ਮਾਰਸ਼ਲ ਨਿਊਜ਼
ਕੀਰਤਪੁਰ ਸਾਹਿਬ, 11 ਨਵੰਬਰ
ਹਰ ਸਾਲ ਦੀ ਤਰਾਂ ਇਸ ਸਾਲ ਵੀ ਉਤਾਰੀ ਭਾਰਤ ਦੀ ਪ੍ਰਸਿੱਧ ਦਰਗਾਹ ਸਾਈਂ ਬੁੱਢਣ ਸ਼ਾਹ ਜੀ ਦੀ ਦਰਗਾਹ ਕੀਰਤਪੁਰ ਸਾਹਿਬ ਵਿਖੇ ਸਾਲਾਨਾ ਉਰਸ ਮੇਲਾ 12 ਨਵੰਬਰ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ. ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਰਗਾਹ ਦੇ ਸੇਵਾਦਾਰ ਬਿੱਟੂ ਸ਼ਾਹ ਜੀ ਨੇ ਮਾਰਸ਼ਲ ਨਾਲ ਗੱਲਬਾਤ ਕਰਦੇ ਹੋਏ ਦਸਿਆ ਕਿ ਇਸ ਵਾਰ ਪ੍ਰਮਾਤਮਾ ਨੇ ਸੰਜੋਗ ਬਣਾ ਦਿੱਤਾ ਹੈ ਕਿ ਜਿਥੇ 12 ਨਵੰਬਰ ਨੂੰ ਪੂਰੇ ਦੇਸ਼ ਵਿਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ, ਉਥੇ ਬਾਬਾ ਜੀ ਨਾਲ ਗੁਰਮਤਿ ਸਾਂਝ ਰੱਖਣ ਵਾਲੇ ਪੀਅਰ ਸਾਈਂ ਬਾਬਾ ਬੁੱਢਣ ਸ਼ਾਹ ਦਾ ਸਾਲਾਨਾ ਉਰਸ (ਜੋਤਿ ਜੋਤ ਸਮਾਉਣਾ ) ਵੀ ਇਸੇ ਦਿਨ ਆ ਗਿਆ ਹੈ. ਜੋ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਅਤੇ ਪੀਰ ਸਾਈਂ ਜੀ ਦੇ ਪਿਆਰਿਆਂ ਲਈ ਬਹੁਤ ਹੀ ਵੱਡੇ ਦਿਹਾੜੇ ਦੇ ਰੂਪ ਵਿਚ ਵੇਖਿਆ ਜਾ ਰਿਹਾ ਹੈ. ਬਿੱਟੂ ਸ਼ਾਹ ਜੀ ਨੇ ਦਸਿਆ ਕਿ ਦੇਸ਼ ਵਿਦੇਸ਼ ਤੋਂ ਸੰਗਤ ਲੱਖਾਂ ਦੀ ਤਾਦਾਤ ਵਿਧ ਨਤਮਸਤਕ ਹੋਣ ਆਉਂਦੀ ਹੈ. ਉਨਾਂ ਦਸਿਆ ਕਿ ਮੇਲੇ ਦਾ ਆਗਾਜ਼ ਸਵੇਰੇ 10 ਵਜੇ ਪੀਰ ਸਾਈਂ ਬੁੱਢਣ ਸ਼ਾਹ ਜੀ ਦੀ ਸਮਾਧੀ ਉਤੇ ਚਾਦਰ ਚੜਾਉਣ ਉਪਰੰਤ ਕਰਾਮਾਤ ਅਲੀ ਮਾਲੇਰਕੋਟਲਾ ਵਾਲੇ ਕੱਵਾਲ ਪ੍ਰਸਿੱਧ ਰਾਗੀ ਜਥਾ ਰਾਜਿੰਦਰ ਰਾਹੀ ਕੀਰਤਨ ਨਾਲ ਮੇਲੇ ਦਾ ਆਗਾਜ਼ ਕਰਨਗੇ. ਇਸ ਦੇ ਨਾਲ ਹੀ ਮਸ਼ਹੂਰ ਸੂਫ਼ੀ ਗਾਇਕ ਵਨੀਤ ਖਾਨ ਕਾਦਰੀ ਗਾਇਕ ਗਰੁੱਪ (ਬਾਲੀਵੁੱਡ ਫੇਮ) ਸਿੰਗਰ ਰਜ਼ੀਆ ਸ਼ਾਨ, ਮਸ਼ਹੂਰ ਪੰਜਾਬੀ ਗਾਇਕ ਮਦਨ ਸ਼ੌਂਕੀ, ਅਤੇ ਸਵੀਟੀ ਖਰੜ, ਆਪਣੀ ਗਾਇਕੀ ਨਾਲ ਸੰਗਤ ਨੂੰ ਨਿਹਾਲ ਕਰਨਗੇ. ਇਸ ਤੋਂ ਇਲਾਵਾ ਦੇਸ਼ ਵਿਦੇਸ਼ ਵਿਚ ਆਪਣੀ ਗਾਇਕੀ ਦਾ ਲੋਹਾ ਮਨਾਉਣ ਵਾਲੇ ਪ੍ਰਸਿੱਧ ਗਾਇਕ ਖ਼ਾਨ ਸਾਹਿਬ ਵਿਸ਼ੇਸ਼ ਰੂਪ ਵਿਚ ਆਪਣੀ ਕਲਾ ਦੇ ਜੌਹਰ ਪੇਸ਼ ਕਰਨਗੇ. ਉਨਾਂ ਦਸਿਆ ਕਿ ਦਰਗਾਹ ਨੂੰ ਕਈ ਕਿਸਮ ਦੇ 101 ਕੁਇੰਟਲ ਰੰਗ ਬਿਰੰਗੇ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ. ਨਗਰ ਵਿਚ ਕਈ ਪ੍ਰਕਾਰ ਦੇ ਪਕਵਾਨ ਸੰਗਤ ਲਈ ਵਰਤਾਏ ਜਾਣਗੇ.