• ਸ਼੍ਰੋਮਣੀ ਅਕਾਲੀ ਦਲ ਆਪਣੀ ਵਿਚਾਰਧਾਰਾ ਛੱਡ ਕੇ ਭਾਜਪਾ ਦਾ ਪਿੱਛਲਗ ਬਣਿਆ
ਆਰਡੀਨੈਂਸ ਵਾਪਸ ਕਰਵਾਉਣ ਲਈ ਹਰ ਪੱਧਰ ਉੱਤੇ ਲੜਾਈ ਲੜੀ ਜਾਵੇਗੀ’
ਚੰਡੀਗੜ, 25 ਜੂਨ:(ਮਾਰਸ਼ਲ ਨਿਊਜ਼) ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਬਾਦਲ ਪਰਿਵਾਰ ਨੇ ਪੰਜਾਬ ਖਾਸ ਕਰ ਕੇ ਕਿਸਾਨੀ ਲਈ ਬਹੁਤ ਹੀ ਹਾਨੀਕਾਰਨ ਸਿੱਧ ਹੋਣ ਵਾਲੇ ਆਰਡੀਨੈਂਸਾਂ ਦੀ ਹਿਮਾਇਤ ਕਰ ਕੇ ਸੂਬੇ ਅਤੇ ਕਿਸਾਨਾਂ ਦੇ ਹਿੱਤਾਂ ਨਾਲ ਗੱਦਾਰੀ ਕੀਤੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਜਾਰੀ ਕੀਤੀ ਗਏ ਇਹ ਆਰਡੀਨੈਂਸ ਜਿੱਥੇ ਸੂਬਿਆਂ ਦੇ ਅਧਿਕਾਰਾਂ ਉੱਤੇ ਛਾਪਾ ਮਾਰਦੇ ਹਨ ਉਥੇ ਇਹਨਾਂ ਦੇ ਲਾਗੂ ਹੋਣ ਨਾਲ ਘੱਟੋ ਘੱਟ ਸਮਰਥਨ ਮੁੱਲ ਉੱਤੇ ਫਸਲਾਂ ਦੀ ਯਕੀਨੀ ਖ਼ਰੀਦ ਵਾਲੇ ਚੱਲ ਰਹੇ ਮੰਡੀਕਰਨ ਸਿਸਟਮ ਦੇ ਖਾਤਮੇ ਦਾ ਵੀ ਮੁੱਢ ਬੱਝੇਗਾ।
ਸ੍ਰ ਸਿ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਇਹ ਭਲੀ ਭਾਂਤ ਗਿਆਨ ਹੈ ਕਿ ਇਹਨਾਂ ਆਰਡੀਨੈਂਸਾਂ ਨਾਲ ਸੂਬੇ ਅਤੇ ਇਥੋਂ ਦੇ ਕਿਸਾਨਾਂ ਦੀ ਆਰਥਿਕਤਾ ਉੱਤੇ ਬੜੀ ਭਾਰੀ ਸੱਟ ਵੱਜੇਗੀ, ਪਰ ਉਹ ਸਿਰਫ਼ ਇੱਕ ਵਜ਼ੀਰੀ ਦੇ ਲਾਲਚ ਵਿਚ ਸੂਬੇ ਦੇ ਕਿਸਾਨਾਂ ਨੂੰ ਪਿੱਠ ਵਿਖਾ ਰਹੇ ਹਨ। ਉਹਨਾਂ ਕਿਹਾ ਕਿ ਭਾਰਤ ਦੇ ਸੰਵਿਧਾਨ ਤਹਿਤ ਸੂਬਿਆਂ ਨੂੰ ਮਿਲੇ ਅਧਿਕਾਰਾਂ ਨੂੰ ਦਬਾਉਣ ਵਾਲੇ ਕੇਂਦਰ ਦੇ ਇਸ ਫੈਸਲੇ ਦੀ ਹਿਮਾਇਤ ਕਰ ਕੇ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਨੂੰ ਵੀ ਦਾਗਦਾਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਭਾਰਤ ਦੇ ਸੰਵਿਧਾਨ ਅਨੁਸਾਰ ਖੇਤੀਬਾੜੀ ਦਾ ਵਿਸ਼ਾ ਸੂਬਿਆਂ ਦੇ ਅਧਿਕਾਰ ਖੇਤਰ ਵਿਚ ਹੋਣ ਕਾਰਨ ਖੇਤੀਬਾੜੀ ਸਬੰਧੀ ਇਹ ਆਰਡੀਨੈਂਸ ਜਾਰੀ ਕਰ ਕੇ ਮੋਦੀ ਸਰਕਾਰ ਨੇ ਭਾਰਤ ਦੇ ਸੰਵਿਧਾਨ ਅਤੇ ਇਸ ਦੀ ਮੂਲ ਭਾਵਨਾ ਦੀ ਉਲੰਘਣਾ ਕੀਤੀ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੇ ਰਾਜਾਂ ਨੂੰ ਖ਼ੁਦਮੁਖਤਿਆਰੀ ਦੇਣ ਦੇ ਆਪਣੇ ਪੁਰਾਣੇ ਏਜੰਡੇ ਨੂੰ ਤਿਲਾਂਜਲੀ ਦੇ ਕੇ ਮੋਦੀ ਸਰਕਾਰ ਵਲੋਂ ਸੂਬਿਆਂ ਦੇ ਅਧਿਕਾਰਾਂ ਨੂੰ ਖ਼ੋਰਾ ਲਾਉਣ ਵਾਲੇ ਫੈਸਲਿਆਂ ਦੀ ਹਿਮਾਇਤ ਕੀਤੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਜੰਮੂ-ਕਸ਼ਮੀਰ ਰਾਜ ਨੂੰ ਤੋੜ ਕੇ ਤਿੰਨ ਕੇਂਦਰੀ ਪ੍ਰਬੰਧ ਵਾਲੇ ਖੇਤਰਾਂ ਵਿਚ ਤਬਦੀਲ ਕਰਨ ਦੇ ਫੈਸਲੇ ਦੀ ਵੀ ਹਿਮਾਇਤ ਕੀਤੀ ਸੀ। ਇਹਨਾਂ ਫੈਸਲਿਆਂ ਤੋਂ ਸਪਸ਼ਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਆਪਣੀ ਕੋਈ ਵਿਚਾਰਧਾਰਾ ਨਹੀਂ ਰਹੀ ਅਤੇ ਇਹ ਹੁਣ ਪੂਰੀ ਭਾਜਪਾ ਦਾ ਪਿੱਛਲਗ ਬਣ ਕੇ ਰਹਿ ਗਿਆ ਹੈ।
ਸ਼੍ਰੀ ਸਿੱਧੂ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਮੋਦੀ ਸਰਕਾਰ ਵਿਚ ਆਪਣੀ ਵਜ਼ੀਰੀ ਨੂੰ ਕਾਇਮ ਰੱਖਣ ਨੂੰ ਤਰਜੀਹ ਦੇ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਇਹ ਪਰਿਵਾਰ ਰਾਜ ਸੱਤਾ ਤੋਂ ਬਿਨਾਂ ਜੀਅ ਹੀ ਨਹੀਂ ਸਕਦਾ ਜਿਸ ਲਈ ਉਸ ਨੂੰ ਭਾਵੇਂ ਪੂਰੇ ਪੰਜਾਬ ਦੇ ਹਿੱਤ ਵੀ ਕਿਉਂ ਨਾ ਕੁਰਬਾਨ ਕਰਨੇ ਪੈਣ।
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਇਹਨਾਂ ਪੰਜਾਬ ਅਤੇ ਕਿਸਾਨ ਮਾਰੂ ਆਰਡੀਨੈਂਸਾਂ ਨੂੰ ਰੱਦ ਕਰਾਉਣ ਦੀ ਮੁਹਿੰਮ ਵਿੱਢ ਕੇ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਵਾਂਗ ਪੰਜਾਬ ਦੇ ਸੱਚੇ ਸਪੂਤ ਹੋਣ ਦਾ ਸਬੂਤ ਦਿੱਤਾ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਇੱਕ ਨਹੀਂ, ਕਈ ਵਾਰੀ ਆਪਣਾ ਰਾਜਸੀ ਭਵਿੱਖ ਦਾਅ ਉੱਤੇ ਲਾਅ ਕੇ ਪੰਜਾਬ ਦੇ ਲੋਕਾਂ ਨਾਲ ਖੜੇ ਹਨ। ਸ਼੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਉੱਤੇ ਥੋਪੇ ਗਏ ਪਾਣੀਆਂ ਦੇ ਸਮਝੌਤਿਆਂ ਨੂੰ ਪਾਰਟੀ ਵਿਚਾਰਧਾਰਾ ਤੋਂ ਉਲਟ ਜਾ ਕੇ ਰੱਦ ਕਰਨਾ ਅਜਿਹੇ ਇਤਿਹਾਸਕ ਕਦਮ ਹਨ ਜਿਨਾਂ ਕਰ ਕੇ ਕੈਪਟਨ ਅਮਰਿੰਦਰ ਸਿੰਘ ਅੱਜ ਹਰ ਪੰਜਾਬੀ ਦੇ ਦਿਲ ਵਿਚ ਵਸੇ ਹੋਏ ਹਨ।
ਸ਼੍ਰੀ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਤਹੱਈਆ ਕੀਤਾ ਹੋਇਆ ਹੈ ਕਿ ਇਹ ਪੰਜਾਬ ਮਾਰੂ ਆਰਡੀਨੈਂਸਾਂ ਨੂੰ ਵਾਪਸ ਕਰਾਉਣ ਲਈ ਹਰ ਪੱਧਰ ਉੱਤੇ ਲੜਾਈ ਲੜੀ ਜਾਵੇਗੀ।