰੋਗ) ਦਾ ਹਮਲਾ ਨੀਵੇਂ ਖੇਤਾਂ ਵਿਚ ਵੱਧ ਹੁੰਦਾ ਹੈ ਅਤੇ ਜਿਹੜੇ ਖੇਤਾਂ ਵਿੱਚ ਪਿਛਲੇ ਸਾਲ ਇਹ ਬਿਮਾਰੀ ਦਾ ਹਮਲਾ ਹੋਇਆ ਸੀ ਉਨ੍ਹਾਂ ਖੇਤਾਂ ਵਿਚ ਸਮੇਂ ਸਿਰ ਉਲੀਨਾਸ਼ਕ ਦਵਾਈ ਦਾ ਛਿੜਕਾਅ ਕਰਕੇ ਬਿਮਾਰੀ ਨੂੰ ਕਾਬੂ ਕੀਤਾ ਜਾ ਸਕਦਾ ਹੈ। ਬਹੁਤੀ ਯੂਰੀਆ ਖਾਦ ਵਰਤਣ ਨਾਲ ਇਸ ਬਿਮਾਰੀ ਦਾ ਵਾਧਾ ਬਹੁਤਾ ਹੁੰਦਾ ਹੈ। ਡਾਂ ਗੁਰਬਚਨ ਸਿੰਘ ਨੇ ਦੱਸਿਆ ਕਿ ਇਹ ਬਿਮਾਰੀ ਬੀਜ ਰਾਹੀਂ ਨਹੀਂ ਆਉਦੀ ਸਗੋਂ ਮਿੱਟੀ ਵਿੱਚ ਡਿੱਗੇ ਉੱਲੀ ਦੇ ਗੋਲਿਆਂ ਤੋਂ ਸ਼ੁਰੂ ਹੁੰਦੀ ਹੈ ਇਸ ਬਿਮਾਰੀ ਨਾਲ ਨਾ ਸਿਰਫ਼ ਝਾੜ ਘੱਟਦਾ ਹੈ ਬਲਕਿ ਦਾਣਿਆਂ ਦੀ ਗੁਣਵੱਤਾ ਵੀ ਘੱਟ ਜਾਂਦੀ ਹੈ। ਇਸ ਬਿਮਾਰੀ ਦੇ ਚਿੰਨ੍ਹ ਸਿਰਫ ਸਿੱਟਾ ਬਣਨ ਸਮੇਂ ਹੀ ਨਜਰ ਆਉਂਦੇ ਹਨ ਬਿਮਾਰੀ ਵਾਲੀ ਉੱਲੀ ਦਾਣਿਆਂ ਨੂੰ ਧੂੜੇਦਾਰ ਉੱਲੀ ਦੇ ਗੋਲਿਆਂ ਵਿੱਚ ਬਦਲ ਦਿੰਦੀ ਹੈ। ਇਸ ਬਿਮਾਰੀ ਦੀ ਰੋਕਥਾਮ ਲਈ ਜਦੋਂ ਫਸਲ ਗੋਭ ਵਿੱਚ ਹੋਵੇ, 500 ਗ੍ਰਾਮ ਕੋਸਾਈਡ 46 ਡੀ ਐਫ ( ਕਾਪਰ ਹਾਈਡਰੋਆਕਸਾਈਡ) ਜਾਂ 400 ਮਿ: ਲਿ: ਗਲੀਲਿਓ ਵੇਅ 18.76 ਐਸ ਸੀ ਨੂੰ 200 ਲੀਟਰ ਪਾਣੀ ਦੇ ਘੋਲ ਵਿੱਚ ਮਿਲਾ ਕੇ ਛਿੜਕਾਅ ਕਰ ਦੇਣਾ ਚਾਹੀਦਾ ਹੈ।

LEAVE A REPLY

Please enter your comment!
Please enter your name here