ਸੁਰੱਖਿਆ ਦੀਆਂ ਸਾਰੀਆਂ ਸਾਵਧਾਨੀਆਂ ਅਤੇ ਸਮਾਜਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਕੀਤੀ ਜਾ ਰਹੀ ਹੈ ਪਾਲਣਾ: ਐਸ ਡੀ ਐਮ ਖਰੜ
ਐਸ ਏ ਐਸ ਨਗਰ/ ਖਰੜ , 3 ਮਈ: ਬਲੌਂਗੀ ਵਿਖੇ ਖਰੜ ਫਲਾਈਓਵਰ ਦੀ ਉਸਾਰੀ ਦੇ ਸੰਬੰਧ ਵਿਚ ਕੰਮ ਪੂਰੇ ਜੋਰਾਂ-ਸ਼ੋਰਾਂ ਨਾਲ ਮੁੜ ਸ਼ੁਰੂ ਹੋਇਆ ਹੈ ਅਤੇ ਮੌਜੂਦਾ ਸਮੇਂ ਡਬਲਯੂ 4 ਸਟ੍ਰੈਚ ਭਾਵ ਫਲਾਈਓਵਰ ਦੀ ਚੌਥੀ ਪਰਤ ‘ਤੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ।” ਇਹ ਜਾਣਕਾਰੀ ਅੱਜ ਇਥੇ ਐਸਡੀਐਮ ਖਰੜ ਸ੍ਰੀ ਹਿਮਾਂਸ਼ੂ ਜੈਨ ਨੇ ਦਿੱਤੀ।
ਉਨ੍ਹਾਂ ਅੱਗੇ ਕਿਹਾ ਕਿ ਕੋਰੋਨਾ ਵਾਇਰਸ ਬਿਮਾਰੀ ਕਾਰਨ ਪੈਦਾ ਹੋਈ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ, ਕੰਮ ਦੀ ਜਗ੍ਹਾ ‘ਤੇ ਕਾਮਿਆਂ ਦੇ ਸੰਬੰਧ ਵਿਚ ਵਿਸ਼ੇਸ਼ ਤੌਰ ‘ਤੇ ਸੁਰੱਖਿਆ ਦੀਆਂ ਸਾਰੀਆਂ ਸਾਵਧਾਨੀਆਂ ਨੂੰ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਮਾਜਕ ਦੂਰੀਆਂ ਦੇ ਦਿਸ਼ਾ ਨਿਰਦੇਸ਼ਾਂ ਦਾ ਬਾਰੀਕੀ ਨਾਲ ਪਾਲਣ ਕੀਤਾ ਜਾ ਰਿਹਾ ਹੈ ਅਤੇ ਕਰਮਚਾਰੀਆਂ ਦੀ ਸਕ੍ਰਿਨਿੰਗ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ।
ਐਸਡੀਐਮ ਨੇ ਅੱਗੇ ਦੱਸਿਆ ਕਿ ਬੱਸ ਅੱਡੇ ਤੋਂ ਖਾਨਪੁਰ, ਖਾਨਪੁਰ ਤੋਂ ਹਸਪਤਾਲ ਰੋਡ ਅਤੇ ਰੋਪੜ ਸਰਵਿਸ ਰੋਡ ਦੇ ਨਾਲ ਨਾਲ ਏਅਰਪੋਰਟ ਰੋਡ ਤੱਕ ਸਾਈਡ ਲਾਈਨਾਂ ਦਾ ਕੰਮ ਮਹੀਨੇ ਦੇ ਅੰਤ ਤੱਕ ਪੂਰਾ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ, ਮਈ ਦੇ ਅਖੀਰ ਵਿਚ ਇਸ ਪੁਲ ਨੂੰ ਢਾਹ ਦਿੱਤਾ ਜਾਵੇਗਾ ਅਤੇ ਫਿਰ ਪਹੁੰਚ ਸੜਕ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ।
ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਉਪਰਲੇ ਫਲਾਈਓਵਰ ਦਾ ਨਿਰਮਾਣ ਕਾਰਜ 15 ਜੂਨ ਤੱਕ ਮੁਕੰਮਲ ਹੋ ਜਾਵੇਗਾ ਅਤੇ ਪਹਿਲਾ ਫਲਾਈਓਵਰ ਅਗਸਤ ਦੇ ਅੰਤ ਤੱਕ ਪੂਰਾ ਹੋਵੇਗਾ।