ਬਲਬੀਰ ਸਿੰਘ ਸਿੱਧੂ ਨੇ 519 ਕਮਿਊਨਟੀ ਹੈਲਥ ਅਫਸਰਾਂ ਨੂੰ ਦਿੱਤੇ ਨਿਯੁਕਤੀ ਪੱਤਰ
ਹੈਲਥ ਤੇ ਵੈਲੱਨੈਸ ਕੇਂਦਰਾਂ ਨੁੂੰ ਟੈਲੀ-ਮੈਡੀਸਨ ਨੈਟਵਰਕ ਸਿਸਟਮ ਨਾਲ ਜੋੜਿਆ ਜਾਵੇਗਾ
ਹਰ ਮਹੀਨੇ ਕੇਂਦਰਾਂ ਵਿੱਚ ਲਗਭਗ 1 ਲੱਖ ਮਰੀਜ਼ਾਂ ਨੂੰ ਇਲਾਜ ਸੇਵਾਵਾਂ ਦਿੱਤੀਆਂ ਜਾ ਰਹੀਆਂ

ਸੂਬੇ ਦੇ ਦਿਹਾਤੀ ਇਲਾਕਿਆਂ ਵਿਚ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ 519 ਕਮਿਊਨਟੀ ਹੈਲਥ ਅਫਸਰਾਂ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਆਡੀਟੋਰੀਅਮ ਵਿਖੇ ਆਯੋਜਿਤ ਸਮਾਗਮ ਵਿਚ ਨਿਯੁੱਕਤੀ ਪੱਤਰ ਦਿੱਤੇ।
ਇਸ ਮੌਕੇ ਤੇ ਸੰਬੋਧਨ ਕਰਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਨਵ ਨਿਯੁਕਤ ਅਫਸਰਾਂ ਨੂੰ ਹੈਲਥ ਤੇ ਵੈਲੱਨੈਸ ਕੇਂਦਰਾਂ ਵਿਚ ਜਿੰਮੇਵਾਰੀਆਂ ਨਾਲ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਕਿਹਾ ਹੈ। ਉਨਾਂ ਸੀ.ਐਚ.ਓਜ਼. ਨੂੰ ਵਧਾਈ ਦਿੰਦਿਆਂ ਕਿਹਾ ਕਿ ਲੋਕਾਂ ਦਾ ਸਰਕਾਰੀ ਸੰਸਥਾਵਾਂ ਵਿਚ ਮਿਲਣ ਵਾਲੀਆਂ ਸਿਹਤ ਸੇਵਾਵਾਂ ਪ੍ਰਤੀ ਵਿਸ਼ਵਾਸ਼ ਬਣਾਏ ਰੱਖਣਾ ਅਤਿ ਲਾਜ਼ਮੀ ਹੈ ਅਤੇ ਇਸ ਨੂੰ ਕੇਵਲ ਦਿ੍ਰੜਤਾ ਅਤੇ ਸਮਰਪਣ ਦੀ ਭਾਵਨਾ ਨਾਲ ਹੀ ਹਾਸਲ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅਧੀਨ ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਪ੍ਰਤੀ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ ਅਤੇ ਜਿਸ ਲਈ ਸਰਕਾਰ ਵੱਲੋਂ ਵੱਖ-ਵੱਖ ਸਿਹਤ ਪ੍ਰੋਗਰਾਮ ਅਤੇ ਸਕੀਮਾਂ ਦੀ ਸ਼ੁਰੂਆਤ ਕੀਤੀ ਗਈ ਹੈ। ਉਨਾਂ ਕਿਹਾ ਕਿ ਹੈਲਥ ਅਤੇ ਵੈਲੱਨੈਸ ਕੇਂਦਰਾਂ ਵਿਖੇ ਕਮਿਊਨਟੀ ਹੈਲਥ ਅਫਸਰ ਦੇ ਨਾਲ ਮਲਟੀ-ਪਰਪਜ਼ ਹੈਲਥ ਵਰਕਰਜ਼ ਅਤੇ ਆਸ਼ਾ ਵਰਕਰਜ਼ ਦੀ ਟੀਮ ਦੀ ਤੈਨਾਤੀ ਕੀਤੀ ਗਈ ਹੈ। ਉਨਾਂ ਕਿਹਾ ਕਿ ਇਨਾਂ ਨਵ-ਨਿਯੁਕਤ ਅਫਸਰਾਂ ਨੂੰ ਇਗਨੋ ਵਿਖੇ 6 ਮਹੀਨੇ ਦੀ ਵਿਸ਼ੇਸ਼ ਟ੍ਰੇਨਿੰਗ ਵੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿਚ 861 ਸਬ ਸੈਂਟਰਾਂ ਨੂੰ ਹੈਲਥ ਤੇ ਵੈਲੱਨੈਸ ਕੇਂਦਰਾਂ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ 422 ਕਮਿਊਨਟੀ ਹੈਲਥ ਅਫਸਰਾਂ ਦੀ ਤੈਨਾਤੀ ਵੀ ਕਰ ਦਿੱਤੀ ਗਈ ਹੈ। ਉਨਾਂ ਕਿਹਾ ਕਿ ਹੁਣ ਸਰਕਾਰ ਕੋਲ ਇਨਾਂ ਕੇਂਦਰਾਂ ਦਾ ਸੰਚਾਲਨ ਕਰਨ ਲਈ 941 ਕਮਿਊਨਟੀ ਹੈਲਥ ਅਫਸਰ ਮੌਜੂਦ ਹਨ।
ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਅਗਲੇ ਪੜਾਅ ਵਿੱਚ ਹੈਲਥ ਤੇ ਵੈਲੱਨੈਸ ਕੇਂਦਰਾਂ ਨੂੰ ਆਪਣੀ ਤਰਾਂ ਦੇ ਪਹਿਲੇ ਟੈਲੀ-ਮੈਡੀਸਨ ਨੈਟਵਰਕ ਸਿਸਟਮ ਨਾਲ ਜੋੜਿਆ ਜਾਵੇਗਾ, ਜਿਸ ਤੋਂ ਮਰੀਜ਼ਾਂ ਨੂੰ ਮਲਟੀ ਸਪੈਸ਼ਲਿਟੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਦੇ ਮਾਹਰ ਡਾਕਟਰਾਂ ਵੱਲੋਂ ਇਲਾਜ ਕੀਤਾ ਜਾਵੇਗਾ। ਉਨਾਂ ਇਹ ਵੀ ਕਿਹਾ ਕਿ ਹਰ ਮਹੀਨੇ ਕੇਂਦਰਾਂ ਵਿੱਚ ਲਗਭਗ 1 ਲੱਖ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ 23 ਲੱਖ ਮਰੀਜ਼ਾਂ ਨੁੂੰ ਰੋਕੀਆਂ ਜਾ ਸਕਣ ਵਾਲੀਆਂ ਅਤੇ ਇਲਾਜ ਯੋਗ ਬਿਮਾਰੀਆਂ ਸਬੰਧੀ ਇਲਾਜ ਮੁਹੱਈਆ ਕਰਵਾਇਆ ਗਿਆ ਹੈ।
ਸਿਹਤ ਮੰਤਰੀ ਨੇ ਇਸ ਪ੍ਰੋਗਰਾਮ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਪੜਾਅ ਵਾਰ ਸਾਰੇ 2650 ਸਬ ਸੈਂਟਰਾਂ ਨੂੰ ਹੈਲਥ ਤੇ ਵੈਲੱਨੈਸ ਕੇਂਦਰਾਂ ਵਿਚ ਤਬਦੀਲ ਕਰਨ ਲਈ 2021 ਦਾ ਟੀਚਾ ਮਿਥਿਆ ਹੈ।
ਹੋਰਾਂ ਤੋਂ ਇਲਾਵਾ ਇਸ ਮੌਕੇ ਸਕੱਤਰ/ਮਿਸ਼ਨ ਡਾਇਰੈਕਟਰ ਰਾਸ਼ਟਰੀ ਸਿਹਤ ਮਿਸ਼ਨ ਕੁਮਾਰ ਰਾਹੁਲ, ਮੈਨੇਜਿੰਗ ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਮਨਵੇਸ਼ ਸਿੰਘ ਸਿੱਧੂ, ਸਿਆਸੀ ਸਕੱਤਰ/ ਸਿਹਤ ਮੰਤਰੀ ਹਰਕੇਸ਼ ਚੰਦ ਸ਼ਰਮਾ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾਇਰੈਕਟਰ ਅਵਨੀਤ ਕੌਰ, ਡਾਇਰੈਕਟਰ ਸਿਹਤ ਭਲਾਈ ਰੀਟਾ ਭਾਰਦਵਾਜ, ਓ.ਐਸ.ਡੀ./ਸਿਹਤ ਮੰਤਰੀ ਡਾ. ਬਲਵਿੰਦਰ ਸਿੰਘ, ਡਾ. ਅਰੀਤ ਕੌਰ, ਸਿਵਲ ਸਰਜ਼ਨ ਮੋਹਾਲੀ ਮਨਜੀਤ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here