ਸ਼ਿਸਵਾਂ 4ਜੂਨ (ਰਣਜੀਤ ਸਿੰਘ ਕਾਕਾ)ਸ਼ਿਵਾਲਿਕ ਪਹਾੜੀਆਂ ਵਿੱਚ ਵਸਦੇ ਪਿੰਡ ਸਿਸਵਾਂ ਵਿਖੇ ਸ੍ਰੀ ਭੈਰੋਂ ਜਤੀ ਮੰਦਰ ਦਾ ਸਲਾਨਾ ਮੇਲਾ 5 ਜੂਨ ਨੂੰ ਕਰਵਾਇਆ ਜਾ ਰਿਹਾ ਹੈ।
ਮੰਦਰ ਦੇ ਪੁਜਾਰੀ ਦਿਲਬਾਗ ਗਿਰ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਆਮਦ ਦੇ ਮੱਦੇਨਜ਼ਰ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਮੇਤ ਹਰਿਆਣਾ, ਹਿਮਾਚਲ ਅਤੇ ਹੋਰਨਾਂ ਰਾਜਾਂ ਤੋਂ ਸਰਧਾਲੂ ਮੱਥਾ ਟੇਕਣ ਲਈ ਪਹੁੰਚਦੇ ਹਨ।
ਇਸ ਮੰਦਰ ‘ਤੇ ਸਾਲ ਵਿੱਚ ਦੋ ਮੇਲੇ ਭਰਦੇ ਹਨ, ਜੇਠ ਮਹੀਨੇ ਹੋਣ ਵਾਲਾ ਮੇਲਾ ਲੋਕਾਂ ਵਿੱਚ ਜ਼ਿਆਦਾ ਹਰਮਨ ਪਿਆਰਾ ਹੈ। ਇਸ ਮੰਦਰ ਪ੍ਰਤੀ ਲੋਕਾਂ ਵਿੱਚ ਬਹੁਤ ਆਸਥਾ ਹੈ। ਹਰ ਐਤਵਾਰ ਇਲਾਕੇ ਭਰ ਤੋਂ ਹਰ ਧਰਮ ਦੇ ਲੋਕ ਮੰਦਰ ਤੇ ਨਤਮਸਤਕ ਹੋਣ ਲਈ ਆਉਂਦੇ ਹਨ। ਇਲਾਕੇ ਦੀਆਂ ਸੰਗਤਾਂ ਅਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਇਹ ਮੇਲਾ ਧੂਮਧਾਮ ਨਾਲ ਇਸ ਵਾਰ ਵੀ ਹਰ ਸਾਲ ਦੀ ਤਰ੍ਹਾਂ ਭਰੇਗਾ। ਸਦੀਆਂ ਤੋਂ ਇਹ ਸਥਾਨ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਸਥਿਤ ਹੈ। ਕੁਰਾਲੀ ਤੋਂ ਬੱਦੀ ਰੋਡ ‘ਤੇ ਸਥਿਤ ਪ੍ਰਚੀਨ ਮੰਦਰ ਮਾਜਰਾ ਟੀ ਪੁਆਇੰਟ ਤੋਂ ਤਕਰੀਬਨ 2 ਕਿਲੋਮੀਟਰ ਦੂਰੀ ਤੇ ਹੈ। ਸੇਵਾਦਾਰਾਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਇਸ ਥਾਂ ‘ਤੇ ਲਗਾਏ ਜਾ ਰਹੇ ਹਨ ਅਤੇ ਮੰਦਰ ਵੱਲੋਂ ਵੀ ਇਸ ਸਥਾਨ ‘ਤੇ ਲੰਗਰ ਅਤੁੱਟ ਵਰਤੇਗਾ। ਮੰਦਰ ਦੇ ਮੁੱਖ ਸੇਵਾਦਾਰਾਂ ਵਿਚ ਬਾਬਾ ਦਿਲਬਾਗ ਗਿਰ, ਬਾਬਾ ਕੁਲਬੀਰ ਗਿਰ, ਅਮਰ ਗਿਰ (ਸਾਬਕਾ ਸਰਪੰਚ), ਕੁਲਵੰਤ ਗਿਰ ਨੇ ਸ੍ਰੀ ਭੈਰੋਂ ਜਤੀ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਸ਼ਰਧਾਲੂਆਂ ਨੂੰ ਮੇਲੇ ਵਿੱਚ ਹੁੰਮ ਹੁੰਮਾ ਕੇ ਪੁੱਜਣ ਦੀ ਅਪੀਲ ਕੀਤੀ ਹੈ।