ਕੁਰਾਲੀ 23 ਜੁਲਾਈ (ਮਾਰਸ਼ਲ ਨਿਊਜ਼) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਬਲਾਕ ਮਾਜਰੀ ਵੱਲੋਂ ਕਿਸਾਨਾਂ ਨੂੰ ਵਾਰ-ਵਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਕੀੜੇ-ਮਕੌੜੇ, ਬਿਮਾਰੀਆਂ ਅਤੇ ਨਦੀਨਾਂ ਦੀ ਰੋਕਥਾਮ ਲਈ ਛਿੜਕਾਅ ਦਾ ਸਹੀ ਤਰੀਕਾਂ ਵਰਤਕੇ ਵਧੀਆ ਨਤੀਜੇ ਲੈਣ ਲਈ ਕੁਝ ਨੁਕਤਿਆਂ ਨੂੰ ਅਪਨਾਉਣ ਦੀ ਜਰੂਰਤ ਹੈ। ਡਾਇਰੈਕਟਰ ਖੇਤੀਬਾੜੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਸਬੰਧੀ ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਨੇ ਪਿੰਡ ਸਿੰਘਪੁਰਾ ਵਿਖੇ ਜੈਲਦਾਰ ਸੁਖਪਾਲ ਸਿੰਘ ਦੇ ਫਾਰਮ ਉੱਤੇ ਕਿਸਾਨਾਂ ਨੂੰ ਦੱਸਿਆਂ ਕਿ ਵੱਖ-ਵੱਖ ਕੀੜੇ-ਮਕੌੜੇ, ਬਿਮਾਰੀਆਂ ਅਤੇ ਨਦੀਨਾਂ ਦੀ ਰੋਕਥਾਮ ਲਈ ਵੱਖ-ਵੱਖ ਰਸਾਇਣਾਂ ਦੀ ਪੀ ਏ ਯੂ ਵੱਲੋਂ ਸਿਫਾਰਸ਼ ਕੀਤੀ ਗਈ ਹੈ ਇਸ ਲਈ ਰਸਾਇਣਾਂ ਦੀ ਚੋਣ ਕਰਨ ਤੋ ਪਹਿਲਾਂ ਫਸਲ ਦੇ ਕੀੜੇ-ਮਕੌੜੇ, ਬਿਮਾਰੀਆਂ ਅਤੇ ਨਦੀਨਾਂ ਦੀ ਸਹੀ ਪਹਿਚਾਣ ਕਰਨੀ ਬਹੁਤ ਜਰੂਰੀ ਹੈ। ਇਸ ਤੋਂ ਇਲਾਵਾ ਆਮ ਵੇਖਣ ਵਿੱਚ ਆਇਆ ਹੈ ਕਿ ਕੁੱਝ ਕਿਸਾਨ ਵੀਰ ਇਕ ਹੀ ਨੋਜ਼ਲ ਨਦੀਨਾਂ, ਕੀੜੇ ਅਤੇ ਬਿਮਾਰੀਆਂ ਦੇ ਛਿੜਕਾਅ ਲਈ ਵਰਤੀ ਜਾਦੇ ਹਨ ਇਸ ਲਈ ਛਿੜਕਾਅ ਕਰਨ ਸਮੇਂ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਸਮੇਂ ਫਲੈਟਫੈਨ ਜਾਂ ਫਲੱਡ ਜੈਟ ਅਤੇ ਖੜੀ ਫਸਲ ਵਿਚ ਸਿਰਫ ਫਲੈਟਫੈਨ ਨੋਜਲ ਅਤੇ ਕੀੜੇ-ਮਕੌੜੇ, ਬਿਮਾਰੀਆਂ ਦੀ ਰੋਕਥਾਮ ਲਈ ਕੋਨ ਵਾਲੀ ਨੋਜਲ ਹੀ ਵਰਤੀ ਜਾਵੇ। ਡਾਂ ਗੁਰਬਚਨ ਸਿੰਘ ਨੇ ਦੱਸਿਆ ਕਿ ਰਸਾਇਣਾਂ ਅਤੇ ਨੋਜਲ ਦੀ ਚੋਣ ਤੋਂ ਬਾਅਦ ਪਾਣੀ ਦੀ ਮਾਤਰਾ ਜੋ ਸਿਫਾਰਸ਼ ਕੀਤੀ ਗਈ ਹੈ ਉੰਨੀ ਹੀ ਵਰਤੀ ਜਾਵੇ। ਰਸਾਇਣਾਂ ਦਾ ਘੋਲ ਬਣਾਉਣ ਸਮੇਂ ਪਾਣੀ ਦੀ ਮਾਤਰਾ ਅਨੁਸਾਰ ਜਿੰਨੇ ਪੰਪ ਇਕ ਏਕੜ ਛਿੜਕਾਅ ਕਰਨ ਲਈ ਲੱਗਦੇ ਹਨ ਉਹਨੇ ਲਿਟਰ ਪਾਣੀ ਵਿੱਚ ਰਸਾਇਣ ਦਾ ਘੋਲ ਬਣਾਇਆ ਜਾਵੇ।ਛਿੜਕਾਅ ਕਰਦੇ ਸਮੇਂ ਨੋਜਲ ਦੀ ਉਚਾਈ ਫਸਲ ਦੀ ਉਪਰਲੀ ਸਤਹ ਤੋਂ ਤਕਰੀਬਨ 1.5 ਫੁੱਟ ਉੱਚੀ ਅਤੇ ਬਿਜਾਈ ਸਮੇਂ ਨਦੀਨਾਂ ਦੀ ਰੋਕਥਾਮ ਲਈ ਜ਼ਮੀਨ ਤੋਂ 1.5 ਫੁੱਟ ਉੱਚੀ ਰੱਖੋ, ਛਿੜਕਾਅ ਸਿੱਧੀ ਪੱਟੀ ਵਿੱਚ ਕਰਦੇ ਸਮੇਂ ਨੋਜਲ ਇੱਧਰ ਉੱਧਰ ਨਾ ਘੁੰਮਾਈ ਜਾਵੇ। ਛਿੜਕਾਅ ਕਰਦੇ ਹੋਏ ਜੇ ਕਿਸਾਨ ਭਰਾ ਸਾਰਿਆਂ ਗੱਲਾਂ ਦਾ ਧਿਆਨ ਰੱਖਣਗੇ ਅਤੇ ਸਾਵਧਾਨੀਆਂ ਵਰਤਣਗੇ ਤਾਂ ਜਰੂਰ ਚੰਗੇ ਨਤੀਜੇ ਆਉਣਗੇ । ਇਸ ਮੌਕੇ ਵਿਭਾਗ ਦੇ ਗੁਰਪ੍ਰੀਤ ਸਿੰਘ ਬੀ ਟੀ ਐਮ, ਸਵਿੰਦਰ ਕੁਮਾਰ ਏ ਟੀ ਐਮ ਅਤੇ ਕਿਸਾਨ ਹਾਜਰ ਸਨ।