ਮਾਜਰੀ 14ਅਗਸਤ (ਮਾਰਸ਼ਲ ਨਿਊਜ਼ )ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬਾਸਮਤੀ ਕਾਸ਼ਤਕਾਰਾਂ ਨੂੰ ਸਾਵਧਾਨ ਕੀਤਾ ਜਾ ਰਿਹਾ ਹੈ ਕਿ ਇਸ ਸਾਲ ਕੋਵਿਡ-19 ਬਿਮਾਰੀ ਦੇ ਚਲਦਿਆਂ ਬਾਸਮਤੀ ਦੀ ਬਾਹਰਲੇ ਮੁਲਕਾਂ ਵਿਚ ਭਾਰੀ ਮੰਗ ਹੈ ਪਰ ਬਾਸਮਤੀ ਚਾਵਲਾਂ ਵਿੱਚ 9 ਕੀਟਨਾਸ਼ਕ/ਉਲੀਨਾਸ਼ਕ ਦਵਾਈਆਂ ਦੇ ਅੰਸ਼ ਨਿਰਧਾਰਤ ਮਾਤਰਾ ਤੋਂ ਵੱਧ ਪਾਏ ਜਾ ਰਹੇ ਹਨ ਜਿਸ ਕਾਰਨ ਬਾਸਮਤੀ ਚਾਵਲਾਂ ਨੂੰ ਬਾਹਰਲੇ ਮੁਲਕਾਂ ਨੂੰ ਵੇਚਣ ਅਤੇ ਫਸਲ ਦਾ ਚੰਗਾ ਮੁਨਾਫ਼ਾ ਕਮਾਉਣ ਵਿੱਚ ਸਮੱਸਿਆ ਆ ਸਕਦੀ ਹੈ। ਇਸ ਸਬੰਧੀ ਵਧੀਕ ਸਕੱਤਰ ਖੇਤੀਬਾੜੀ ਪੰਜਾਬ ਜੀ ਵਲੋ ਦਿੱਤੇ ਹੁਕਮਾਂ ਅਨੁਸਾਰ ਇਨਾਂ 9 ਕੀਟਨਾਸ਼ਕ/ਉਲੀਨਾਸ਼ਕ ਜਹਿਰਾਂ ਜਿਹਨਾਂ ਵਿੱਚ ਐਸੀਫੇਟ, ਟਰਾਈਜੋਫਾਸ ,ਥਾਇਆਮਿਥੌਕਸਮ,ਕਾਰਬੈਂਡਾਜਿਮ,ਟਰਾਈਪਾਈਕੋਲਾਜਲ,ਬਪਰੋਫੇਜਿਨ,ਕਾਰਬੋਫਿਊਰੋਨ, ਪਰੋਪੀਕੋਨਾਜੋਲ ਅਤੇ ਥਾਇਉਫੀਨੇਟ ਮਿਥਾਇਲ ਦਵਾਈਆਂ ਦੀ ਬਾਸਮਤੀ ਫਸਲ ਉਪਰ ਵਰਤੋਂ ਬਿਲਕੁਲ ਬੰਦ ਕਰ ਦਿੱਤੀ ਹੈ। ਅਗਰ ਬਾਸਮਤੀ ਦੀ ਫਸਲ ਤੇ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਹੋਵੇ ਤਾਂ ਲੋੜ ਪੈਣ ਤੇ ਇਸ ਦੀ ਰੋਕਥਾਮ ਲਈ ਇਲਾਕੇ ਦੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੀ ਸਲਾਹ ਨਾਲ ਬਦਲਵੀਆ ਦਵਾਈਆਂ ਵਰਤੀਆਂ ਜਾਣ। ਇਸ ਮੌਕੇ ਡਾ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਸਰਕਾਰ ਵੱਲੋਂ ਇਨ੍ਹਾਂ ਜਹਿਰਾ ਦੀ ਝੋਨੇ ਅਤੇ ਬਾਸਮਤੀ ਦੀ ਫਸਲ ਉਪਰ ਬਿਲਕੁਲ ਪਾਬੰਦੀ ਲਗਾ ਦਿੱਤੀ ਹੈ ਇਸ ਲਈ ਬਲਾਕ ਮਾਜਰੀ ਦੇ ਸਮੂਹ ਡੀਲਰਾਂ ਨੂੰ ਹਦਾਇਤ ਕੀਤੀ ਕਿ ਉਹ ਬਾਸਮਤੀ ਦੀ ਫਸਲ ਉਪਰ ਇਨ੍ਹਾਂ 9 ਜ਼ਹਿਰਾ ਨੂੰ ਨਾ ਵਰਤਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ,ਇਨ੍ਹਾਂ ਦੀ ਵਿਕਰੀ ਤੋਂ ਗੁਰੇਜ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਕੀਤੀ ਵਿਕਰੀ ਦਾ ਪੂਰਾ ਰਿਕਾਰਡ ਰੱਖਿਆ ਜਾਵੇ ਕਿ ਇਹ ਜ਼ਹਿਰ ਕਿਸ ਫਸਲ ਵਾਸਤੇ ਕਿਸਾਨ ਨੂੰ ਦਿੱਤੀ ਹੈ। ਉਨ੍ਹਾਂ ਸਾਰੇ ਕਿਸਾਨ ਭਰਾਵਾਂ ਨੂੰ ਵੀ ਅਪੀਲ ਕੀਤੀ ਕਿ ਕੋਈ ਵੀ ਖੇਤੀ ਸਮੱਗਰੀ ਲੈਣ ਸਮੇਂ ਪੱਕਾ ਬਿੱਲ ਜਰੂਰ ਲਿਆਂ ਜਾਵੇ ।