ਚੰਡੀਗੜ੍ਹ, 7 ਮਈ: ਪੰਜਾਬ ਸਰਕਾਰ ਨੇ ਕੋਵਿਡ-19 ਮਹਾਂਮਾਰੀ ਦੌਰਾਨ ਸੂਬਾ ਸਰਕਾਰ ਅਧੀਨ ਸਟੇਟ ਟਰਾਂਸਪੋਰਟ ਅਦਾਰੇ (ਪੰੰਜਾਬ ਰੋਡਵੇਜ/ਪੀਆਰਟੀਸੀ/ਪਨਬਸ) ਅਤੇ ਪ੍ਰਾਈਵੇਟ ਬੱਸਾਂ ਤੇ ਪ੍ਰਵਾਸੀਆਂ/ਹੋਰ ਸਵਾਰੀਆਂ ਦੀ ਸਾਫ਼-ਸਫ਼ਾਈ ਅਤੇ ਸੰੰਭਾਲ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਦੌਰਾਨ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸਾਰੇ 22 ਜ਼ਿਲ੍ਹਿਆਂ ਵਿੱਚ ਕਰਫਿਊ ਲਗਾ ਕੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲੋਕਾਂ ਦੇ ਬਾਹਰ ਘੁੰਮਣ ਤੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸਦੇ ਨਾਲ ਹੀ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਨੇ ਅੰਤਰ-ਜ਼ਿਲ੍ਹਾ ਅਤੇ ਜ਼ਿਲ੍ਹੇ ਦੇ ਅੰਦਰ ਬੱਸਾਂ ਚਲਾਉਣ ਤੇ ਪਾਬੰਦੀ ਲਗਾਈ ਹੈ। ਪਰ, ਕੇਂਦਰੀ ਗ੍ਰਹਿ ਮਾਮਲਿਆਂ ਦੇ ਮੰਤਰਾਲੇ ਨੇ ਪ੍ਰਵਾਸੀ ਵਰਕਰਾਂ, ਸ਼ਰਧਾਲੂਆਂ, ਘੁੰਮਣ ਗਏ ਯਾਤਰੀਆਂ, ਵਿਦਿਆਰਥੀਆਂ ਅਤੇ ਹੋਰ ਅਜਿਹੇ ਲੋਕਾਂ, ਜੋ ਕਿ ਆਪਣੇ ਰਹਿਣ/ਕੰਮ ਦੇ ਸਥਾਨ ਤੋਂ ਦੂਰ ਗਏ ਹੋਏ ਸਨ ਅਤੇ ਲਾਕਡਾਊਨ ਕਾਰਨ ਉੱਥੇ ਫੱਸ ਗਏ ਸਨ, ਨੂੰ ਆਉਣ ਜਾਣ ਦੀ ਆਗਿਆ ਦੇ ਦਿੱਤੀ ਹੈ। ਇਸ ਲਈ ਜ਼ਰੂਰੀ ਹੈ ਕਿ ਇਨਾਂ ਪ੍ਰਵਾਸੀ ਵਰਕਰਾਂ, ਸ਼ਰਧਾਲੂਆਂ, ਘੁੰਮਣ ਗਈਆਂ ਸਵਾਰੀਆਂ, ਵਿਦਿਆਰਥੀਆਂ ਨੂੰ ਰੇਲਵੇ ਸਟੇਸ਼ਨ ਜਾਂ ਉਨਾਂ ਦੇ ਸਥਾਨ ਤੇ ਛੱਡਣ ਜਾਣ (ਜੇਕਰ ਪ੍ਰਵਾਨਗੀ ਹੈ ਤਾਂ) ਵਾਲੇ ਡਰਾਈਵਰਾਂ/ਕੰਡਕਟਰਾਂ ਵੱਲੋਂ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਦਿੱਤੀਆਂ ਹਦਾਇਤਾਂ/ਸਾਵਧਾਨੀਆਂ ਦੀ ਪਾਲਣਾ ਕੀਤੀ ਜਾਵੇ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੁਆਰਾ ਜਾਰੀ ਕੀਤੀ ਐਡਵਾਇਜ਼ਰੀ ਵਿਚ ਲਿਖਿਆ ਹੈ ਕਿ ਟਰਾਂਸਪੋਰਟ ਵਿਭਾਗ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਮਕਸਦ ਲਈ ਆਪਣੀਆਂ ਜਾਂ ਪ੍ਰਾਈਵੇਟ ਬੱਸਾਂ ਚਲਾਉਣ ਦੀ ਮਨਜ਼ੂਰੀ ਦੇਣ ਤੋਂ ਪਹਿਲਾਂ ਗ੍ਰਹਿਤ ਮੰਤਰਾਲਾ, ਪੰਜਾਬ ਸਰਕਾਰ ਤੋਂ ਪ੍ਰਵਾਨਗੀ ਯਕੀਨੀ ਬਣਾਈ ਜਾਵੇ।
ਬੁਲਾਰੇ ਨੇ ਕਿਹਾ ਕਿ ਸਿਰਫ ਉਨ੍ਹਾਂ ਬੱਸਾਂ ਪ੍ਰਵਾਸੀ ਮਜ਼ਦੂਰਾਂ, ਸ਼ਰਧਾਲੂਆਂ, ਯਾਤਰੀਆਂ, ਵਿਦਿਆਰਥੀਆਂ ਅਤੇ ਹੋਰ ਵਿਅਕਤੀਆਂ ਦੀ ਢੋਆ-ਢੁਆਈ ਲਈ ਚਲਾਈਆਂ ਜਾ ਸਕਦੀਆਂ ਹਨ ਜੋ ਤਾਲਾਬੰਦੀ ਹੋਣ ਤੋਂ ਪਹਿਲਾਂ ਆਪਣੇ ਜੱਦੀ ਸਥਾਨਾਂ ਤੋਂ ਚਲੇ ਗਏ ਸਨ ਪਰ ਵਾਪਸ ਆਪਣੇ ਜੱਦੀ ਸਥਾਨਾਂ / ਕਾਰਜ ਸਥਾਨਾਂ ‘ਤੇ ਨਹੀਂ ਪਰਤ ਸਕੇ ਅਤੇ ਲਾਕਡਾਊਨ ਕਾਰਨ ਫਸੀਆਂ ਹੋਏ ਹਨ। ਇਨ੍ਹਾਂ ਬੱਸਾਂ ਨੂੰ ਸਿਰਫ ਸਰਕਾਰ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੀ ਚੱਲਣ ਦੀ ਆਗਿਆ ਹੋਵੇਗੀ (ਭਾਵ ਸਥਾਨਕ ਰੇਲਵੇ ਸਟੇਸ਼ਨਾਂ ਜਾਂ ਹੋਰ ਰਾਜ-ਜ਼ਿਲ੍ਹਿਆਂ ਤੱਕ)। ਇਸ ਸਬੰਧ ਵਿਚ ਟ੍ਰਾਂਸਪੋਰਟ ਅਥਾਰਟੀ ਨੂੰ ਇੱਕ ਵਿਆਪਕ ਯੋਜਨਾ ਇਸ ਢੰਗ ਨਾਲ ਤਿਆਰ ਕਰਨ ਦੀ ਸਲਾਹ ਦਿੱਤੀ ਗਈ ਹੈ ਕਿ ਉਪਰੋਕਤ ਪਰਿਭਾਸਤਿ ਪ੍ਰਵਾਸੀਆਂ ਦੀ ਢੋਆ ਢੁਆਈ ਲਈ ਸਿਰਫ ਲੋੜੀਂਦੇ ਸਟਾਫ / ਕਰਮਚਾਰੀ ਨੂੰ ਹੀ ਡਿਊਟੀ ਤੇ ਬੁਲਾਇਆ ਜਾਵੇ। ਇਸ ਤੋਂ ਇਲਾਵਾ, ਸਟਾਫ / ਕਰਮਚਾਰੀ, ਜੋ ਅਸਲ ਵਿਚ ਪ੍ਰਵਾਸੀਆਂ ਨੂੰ ਨਿਰਧਾਰਤ ਕੀਤੀ ਮੰਜ਼ਿਲ ‘ਤੇ ਪਹੁੰਚਾ ਰਿਹਾ ਹੈ, ਦੀ ਯਾਤਰਾ ਤੋਂ ਪਹਿਲਾਂ ਅਤੇ ਬਾਅਦ ਵਿਚ ਡਾਕਟਰੀ ਜਾਂਚ ਕਰਵਾਉਣਾ ਲਾਜ਼ਮੀ ਹੋਵੇਗਾ। ਟ੍ਰਾਂਸਪੋਰਟ ਅਥਾਰਟੀ ਵਲੋਂ ਸਥਾਨਕ ਸਿਹਤ ਅਥਾਰਟੀਆਂ ਦੇ ਸਹਿਯੋਗ ਨਾਲ, ਆਪਣੇ ਸਟਾਫ / ਕਰਮਚਾਰੀ ਲਈ ਕੋਵਿਡ-19 ਦੇ ਲੱਛਣਾਂ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਜਾਵੇ ਜਿਸਦਾ ਉਦੇਸ਼ ਉਨ੍ਹਾਂ ਨੂੰ ਲੋੜ ਪੈਣ ਤੇ ਸਵੈ ਨਿਗਰਾਨੀ ਕਰਨ ਵਿੱਚ ਸਹਾਇਤਾ ਕਰਨ ਦੇ ਨਾਲ ਨਾਲ ਕੋਰੋਨਾ ਦੇ ਪੀੜਤਾਂ ਦੀ ਪਛਾਣ ਕਰੇ ਰਿਪੋਰਟ ਕਰਨ ਵਿਚ ਸਹਾਇਤਾ ਕਰਨਾ ਹੈ। ਕਿਸੇ ਵੀ ਸਮੇਂ ਬੱਸ ਵਿਚ ਬੈਠਣ ਦੀ ਸਮਰੱਥਾ 50% ਤੋਂ ਵੱਧ ਭਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਏਗੀ ਅਤੇ ਯਾਤਰਾ ਦੌਰਾਨ ਬੈਠਣ, ਅਤੇ ਚੜ੍ਹਣ ਉਤਰਨ ਦੌਰਾਨਨ ਘੱਟੋ ਘੱਟ 1 ਮੀਟਰ ਦੀ ਦੂਰੀ ਨੂੰ ਯਕੀਨੀ ਬਣਾਇਆ ਜਾਵੇ । ਮੁਸਾਫਰਾਂ ਨੂੰ ਹਰੇਕ ਸੀਟ ‘ਤੇ ਵਿਕਲਪੀ ਸਾਈਡ ਵਿੰਡੋ / ਮਿਡਲ / ਆਈਸਲ’ ਤੇ ਬੈਠਣ ਦੀ ਸਲਾਹ ਨੂੰ ਯਕੀਨੀ ਬਣਾਇਆ ਜਾਵੇ।
ਬੁਲਾਰੇ ਨੇ ਅੱਗੇ ਕਿਹਾ ਕਿ ਟਰਾਂਸਪੋਰਟ ਅਥਾਰਟੀ ਜ਼ਿਲ੍ਹਾ ਪ੍ਰਸ਼ਾਸਨ ਦੇ ਸਰਗਰਮ ਸਲਾਹ-ਮਸ਼ਵਰੇ ਨਾਲ ਜ਼ਿਲ੍ਹੇ ਵਿਚ ਰਹਿੰਦੇ ਪ੍ਰਵਾਸੀਆਂ ਦੀ ਗਿਣਤੀ ਦੇ ਅਧਾਰ ਤੇ ਬੱਸਾਂ ਦੀ ਪਿਕ-ਅਪ / ਸਟਾਰਟ ਪੁਆਇੰਟ, ਮੰਜ਼ਿਲ, ਰੂਟ, ਸਮਾਂ ਅਤੇ ਬੱਸਾਂ ਦੀ ਬਾਰੰਬਾਰਤਾ ਬਾਰੇ ਫ਼ੈਸਲਾ ਕਰੇਗੀ ਜਿਨ੍ਹਾਂ ਨੇ (www.covidhelp.punjab.gov.in) ‘ਤੇ ਵਾਪਸ ਜਾਣ ਦੀ ਇੱਛਾ ਜ਼ਾਹਰ ਕੀਤੀ ਹੈ। ਯਾਤਰਾ ਦੌਰਾਨ ਰੁਕਣ ਦੀ ਸਥਿਤੀ, (ਜੇ ਕੋਈ ਹੈ) ਤਾਂ ਸਪੱਸ਼ਟ ਤੌਰ ‘ਤੇ ਵੀ ਨਿਰਧਾਰਤ ਕਰ ਦਿੱਤਾ ਜਾਵੇ। ਯਾਤਰਾ ਕਰਨ ਵਾਲੇ ਪ੍ਰਵਾਸੀ ਨੂੰ ਸਟਾਰਟ-ਪੁਆਇੰਟ ਬਾਰੇ ਸਪਸ਼ਟ ਤੌਰ ‘ਤੇ ਬੱਸ ਵਿਚ ਚੜ੍ਹਨ ਲਈ ਸਮਾਂ ਅਤੇ ਕਿਰਾਇਆ, ਜੇ ਕੋਈ ਹੈ, ਦੀ ਯਾਤਰਾ ਤੋਂ ਇਕ ਦਿਨ ਪਹਿਲਾਂ, ਐਸਐਮਐਸ ਦੇ ਜ਼ਰੀਏ ਸੂਚਿਤ ਕੀਤਾ ਜਾਵੇਗਾ। ਤੇਜ਼ ਬੁਖਾਰ ਨਾਲ ਪੀੜਤ ਅਮਲੇ / ਯਾਤਰੀਆਂ ਦੀ ਜਾਂਚ ਕਰਨ ਲਈ ਬੱਸ ਸਟੈਂਡ / ਬੱਸ ਦੇ ਪ੍ਰਵੇਸ਼ ਦੁਆਰ ਤੇ ਥਰਮਲ ਸਕੈਨਰ ਲਗਾਉਣਾ ਲਾਜ਼ਮੀ ਹੈ। ਆਮ ਮਨੁੱਖੀ ਸਰੀਰ ਦਾ ਤਾਪਮਾਨ 97.7 ਤੋਂ 99.5 ਡਿਗਰੀ ਫਾਰਨਹੀਟ ਜਾਂ 36.5 ਤੋਂ 37.5-ਡਿਗਰੀ ਸੈਂਟੀਗਰੇਡ ਹੁੰਦਾ ਹੈ। ਟ੍ਰਾਂਸਪੋਰਟ ਅਥਾਰਟੀ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬੱਸ ਸਟੈਂਡਾਂ / ਸਰਵਿਸ ਸਟੇਸ਼ਨਾਂ / ਵਰਕਸ਼ਾਪਾਂ ਆਦਿ ਤੇ ਪੈਰ ਨਾਲ ਚੱਲਣ ਵਾਲੇ ਹੱਥ ਧੋਣ ਦੇ ਸਟੇਸ਼ਨ ਸਥਾਪਤ ਕਰਨ। ਇਹ ਯਕੀਨੀ ਬਣਾਉਣ ਲਈ ਕਿ ਹੱਥ ਧੋਣ ਸਮੇਂ / ਉਡੀਕ ਕਰਦਿਆਂ ਸਟਾਫ / ਯਾਤਰੀਆਂ ਦੁਆਰਾ ਘੱਟੋ ਘੱਟ 1 ਮੀਟਰ ਦੀ ਦੂਰੀ ਬਣਾਈ ਰੱਖੀ ਜਾਵੇ। ਉਨ੍ਹਾਂ ਦੇ ਵਾਰੀ ਸਿਰ ਹੱਥ ਧੋਣ ਲਈ 1 ਮੀਟਰ ਦੀ ਦੂਰੀ ‘ਤੇ ਚੱਕਰ / ਵਰਗ ਦੀ ਨਿਸ਼ਾਨਦੇਹੀ ਕੀਤੀ ਜਾਵੇ। ਸਾਰੇ ਭੀੜ-ਭੜੱਕੇ ਵਾਲੇ ਖੇਤਰਾਂ ਜਿਵੇਂ ਕਿ ਐਂਟਰੀ ਗੇਟ, ਵਾਟਰ ਕੂਲਰ, ਅਤੇ ਕੰਟੀਨ / ਦੁਕਾਨਾਂ (ਜੇ ਕਾਰਜਸ਼ੀਲ ਹਨ) ਆਦਿ ਤੇ ਨਿਸ਼ਾਨ ਲਗਾਉਣੇ ਚਾਹੀਦੇ ਹਨ ਤਾਂ ਜੋ ਸਮਾਜਕ ਦੂਰੀ ਦੀ ਸਹੂਲਤ ਲਈ ਜਾ ਸਕੇ। ਪਾਣੀ ਦੀਆਂ ਟੈਂਕੀਆਂ / ਕੂਲਰਾਂ ਨੂੰ ਬਾਕਾਇਦਾ ਸਾਫ਼ ਕਰਨਾ ਅਤੇ ਸੰਭਾਲਣਾ ਚਾਹੀਦਾ ਹੈ। ਯਾਤਰੀਆਂ ਵਿਚਾਲੇ ਸਮਾਜਕ ਦੂਰੀ ਨੂੰ ਨਿਯਮਤ ਕਰਨ ਲਈ ਬੱਸਾਂ ਦੇ ਬੋਰਡਿੰਗ ਪੁਆਇੰਟ ‘ਤੇ ਘੱਟੋ ਘੱਟ 1 ਮੀਟਰ ਦੀ ਸਹੀ ਸੁਰੱਖਿਅਤ ਦੂਰੀ ਦੇ ਨਿਸ਼ਾਨ ਵਾਲੇ ਅਸਥਾਈ ਕਾਉਂਟਰਾਂ / ਚੱਕਰ / ਚੌਕ ਬਣਾਏ ਜਾਣੇ ਚਾਹੀਦੇ ਹਨ।
ਉਨ੍ਹਾਂ ਸਪੱਸ਼ਟ ਤੌਰ ‘ਤੇ ਦੱਸਿਆ ਕਿ ਬਿਮਾਰੀ ਪ੍ਰਤੀ ਸੰਵੇਦਨਸ਼ੀਲਤਾ ਦੇ ਮੱਦੇਨਜ਼ਰ 60 ਸਾਲ ਤੋਂ ਵੱਧ ਉਮਰ ਵਾਲਿਆਂ / ਬਜ਼ੁਰਗਾਂ ਲਈ ਟਿਕਟ ਖਰੀਦਣ ਅਤੇ ਬੱਸ ਵਿਚ ਚੜ੍ਹਨ ਲਈ ਵੱਖਰੀ ਕਤਾਰ ਲਗਾਉਣੀ ਚਾਹੀਦੀ ਹੈ। ਅਥਾਰਟੀ ਨੂੰ ਬੱਸ ਵਿਚ ਚੜ੍ਹਨ ਤੋਂ ਪਹਿਲਾਂ ਯਾਤਰੀਆਂ ਨੂੰ ਟਿਕਟ ਲੈਣ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ। ਟਿਕਟ ਲਗਾਉਣ ਵਾਲੇ ਕਰਮਚਾਰੀ / ਕੰਡਕਟਰ ਨੂੰ ਬੱਸ ਵਿੱਚ ਚੜ੍ਹਨ ਤੋਂ ਪਹਿਲਾਂ ਜਾਂ ਬਾਅਦ ਸਾਬਣ ਅਤੇ ਪਾਣੀ ਨਾਲ ਹੱਥ ਧੋਣੇ ਚਾਹੀਦੇ ਹਨ। ਜਿੱਥੇ ਵੀ ਸੰਭਵ ਹੋਵੇ ਡਿਜੀਟਲ ਭੁਗਤਾਨ ਨੂੰ ਉਤਸ਼ਾਹਤ ਕਰੋ। ਅਥਾਰਟੀ ਨੂੰ ਆਪਣੇ ਸਟਾਫ / ਕਰਮਚਾਰੀ ਅਤੇ ਹੋਰ ਤੌਹਫਿਆਂ ਨੂੰ ਸਹੀ, ਸਮੇਂ ਸਿਰ ਅਤੇ ਪੁਖ਼ਤਾ ਜਾਣਕਾਰੀ ਲਈ ਪੰਜਾਬ ਸਰਕਾਰ ਦੇ “ਕੋਵਾ ਐਪ” ਡਾਊਨਲੋਡ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
ਇਸੇ ਤਰ੍ਹਾਂ ਦਫਤਰ / ਬੱਸ-ਸਟੈਂਡ / ਬੱਸ ਦੇ ਰੋਗਾਣੂ-ਮੁਕਤ ਕਰਨ ਦੇ ਸੰਬੰਧ ਵਿਚ, ਬੁਲਾਰੇ ਨੇ ਕਿਹਾ ਕਿ ਦਫਤਰੀ ਸਥਾਨਾਂ, ਟਿਕਟ ਬੂਥਾਂ, ਉਡੀਕ ਖੇਤਰਾਂ ਆਦਿ ਦੇ ਅੰਦਰਲੇ ਖੇਤਰਾਂ ਨੂੰ ਹਰ ਸ਼ਾਮ ਦਫਤਰੀ ਕੰਮਕਾਜ ਤੋਂ ਬਾਅਦ ਜਾਂ ਸਵੇਰੇ ਜਲਦੀ ਸਾਫ਼ ਕਰਨਾ ਚਾਹੀਦਾ ਹੈ। ਜੇ ਸੰਪਰਕ ਦੀ ਸਤਿਹ ਸਪੱਸ਼ਟ ਤੌਰ ‘ਤੇ ਗੰਦੀ ਹੈ ਤਾਂ ਇਸ ਨੂੰ ਰੋਗਾਣੂ ਮੁਕਤ ਕਰਨ ਤੋਂ ਪਹਿਲਾਂ ਸਾਬਣ ਅਤੇ ਪਾਣੀ ਨਾਲ ਸਾਫ਼ ਕਰਨਾ ਚਾਹੀਦਾ ਹੈ। ਸਫਾਈ ਤੋਂ ਪਹਿਲਾਂ, ਕਲੀਨਰ ਨੂੰ ਡਿਸਪੋਸੇਜਬਲ ਰਬੜ ਦੇ ਬੂਟ, ਦਸਤਾਨੇ (ਹੈਵੀ ਡਿਊਟੀ), ਅਤੇ ਕੱਪੜੇ ਦਾ ਇੱਕ ਮਾਸਕ ਪਹਿਨਣਾ ਚਾਹੀਦਾ ਹੈ। ਸਾਫ ਖੇਤਰਾਂ ਤੋਂ ਸਫ਼ਾਈ ਸ਼ੁਰੂ ਕਰਕੇ ਗੰਦਗੀ ਵਾਲੇ ਇਲਾਕਿਆਂ ਵੱਲ ਵਧੋ। ਸਾਰੇ ਅੰਦਰੂਨੀ ਖੇਤਰ ਜਿਵੇਂ ਕਿ ਪ੍ਰਵੇਸ਼ ਦੁਆਰ, ਲਾਂਘੇ ਅਤੇ ਪੌੜੀਆਂ, ਸੁਰੱਖਿਆ ਗਾਰਡ ਬੂਥ, ਦਫਤਰ ਦੇ ਕਮਰੇ, ਕੈਫੇਟੇਰੀਆ ਨੂੰ ਇੱਕ ਕੀਟਾਣੂਨਾਸ਼ਕ ਨਾਲ ਸਾਫ ਕਰਨਾ ਚਾਹੀਦਾ ਹੈ । ਇਸ ਲਈ ਮਾਰਕੀਟ ਵਿੱਚ ਉਪਲਬਧ 1% ਸੋਡੀਅਮ ਹਾਈਪੋਕਲੋਰਾਈਟ ਜਾਂ ਇਸ ਦੇ ਬਰਾਬਰ ਕੀਟਾਣੂਨਾਸ਼ਕ ਵਰਤੇ ਜਾ ਸਕਦੇ ਹਨ। ਉੱਚ ਸੰਪਰਕ ਵਾਲੀਆਂ ਸਤਿਹਾਂ ਜਿਵੇਂ ਕਿ ਹੈਂਡਰੇਲ / ਹੈਂਡਲ ਅਤੇ ਕਾਲ ਬਟਨ, ਜਨਤਕ ਕਾਊਂਟਰ, ਇੰਟਰਕਾਮ ਸਿਸਟਮ, ਟੈਲੀਫੋਨ, ਪ੍ਰਿੰਟਰ / ਸਕੈਨਰ ਵਰਗੇ ਉਪਕਰਣ ਅਤੇ ਹੋਰ ਦਫਤਰ ਦੀਆਂ ਮਸ਼ੀਨਾਂ 1% ਸੋਡੀਅਮ ਹਾਈਪੋਕਲੋਰਾਈਟ ਵਿੱਚ ਭਿੱਜੇ ਲਿਨਨ / ਸੋਖਣ ਯੋਗ ਕਪੜੇ ਨਾਲ ਰੋਜ਼ਾਨਾ ਦੋ ਵਾਰ ਸਾਫ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਟੇਬਲ ਟਾਪਸ, ਕੁਰਸੀ ਦੇ ਹੈਂਡਲਜ਼, ਪੈੱਨਜ਼, ਡਾਇਰੀ ਫਾਈਲਾਂ, ਕੀਬੋਰਡਸ, ਮਾਊਸ ਪੈਡ, ਚਾਹ / ਕਾਫੀ ਡਿਸਪੈਂਸਿੰਗ ਮਸ਼ੀਨਾਂ ਆਦਿ ਨੂੰ ਅਕਸਰ ਛੂਹਣ ਵਾਲੇ ਖੇਤਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਾਫ ਕਰਨਾ ਚਾਹੀਦਾ ਹੈ। ਧਾਤੂ ਸਤਿਹਾਂ ਜਿਵੇਂ ਦਰਵਾਜ਼ੇ ਦੇ ਹੈਂਡਲ, ਸੁਰੱਖਿਆ ਤਾਲੇ, ਕੁੰਜੀਆਂ ਆਦਿ ਲਈ 70% ਅਲਕੋਹਲ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜਿਥੇ ਬਲੀਚ ਦੀ ਵਰਤੋਂ ਢੁਕਵੀਂ ਨਹੀਂ ਹੈ। ਦਫਤਰ ਵਿਚ ਜੇ ਕੋਈ ਮਾਸਕ ਤੋਂ ਬਿਨਾਂ ਜਾਂ ਸਾਵਧਾਨੀ ਰੱਖੇ ਬਿਨਾਂ ਖੰਘ ਰਿਹਾ ਹੈ ਤਾਂ ਉਸ ਦੀ ਸੀਟ ਦੇ ਆਸ ਪਾਸ ਦੇ ਖੇਤਰ ਖਾਲੀ ਕੀਤੇ ਜਾਣੇ ਚਾਹੀਦੇ ਹਨ ਅਤੇ 1% ਸੋਡੀਅਮ ਹਾਈਪੋਕਲੋਰਾਈਟ ਨਾਲ ਸਾਫ ਕੀਤਾ ਜਾਵੇ। ਸਫਾਈ ਪ੍ਰਕਿਰਿਆ ਦੇ ਅੰਤ ਵਿਚ ਸਫਾਈ ਵਿਚ ਵਰਤੇ ਗਏ ਉਪਕਰਣਾਂ ਨੂੰ ਸਾਵਧਾਨੀ ਨਾਲ ਸਾਫ਼ ਕਰੋ ਅਤੇ ਸਵੱਛਤਾ ਪ੍ਰਕਿਰਿਆ ਦੌਰਾਨ ਵਰਤੇ ਗਏ ਪ੍ਰੋਟੈਕਟਿਵ ਗਿਅਰ ਨੂੰ ਨਸ਼ਟ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਟਿਕਟ ਬੂਥਾਂ / ਦਫਤਰਾਂ ਦੇ ਸਾਰੇ ਕਰਮਚਾਰੀਆਂ ਨੂੰ ਬੈਠਣ ਤੋਂ ਪਹਿਲਾਂ ਆਪਣੀ ਸੀਟ ਦੀ ਸਫਾਈ ਕਰਨੀ ਚਾਹੀਦੀ ਹੈ ਅਤੇ ਜੇ ਸੰਭਵ ਹੋਵੇ ਤਾਂ 2 ਸੀਟਾਂ ਦੀ ਵਰਤੋਂ ਕਰੋ।

ਐਡਵਾਇਜ਼ਰੀ ਵਿਚ ਲਿਖਿਆ ਹੈ ਕਿ ਡਿਪੂ ਵਿਚ ਦਾਖਲ ਹੋਣ ਵੇਲੇ ਬੱਸਾਂ ਨੂੰ 1% ਸੋਡੀਅਮ ਹਾਈਪੋਕਲੋਰਾਈਟ ਨਾਲ ਚੰਗੀ ਤਰ੍ਹਾਂ ਰੋਗਾਣੂ-ਮੁਕਤ ਕੀਤਾ ਜਾਣਾ ਚਾਹੀਦਾ ਹੈ।ਸਾਰੀਆਂ ਉੱਚ ਸੰਪਰਕ ਵਾਲੀਆਂ ਸਤਿਹਾਂ ਜਿਵੇਂ ਕਿ ਰੇਲ, ਪਿੱਲਰ, ਸੀਟਾਂ, ਆਰਮ ਰੈਸਟ, ਹੈਂਡ ਹੋਲਡ ਅਤੇ ਐਨਕਾਂ ਆਦਿ ਨੂੰ ਵਰਤੋਂ ਤੋਂ ਪਹਿਲਾਂ 70% ਅਲਕੋਹਲ ਯੁਕਤ ਕੀਟਾਣੂਨਾਸ਼ਕ ਨਾਲ ਸਾਫ ਜਾਣੇ ਚਾਹੀਦੇ ਹਨ। ਇਸੇ ਤਰ੍ਹਾਂ, ਉੱਚ ਦਬਾਅ ਵਾਲੇ ਮੋਟਰ ਪੰਪ ਸਪਰੇਅ ਯੂਨਿਟਾਂ ਦੀ ਵਰਤੋਂ ਕਰਦਿਆਂ ਬੱਸ ਦੀਆਂ ਬਾਹਰੀ ਸਤਿਹਾਂ ਤੇ ਸਿੱਧੇ ਤੌਰ ਤੇ 1% ਸੋਡੀਅਮ ਹਾਈਪੋਕਲੋਰਾਈਟ ਘੋਲ ਨਾਲ ਛਿੜਕਾਅ ਕੀਤਾ ਜਾ ਸਕਦਾ ਹੈ। ਰੋਗਾਣੂ-ਮੁਕਤ ਕਰਨ ਵਾਲੀ ਟੀਮ ਨੂੰ ਕੀਟਾਣੂ-ਮੁਕਤ ਕਰਨ ਤੋਂ ਪਹਿਲਾਂ ਢੁਕਵੇਂ ਪ੍ਰੋਟੈਕਟਿਵ ਗੀਅਰ (ਮਾਸਕ, ਰਬੜ ਦੇ ਦਸਤਾਨੇ, ਰਬੜ ਦੇ ਬੂਟ, ਚਸ਼ਮਾ ਆਦਿ) ਪਹਿਨਣੇ ਚਾਹੀਦੇ ਹਨ। ਬਾਹਰੀ ਖੇਤਰਾਂ ਵਿੱਚ ਹਵਾ ਅਤੇ ਧੁੱਪ ਦੇ ਸੰਪਰਕ ਕਾਰਨ ਅੰਦਰੂਨੀ ਖੇਤਰਾਂ ਦੇ ਮੁਕਾਬਲੇ ਘੱਟ ਜੋਖਮ ਹੁੰਦਾ ਹੈ। ਇਨ੍ਹਾਂ ਵਿੱਚ ਬੱਸ ਅੱਡੇ, ਪਾਰਕਿੰਗ ਖੇਤਰ, ਬੈਠਣ ਵਾਲੇ ਬੈਂਚ, ਉਡੀਕ ਖੇਤਰ ਆਦਿ ਸ਼ਾਮਲ ਹਨ। ਉੱਪਰਲੇ ਵੇਰਵੇ ਅਨੁਸਾਰ ਸਫਾਈ ਅਤੇ ਅਕਸਰ ਛੂਹੀਆਂ ਜਾਣ ਵਾਲੀਆਂ / ਦੂਸ਼ਿਤ ਸਤਿਹਾਂ ਨੂੰ ਪਹਿਲ ਦੇ ਅਧਾਰ ਤੇ ਰੋਗਾਣੂ ਮੁਕਤ ਜਾਣਾ ਚਾਹੀਦਾ ਹੈ। ਸੈਨੇਟਰੀ ਕਰਮਚਾਰੀਆਂ ਨੂੰ ਪਖਾਨਿਆਂ ਲਈ ਸਾਫ ਸਫਾਈ ਉਪਕਰਣਾਂ ਦੇ ਵੱਖਰੇ ਸੈਟ (ਪੋਚੇ, ਨਾਈਲੋਨ ਸਕ੍ਰਬਰ) ਅਤੇ ਸਿੰਕ ਅਤੇ ਕਮੋਡ ਲਈ ਵੱਖਰੇ ਸੈੱਟ ਦੀ ਵਰਤੋਂ ਕਰਨੀ ਚਾਹੀਦੀ ਹੈ। ਟਾਇਲਟ ਦੀ ਸਫਾਈ ਕਰਦਿਆਂ ਉਨ੍ਹਾਂ ਨੂੰ ਹਮੇਸ਼ਾਂ ਡਿਸਪੋਸੇਜਬਲ ਸੁਰੱਖਿਅਤ ਦਸਤਾਨੇ ਪਹਿਨਣੇ ਚਾਹੀਦੇ ਹਨ। ਬੁਲਾਰੇ ਨੇ ਕਿਹਾ ਕਿ ਟਾਇਲਟ ਦੇ ਸਾਰੇ ਖੇਤਰਾਂ ਜਿਵੇਂ ਕਿ ਸਿੰਕ, ਕਮੋਡ, ਟੂਟੀਆਂ ਆਦਿ ਨੂੰ ਸਾਬਣ ਅਤੇ ਪਾਣੀ ਦੀ ਵਰਤੋਂ ਨਾਲ ਚੰਗੀ ਤਰ੍ਹਾਂ ਸਾਫ / ਰਗੜਨਾ ਚਾਹੀਦਾ ਹੈ ਅਤੇ ਫਿਰ 1% ਸੋਡੀਅਮ ਹਾਈਪੋਕਲੋਰਾਈਟ ਘੋਲ ਜਾਂ ਬਰਾਬਰ ਦੇ ਕੀਟਾਣੂਨਾਸ਼ਕ ਨਾਲ ਰੋਗਾਣੂ ਮੁਕਤ ਕੀਤਾ ਜਾਵੇ।ਡਰਾਈਵਰ ਦੀ ਸੁਰੱਖਿਆ ਲਈ ਡ੍ਰਾਈਵਰ ਸੀਟ ਅਤੇ ਯਾਤਰੀਆਂ ਵਿਚਕਾਰ ਪਲਾਸਟਿਕ / ਸ਼ੀਸ਼ਾ ਦੇ ਵਿਭਾਜਨ ਕੀਤਾ ਜਾ ਸਕਦਾ ਹੈ।
ਐਡਵਾਇਜ਼ਰੀ ਵਿੱਚ ਇਹ ਸਲਾਹ ਦਿੱਤੀ ਗਈ ਹੈ ਕਿ ਸਟਾਫ ਵੱਲੋਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਹਰ ਸਮੇਂ ਉਨ੍ਹਾਂ ਅਤੇ ਸਵਾਰੀਆਂ ਵਿਚਕਾਰ ਘੱਟੋ-ਘੱਟ 1 ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ ।ਸਟਾਫ/ਮੈਨਪਾਵਰ ਨੂੰ ਸਲਾਹ ਦਿੱਤੀ ਜਾਵੇ ਕਿ ਉਹ ਇੱਕ ਦੂਜੇ ਨਾਲ ਹੱਥ ਨਾ ਮਿਲਾਉਣ ਅਤੇ ਨਾ ਹੀ ਗਲੇ ਮਿਲਣ। ਸਾਰੇ ਸਟਾਫ / ਮੈਨਪਾਵਰ ਨੂੰ ਸਲਾਹ ਦਿੱਤੀ ਜਾਵੇ ਕਿ ਉਹ ਬਿਨਾਂ ਵਜਾ ਤੋਂ ਡਿਪੂ/ਕਾਰੀਡੋਰ/ਬੱਸਾਂ ਰੁੱਕਣ ਦੇ ਸਥਾਨ ਤੇ ਇਧਰ-ਉਧਰ ਨਾ ਘੁੰਮਣ ਅਤੇ ਆਪਣੇ ਨਿਰਧਾਰਿਤ ਸਥਾਨ ਤੇ ਬੈਠ ਕੇ ਹੀ ਕੰਮ ਕਰਨ। ਡਿਪੂ ਸਟਾਫ/ਡਰਾਈਵਰ/ਕੰਡਕਟਰ ਹਰ ਸਮੇਂ ਕੱਪੜੇ ਦਾ ਮਾਸਕ ਪਹਿਨ ਕੇ ਰੱਖਣ, ਘਰੋਂ ਨਿਕਲਣ ਤੋਂ ਪਹਿਲਾਂ ਹੀ ਕੱਪੜੇ ਦਾ ਮਾਸਕ ਪਹਿਨ ਲਿਆ ਜਾਵੇ ਅਤੇ ਸਫਰ ਦੌਰਾਨ ਤੇ ਘਰ ਵਾਪਸੀ ਤੱਕ ਇਸ ਨੂੰ ਪਹਿਨ ਕੇ ਰੱਖਿਆ ਜਾਵੇ। ਮਾਸਕ ਇਸ ਢੰਗ ਨਾਲ ਪਹਿਨਿਆ ਜਾਵੇ ਕਿ ਨੱਕ ਤੇ ਮੂੰਹ ਚੰਗੀ ਤਰਾਂ ਢੱਕ ਜਾਵੇ। ਕੱਪੜੇ ਦੇ ਮਾਸਕ ਨੂੰ ਰੋਜ਼ਾਨਾ ਸਾਬਣ ਤੇ ਪਾਣੀ ਨਾਲ ਧੋ ਕੋ ਵਰਤਿਆ ਜਾਵੇ। ਜਦੋਂ ਵੀ ਮੌਕਾ ਮਿਲੇ ਤਾਂ ਹੱਥਾਂ ਨੂੰ ਸਾਬਣ ਤੇ ਪਾਣੀ ਨਾਲ ਘੱਟੋ-ਘੱਟ 40 ਸੈਕਿੰਡ ਤੱਕ ਧੋਵੋ। ਇਸ ਦੇ ਨਾਲ ਹੀ ਡਰਾਈਵਰ/ਕੰਡਕਟਰ ਵੱਲੋ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਮੰਜਿਲ ਤੇ ਪੁੱਜਣ ਦੇ ਬਾਅਦ (ਦੋਵੇਂ ਪਾਸੇ ਦੀ ਯਾਤਰਾ ਦੌਰਾਨ) ਹੱਥਾਂ ਨੂੰ ਜ਼ਰੂਰ ਧੋ ਲਿਆ ਜਾਵੇ। ਬੱਸਾਂ ਵਿੱਚ ਹੱਥ ਸਾਫ਼ ਕਰਨ ਲਈ ਅਲਕੋਹਲ ਯੁਕਤ ਹੈਂਡ ਸੈਨੀਟਾਈਜ਼ਰ (ਘੱਟੋ-ਘੱਟ 70 ਪ੍ਰਤੀਸ਼ਤ ਇਥਾਈਲ ਅਲਕੋਹਲ) ਦਾ ਪ੍ਰਬੰਧ ਕੀਤਾ ਜਾਵੇ। ਸਮੇਂ-ਸਮੇਂ ਤੇ ਸੈਨੀਟਾਈਜ਼ਰਾਂ ਨੂੰ ਰੀ-ਫਿਲ ਜਾਂ ਬਦਲਿਆ ਜਾਵੇ। ਘੱਟੋ-ਘੱਟ 3 ਐਮਐਲ ਸੈਨੀਟਾਈਜ਼ਰ (ਲਗਭਗ 2 ਵਾਰ ਦਬਾ ਕੇ ਕੱਢੋ) ਸੁੱਕੇ ਹੱਥਾਂ ਤੇ ਲਗਾਉ ਅਤੇ ਘੱਟੋ-ਘੱਟ 30 ਸੈਕਿੰਡ ਤੱਕ ਮਲੋ। ਜੇਕਰ ਹੱਥ ਸਾਫ਼ ਦਿਖਾਈ ਦੇ ਰਹੇ ਹੋਣ ਤਾਂ ਵੀ ਹੱਥਾਂ ਨੂੰ ਧੋਵੋ ਜਾਂ ਸੈਨੀਟਾਈਜ਼ ਕਰੋ। ਡਰਾਈਵਰ ਤੇ ਕੰਡਕਟਰ ਉਪਲਬੱਧਤਾ ਅਨੁਸਾਰ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਜਾਂ ਸੈਨੀਟਾਈਜ਼ਰ ਨਾਲ ਸਾਫ਼ ਕਰਨ।ਚਾਹ ਤੇ ਲੰਚ ਦੌਰਾਨ ਕਿਸੇ ਵੀ ਖਾਣ-ਪੀਣ ਦੀ ਵਸਤੂ ਨੂੰ ਛੂਹਣ ਤੋਂ ਪਹਿਲਾਂ ਡਰਾਈਵਰਾਂ/ ਕੰਡਕਟਰਾਂ ਵੱਲੋਂ ਹੱਥਾਂ ਨੂੰ ਨਿਯਮਿਤ ਤਰੀਕੇ ਨਾਲ ਧੋਣਾ/ਸੈਨੀਟਾਈਜ਼ ਕਰਨਾ ਯਕੀਨੀ ਬਣਾਇਆ ਜਾਵੇ। ਡਰਾਈਵਰ ਅਤੇ ਕੰਡਕਟਰ ਵੱਲੋਂ ਕਿਸੇ ਵੀ ਸਵਾਰੀ ਜਾਂ ਸਾਥੀ ਸਟਾਫ ਨੂੰ ਛੂਹਿਆ ਨਾ ਜਾਵੇ।ਡਰਾਈਵਰ/ ਕੰਡਕਟਰ ਨੂੰ ਸਲਾਹ ਦਿੱਤੀ ਜਾਵੇ ਕਿ ਉਹ ਰੁਕਣ/ਉਡੀਕ ਸਮੇਂ ਸਵਾਰੀਆਂ (ਉਤਾਰਨ ਜਾਂ ਚੜਾਉਣ ਸਮੇਂ) ਇਧਰ-ਉਧਰ ਨਾ ਘੁੰਮਣ ਅਤੇ ਕਿਸੇ ਸਤਿਹਾਂ/ਸਮਾਨ ਆਦਿ ਨੂੰ ਨਾ ਛੂਹਣ। ਡਰਾਈਵਰ/ਕੰਡਕਟਰ ਪੂਰੀ ਖੁਰਾਕ ਅਤੇ ਨੀਂਦ ਲੈਣ ਅਤੇ ਵਾਹਨ ਦੇ ਅੰਦਰ ਖਾਣਾ ਖਾਣ ਤੋਂ ਪਰਹੇਜ਼ ਕਰਨ।

ਖਾਣਾ ਖਾਣ ਲਈ ਵਰਤੇ ਜਾਣ ਵਾਲੇ ਬਰਤਨਾਂ ਨੂੰ ਡਿਸ਼ਵਾਸ਼ ਬਾਰ/ਡਿਸ਼ਵਾਸ਼ ਲਿਕੁਇਡ ਅਤੇ ਪਾਣੀ ਨਾਲ ਧੋਵੋ। ਬਰਤਨ ਕਿਸੇ ਹੋਰ ਨਾਲ ਸਾਂਝੇ ਨਾ ਕਰੋ। ਡਰਾਈਵਰ/ਕੰਡਕਟਰ ਬੱਸ ਅੰਦਰ ਜਾਂ ਕਿਸੇ ਹੋਰ ਖੁੱਲੇ ਸਥਾਨ ਤੇ ਨਾ ਥੁੱਕਣ। ਡਰਾਈਵਰ/ ਕੰਡਕਟਰ ਵੱਲੋਂ ਧੂਮਰਪਾਨ ਜਾਂ ਤੰਬਾਕੂ ਆਧਾਰਿਤ ਚੀਜ਼ਾਂ ਜਿਵੇਂ ਕਿ ਗੁਟਕਾ, ਪਾਨ ਮਸਾਲਾ ਜਾਂ ਕੋਈ ਹੋਰ ਨਸ਼ਾ ਆਦਿ ਦਾ ਵਾਹਨ ਅੰਦਰ ਜਾਂ ਉਂਝ ਵੀ ਸੇਵਨ ਨਾ ਕੀਤਾ ਜਾਵੇ। ਡਰਾਈਵਰ/ ਕੰਡਕਟਰ ਆਪਣੇ ਚਿਹਰੇ, ਮੂੰਹ, ਨੱਕ, ਅੱਖਾਂ ਨੂੰ ਹੱਥਾਂ ਨਾਲ ਨਾ ਛੂਹਣ। ਡਰਾਈਵਰ/ਕੰਡਕਟਰ ਯਕੀਨੀ ਬਣਾਉਣ ਕਿ ਬੱਸ ਵਿਚ ਚੜਨ ਜਾਂ ਉਤਰਨ ਸਮੇਂ ਸਵਾਰੀਆਂ ਦੀ ਭੀੜ ਨਾ ਹੋਵੇ। ਬੱਸਾਂ ਵਿਚ ਚੜ੍ਹਨ/ਉਤਰਨ ਲਈ 60 ਸਾਲ ਤੋਂ ਉੱਪਰ ਬਜ਼ੁਰਗਾਂ/ ਵੱਡੀ ਉਮਰ ਦੇ ਲੋਕਾਂ ਵਾਸਤੇ ਅਲੱਗ ਲਾਈਨ ਬਣਾਈ ਜਾਵੇ। ਡਰਾਈਵਰ ਵੱਲੋਂ ਯਾਤਰਾ ਦੌਰਾਨ ਗੈਰ ਜ਼ਰੂਰੀ ਰੁਕਣ ਤੋਂ ਪਰਹੇਜ਼ ਕੀਤਾ ਜਾਵੇ। ਰਸਤੇ ਵਿਚ ਡਰਾਈਵਰ ਵੱਲੋਂ ਕਿਸੇ ਵੀ ਸਵਾਰੀ ਨੂੰ ਬੱਸ ਵਿਚ ਨਾ ਚੜ੍ਹਾਇਆ ਜਾਵੇ ਭਾਵੇਂ ਸੀਟਾਂ ਖਾਲੀ ਵੀ ਹੋਣ, ਤਾਂ ਵੀ। ਕੰਡਕਟਰ ਵੱਲੋਂ ਜੇਕਰ ਕਰੰਸੀ ਨੋਟਾਂ ਨਾਲ ਲੈਣ-ਦੇਣ ਕੀਤਾ ਜਾ ਰਿਹਾ ਹੋਵੇ ਤਾਂ ਇਸ ਤੋਂ ਪਹਿਲਾਂ ਤੇ ਬਾਅਦ ਵਿੱਚ ਹੱਥਾਂ ਨੂੰ ਸੈਨੀਟਾਈਜ਼ ਕੀਤਾ ਜਾਵੇ ਅਤੇ ਸਾਹਮਣੇ ਵਾਲੇ ਵਿਅਕਤੀ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਸਟਾਫ/ਮੈਨਪਾਵਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਸਿਹਤ ਬਾਰੇ ਸੁਚੇਤ ਰਹਿਣ ਅਤੇ ਜੇਕਰ ਕੋਈ ਲੱਛਣ ਦਿਖਾਈ ਦੇਣ ਤਾਂ ਤੁਰੰਤ ਇਸ ਬਾਰੇ ਸੂਚਨਾ ਦਿੱਤੀ ਜਾਵੇ। ਜੇਕਰ ਕਿਸੇ ਡਰਾਈਵਰ/ ਕੰਡਕਟਰ ਨੂੰ ਤੇਜ਼ ਬੁਖ਼ਾਰ/ਖੰਘ/ਛਿੱਕਾਂ/ਸਾਹ ਲੈਣ ਵਿੱਚ ਤਕਲੀਫ ਹੈ ਤਾਂ ਉਸ ਨੂੰ ਖ਼ੁਦ ਹੀ ਆਪਣੇ ਇਮਪਲਾਇਰ ਨੂੰ ਦੱਸਿਆ ਜਾਵੇ ਅਤੇ ਤੁਰੰਤ ਇਲਾਜ ਲਈ ਡਾਕਟਰੀ ਸਲਾਹ ਲਈ ਜਾਵੇ।

ਸਵਾਰੀਆਂ ਲਈ ਸਲਾਹਾਂ:

ਸਵਾਰੀਆਂ ਵੱਲੋਂ ਯਕੀਨੀ ਬਣਾਇਆ ਜਾਵੇ ਕਿ ਐੱਸ.ਐੱਮ.ਐੱਸ. ਦੁਆਰਾ ਪ੍ਰਾਪਤ ਸੂਚਨਾ ਦੇ ਅਨੁਸਾਰ ਪਿਕਅੱਪ ਸਥਾਨ ਤੇ ਸਮੇਂ ਸਿਰ ਰਿਪੋਰਟ ਕੀਤਾ ਜਾਵੇ। ਸਵਾਰੀਆਂ ਵੱਲੋਂ ਕੋਸ਼ਿਸ਼ ਕੀਤੀ ਜਾਵੇ ਕਿ ਸਮੇਂ-ਸਮੇਂ ਤੇ ਵਰਤੋਂ ਲਈ ਆਪਣੇ ਨਾਲ ਜੇਬ ਵਿਚ ਹੈਂਡ-ਸੈਨੀਟਾਈਜ਼ਰ ਰੱਖਣ। ਸਵਾਰੀਆਂ ਨੂੰ ਸਲਾਹ ਦਿੱਤੀ ਜਾਵੇ ਕਿ ਉਹ ਬਿਨਾਂ ਵਜਾ ਤੋਂ ਡਿਪੂ/ਕਾਰੀਡੋਰ/ਬੱਸਾਂ ਰੁਕਣ ਦੇ ਸਥਾਨ ਤੇ ਇਧਰ-ਉਧਰ ਨਾ ਘੁੰਮਣ ਅਤੇ ਆਪਣੇ ਨਿਰਧਾਰਿਤ ਸਥਾਨ ‘ਤੇ ਹੀ ਬੱਸ ਦੀ ਉਡੀਕ ਕੀਤੀ ਜਾਵੇ। ਸਵਾਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਬੱਸ ਵਿਚ ਚੜ੍ਹਨ ਤੋਂ ਪਹਿਲਾ ਟਰਾਂਸਪੋਰਟ ਅਥਾਰਟੀ ਵੱਲੋ ਲਗਾਏ ਹੈਂਡ ਵਾਸ਼ਿੰਗ ਸਟੇਸ਼ਨ ਤੇ ਸਾਬਣ ਤੇ ਪਾਣੀ ਨਾਲ ਆਪਣੇ ਹੱਥ ਧੋਣ।ਯਾਤਰੀ ਬੱਸ ਵਿੱਚ ਚੜ੍ਹਨ ਤੋਂ ਪਹਿਲਾਂ ਹੀ ਟਿਕਟ ਖਰੀਦਣ। ਜੇਕਰ ਸੰਭਵ ਹੋਵੇ ਤਾਂ ਕਿਰਾਇਆ ਦੇਣ ਲਈ ਡਿਜੀਟਲ ਪੇਮੈਂਟ ਦੀ ਹੀ ਵਰਤੋਂ ਕੀਤੀ ਜਾਵੇ। ਟਿਕਟਾਂ ਅਤੇ ਕਰੰਸੀ ਨੋਟਾਂ ਦਾ ਲੈਣ-ਦੇਣ ਕਰਨ ਤੋਂ ਬਾਅਦ ਯਾਤਰੀਆਂ ਵੱਲੋ ਨਿਯਮਿਤ ਤਰੀਕੇ ਨਾਲ ਹੱਥਾਂ ਨੂੰ ਧੋਤਾ/ਸੈਨੀਟਾਈਜ ਕੀਤਾ ਜਾਵੇ। ਜਦੋਂ ਵੀ ਮੌਕਾ ਮਿਲੇ ਤਾਂ ਹੱਥਾਂ ਨੂੰ ਸਾਬਣ ਤੇ ਪਾਣੀ ਨਾਲ ਘੱਟੋ-ਘੱਟ 40 ਸੈਕਿੰਡ ਤੱਕ ਧੋਵੋ। ਸੈਨੀਟੇਸ਼ਨ ਕਰਨ ਲਈ ਘੱਟੋ-ਘੱਟ 3 ਐਮਐਲ ਸੈਨੀਟਾਈਜ਼ਰ (ਲਗਭਗ 2 ਵਾਰ ਦਬਾ ਕੇ ਕੱਢੋ) ਸੁੱਕੇ ਹੱਥਾਂ ਤੇ ਲਗਾਓ ਅਤੇ ਘੱਟੋ-ਘੱਟ 30 ਸੈਕਿੰਡ ਤੱਕ ਮਲੋ ਤੇ ਸੁਕਾਓ। ਸਵਾਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਤਾਰ (ਨਿਸ਼ਾਨਦੇਹੀ ਕੀਤੇ ਹੋਏ ਅਸਥਾਈ ਕਾਊਂਟਰ/ਚੱਕਰ/ਚੋਰਸ ਸਥਾਨ ਅੰਦਰ) ਖੜੇ ਹੋਣ ਅਤੇ ਬੱਸ ਚੜਨ ਦੇ ਸਥਾਨ, ਬੱਸ ਸਟਾਪ/ਬੱਸ ਸਟੈਂਡ ਤੇ ਇੱਕ ਦੂਜੇ ਕੋਲੋਂ ਹਰ ਸਮੇਂ 1 ਮੀਟਰ ਦੀ ਸਮਾਜਿਕ ਦੂਰੀ ਬਣਾ ਕੇ ਰੱਖਣ। ਉਤਰਨ ਅਤੇ ਚੜ੍ਹਨ ਸਮੇਂ ਸਵਾਰੀਆਂ ਵੱਲੋ ਭੀੜ ਨਾ ਕੀਤੀ ਜਾਵੇ। ਸਵਾਰੀ ਹਰ ਸਮੇਂ ਯਾਤਰਾ ਦੌਰਾਨ ਕੱਪੜੇ ਦਾ ਮਾਸਕ ਪਹਿਨ ਕੇ ਰੱਖਣ। ਸਵਾਰੀ ਬੱਸ ਅੰਦਰ ਜਾਂ ਕਿਤੇ ਵੀ ਖੁੱਲ੍ਹੇ ਵਿਚ ਨਾ ਥੁੱਕਣ। ਸਵਾਰੀਆਂ ਵੱਲੋਂ ਧੂਮਰਪਾਨ ਜਾਂ ਤੰਬਾਕੂ ਆਧਾਰਿਤ ਚੀਜ਼ਾਂ ਜਿਵੇਂ ਕਿ ਗੁਟਕਾ, ਪਾਨ ਮਸਾਲਾ ਜਾਂ ਕੋਈ ਵੀ ਹੋਰ ਨਸ਼ਾ ਆਦਿ ਦਾ ਵਾਹਨ ਅੰਦਰ ਜਾਂ ਉਂਝ ਵੀ ਸੇਵਨ ਨਾ ਕੀਤਾ ਜਾਵੇ। ਸਵਾਰੀ ਆਪਣੇ ਚਿਹਰੇ, ਮੂੰਹ, ਨੱਕ, ਅੱਖਾਂ ਨੂੰ ਹੱਥਾਂ ਨਾਲ ਨਾ ਛੂਹਣ। ਜੇਕਰ ਕਿਸੇ ਸਵਾਰੀ ਨੂੰ ਖੰਘ/ਛਿੱਕਾਂ ਆ ਰਹੀਆਂ ਹਨ ਤਾਂ ਰੁਮਾਲ ਨਾਲ ਮੂੰਹ ਤੇ ਨੱਕ ਨੂੰ ਢੱਕਿਆ ਜਾਵੇ। ਜਿਸ ਨੂੰ ਆਪਣੀ ਜੇਬ/ਪਰਸ ਵਿੱਚ ਰੱਖਿਆ ਜਾਵੇ ਅਤੇ ਇਸ ਰੁਮਾਲ ਨੂੰ ਕਿਸੇ ਹੋਰ ਵਸਤੂ ਦੇ ਸੰਪਰਕ ਵਿੱਚ ਨਾ ਆਉਣ ਦਿੱਤਾ ਜਾਵੇ। ਜੇਕਰ ਸਵਾਰੀ ਕੋਲ ਰੁਮਾਲ ਨਹੀਂ ਹੈ ਤਾਂ ਮੂੰਹ ਤੇ ਨੱਕ ਨੂੰ ਆਪਣੀ ਕੂਹਣੀ ਨਾਲ ਢੱਕੋ। ਸਵਾਰੀ ਵੱਲੋਂ ਉਪਰੋਕਤ ਦੋਵਾਂ ਮਾਮਲਿਆਂ ਵਿੱਚ ਆਪਣੇ ਹੱਥ ਜਾਂ ਖੰਘ/ਛਿੱਕਾਂ ਦੇ ਸੰਪਰਕ ਵਿੱਚ ਆਏ ਹੋਰ ਹਿੱਸਿਆਂ ਨੂੰ ਨਿਯਮਿਤ ਢੰਗ ਨਾਲ ਧੋਤਾ ਜਾਂ ਸੈਨੀਟਾਈਜ਼ ਕੀਤਾ ਜਾਵੇ। ਜੇਕਰ ਕਿਸੇ ਸਵਾਰੀ ਨੂੰ ਤੇਜ਼ ਬੁਖ਼ਾਰ/ਖੰਘ/ਛਿੱਕਾਂ/ਸਾਹ ਲੈਣ ਵਿੱਚ ਤਕਲੀਫ ਹੈ ਤਾਂ ਉਸ ਨੂੰ ਖ਼ੁਦ ਹੀ ਕੰਡਕਟਰ ਨੂੰ ਦੱਸਣਾ ਚਾਹੀਦਾ ਹੈ ਅਤੇ ਤੁਰੰਤ ਇਲਾਜ ਲਈ ਡਾਕਟਰੀ ਸਲਾਹ ਲਈ ਜਾਵੇ। ਸਵਾਰੀਆਂ ਵੱਲੋਂ ਖੁਦ ਜਾਂ ਦੂਜੇ ਯਾਤਰੀਆਂ ਨਾਲ ਬਿਨਾਂ ਕਿਸੇ ਪੁਖ਼ਤਾ ਜਾਣਕਾਰੀ ਤੋਂ ਕੋਵਿਡ-19 ਦੇ ਬਾਰੇ ਗੱਲਾਂ/ਅਫ਼ਵਾਹਾਂ ਨਾ ਫੈਲਾਈਆਂ ਜਾਣ। ਉਨ੍ਹਾਂ ਵੱਲੋ ਸਹੀ ਤੇ ਪੁਖ਼ਤਾ ਜਾਣਕਾਰੀ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਕੋਵਾ ਐਪ ਡਾਊਨਲੋਡ ਕੀਤੀ ਜਾਵੇ।

ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਬੱਸਾਂ ਵਿਚ ਵਰਤੋਂ ਕੀਤਾ ਜਾਣ ਵਾਲਾ ਏਅਰ ਕੰਡੀਸ਼ਨਿੰਗ ਸਿਸਟਮ ਬਿਨਾਂ ਕਿਸੇ ਵੈਂਟੀਲੇਸ਼ਨ ਸਿਸਟਮ ਤੋਂ ਨਾ ਵਰਤਿਆ ਜਾਵੇ। ਹਵਾ ਦੇ ਵਹਾਅ (ਵੈਂਟੀਲੇਸ਼ਨ) ਨੂੰ ਵਧਾਉਣ ਦੇ ਲਈ ਬੱਸਾਂ ਅੰਦਰ ਨਿਕਾਸੀ ਪੱਖੇ (ਐਗਜਾਸਟਫੈਨ) ਲਗਾਏ ਜਾ ਸਕਦੇ ਹਨ। ਏਅਰ ਕੰਡੀਸ਼ਨਰਾਂ ਦੀ ਵਰਤੋਂ ਸੰਬੰਧੀ ਵਿਸਥਾਰਪੂਰਵਕ ਦਿਸ਼ਾ-ਨਿਰਦੇਸ਼ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।

ਇਹ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਕੋਈ ਯਾਤਰੀ ਕੋਵਿਡ-19 ਦਾ ਇਲਾਜ ਕਰਵਾ ਰਿਹਾ ਹੈ ਜਾਂ ਕੋਵਿਡ-19 ਦੀ ਪੁਸ਼ਟੀ ਹੋਈ ਹੈ ਅਤੇ ਜੇਕਰ ਕੋਈ ਹੋਰ ਵਿਅਕਤੀ ਉਸ ਦੇ ਸੰਪਰਕ ਵਿੱਚ ਆਇਆ ਹੈ ਤਾਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਦੇ ਸੰਬੰਧ ਵਿੱਚ ਹੈਲਪਲਾਈਨ ਨੰਬਰ 104 ਜਾਂ ਸਟੇਟ ਕੰਟਰੋਲ ਰੂਮ ਨੰਬਰ 0172-2920074 / 08872090029 ‘ਤੇ ਕਾਲ ਕਰਕੇ ਸੰਪਰਕ ਵਿੱਚ ਆਉਣ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ ਅਤੇ ਅਗਲੇਰੀ ਸਹਾਇਤਾ ਪ੍ਰਾਪਤ ਕੀਤੀ ਜਾਵੇ। ਜੇਕਰ ਕਿਸੇ ਸਟਾਫ/ਮੈਨਪਾਵਰ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਟਰਾਂਸਪੋਰਟ ਅਥਾਰਟੀ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹੈ ਹੈਲਪਲਾਈਨ ਨੰਬਰ 104 ਜਾਂ ਸਟੇਟ ਕੰਟਰੋਲ ਰੂਮ ਨੰਬਰ 0 172-2920074 / 08872090029 ‘ਤੇ ਕਾਲ ਕਰਕੇ ਪੀੜਿਤ ਸਟਾਫ਼/ਮੈਨਪਾਵਰ ਦੇ ਦਫ਼ਤਰ ਵਿੱਚ ਆਉਣ ਦੇ ਦਿਨਾਂ ਬਾਰੇ ਅਤੇ ਉਸ ਦੇ ਸੰਪਰਕ ਵਿੱਚ ਆਏ ਹੋਰ ਲੋਕਾਂ ਬਾਰੇ ਤੁਰੰਤ ਜਾਣਕਾਰੀ ਦੇਣ। ਇਸ ਲਈ ਟਰਾਂਸਪੋਰਟ ਅਥਾਰਟੀ ਵੱਲੋਂਂ ਸਾਰੇ ਸਟਾਫ/ਮੈਨਪਾਵਰ ਦੀ ਹਾਜ਼ਰੀ ਅਤੇ ਹਰੇਕ ਬੱਸ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਦਾ ਰੋਜ਼ਾਨਾ ਪੂਰਾ ਬਿਓਰਾ ਤਿਆਰ ਰੱਖਿਆ ਜਾਵੇ। ਸਭ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਕਿ ਉਹ ਪੋਸ਼ਟਿਕ ਖਾਣਾ ਖਾਣ, ਸਹੀ ਜਾਣਕਾਰੀ ਦੇ ਨਾਲ ਖ਼ੁਦ ਨੂੰ ਹਰ ਸਮੇਂ ਸੁਚੇਤ ਤੇ ਅਪਡੇਟ ਰੱਖਣ ਅਤੇ ਖਾਲੀ ਸਮੇਂ ਦੌਰਾਨ ਆਪਣੀ ਦਿਲਚਸਪੀ ਅਨੁਸਾਰ ਸਾਕਾਰਤਮਕ ਕੰਮ ਕਰਨ।