ਕੋਵਿਡ-19 ਵਿਰੁੱਧ ਜੰਗ ਨਾਲ ਨਜਿੱਠਣ ਲਈ ਕਰਮਚਾਰੀਆਂ ਨੂੰ ਵੱਖ-ਵੱਖ ਭੂਮਿਕਾਵਾਂ ਦੀ ਸਿਖਲਾਈ ਦੇ ਕੇ ਕੀਤਾ ਜਾ ਰਿਹਾ ਲੈਸ
ਚੰਡੀਗੜ•, 21 ਮਈ
: ਕੋਰੋਨਾ ਵਾਇਰਸ ਦੇ ਅਣਕਿਆਸੇ ਸੰਕਟ ਦੇ ਚੱਲਦਿਆਂ ਪੰਜਾਬ ਸਰਕਾਰ ਇਸ ਮਹਾਮਾਰੀ ਖਿਲਾਫ ਲੜਾਈ ਦੇ ਅਗਲੇ ਪੜਾਅ ਲਈ ਅੱਗੇ ਵਧਦਿਆਂ ਸੂਬੇ ਭਰ ਦੇ ਕਰੀਬ 22000 ਕਰਮਚਾਰੀਆਂ ਨੂੰ ਆਨਲਾਈਨ ਸਿਖਲਾਈ ਜ਼ਰੀਏ ਕੋਰੋਨਾ ਵਾਰੀਅਰਜ਼ ਵਜੋਂ ਤਿਆਰ ਕੀਤਾ ਹੈ। ਕੋਵਿਡ-19 ਮਹਾਮਾਰੀ ਨਾਲ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲੜਨ ਲਈ ਆਈਗੌਟ ਪੋਰਟਲ ‘ਤੇ ਵੱਖ-ਵੱਖ ਭੂਮਿਕਾ ਸਬੰਧੀ ਸਿਖਲਾਈ ਦੀ ਸਮੱਗਰੀ ਤਿਆਰ ਕੀਤੀ ਹੈ ਜਿਸ ਨਾਲ ਕੋਰੋਨਾ ਵਾਰੀਅਰਜ਼ ਦੀ ਫੌਜ ਤਿਆਰ ਕਰਨ ਵਿੱਚ ਰਾਹ ਪੱਧਰਾ ਹੋਵੇਗਾ।
ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦੱਸਿਆ ਕਿ ਕੋਰਸ ਦੇ ਵੇਰਵੇ ਅਤੇ ਆਨਲਾਈਨ ਸਿਖਲਾਈ ਸਮੱਗਰੀ ਤਕ ਪਹੁੰਚ ਕਰਨ ਸਬੰਧੀ ਢੁੱਕਵੀਆਂ ਹਦਾਇਤਾਂ ਰਾਜ ਦੇ ਸਮੂਹ ਵਿਭਾਗਾਂ ਦੇ ਮੁਖੀਆਂ, ਡਿਪਟੀ ਕਮਿਸ਼ਨਰਾਂ ਅਤੇ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਐਮ.ਡੀਜ਼ ਭੇਜੀਆਂ ਗਈਆਂ ਹਨ। ਸੂਬਾ ਸਰਕਾਰ ਦੇ ਸਾਰੇ ਕਰਮਚਾਰੀਆਂ ਨੂੰ ਕੇਂਦਰੀ ਪਰਸੋਨਲ ਮੰਤਰਾਲੇ ਦੀ ਪਹਿਲਕਦਮੀ https://igot.gov.in/igot/ ਉਤੇ ਸਿਖਲਾਈ ਲੈਣ ਅਤੇ ਆਈ.ਐਚ.ਆਰ.ਐਮ.ਐਸ. ‘ਤੇ ਸਿਖਲਾਈ ਮੁਕੰਮਲ ਕਰਨ ਸਬੰਧੀ ਦਸਤਾਵੇਜ਼/ਸਰਟੀਫਿਕੇਟ ਪੋਰਟਲ ‘ਤੇ ਅਪਲੋਡ ਕਰਨ ਲਈ ਨਿਰਦੇਸ਼ ਵੀ ਦਿੱਤੇ ਗਏ ਹਨ। ਇਹ ਪਹਿਲਕਦਮੀ ਸੂਬਾ ਸਰਕਾਰਾਂ ਨੂੰ ਕਰਮਚਾਰੀਆਂ ਵੱਲੋਂ ਪੂਰੀ ਕੀਤੀ ਸਿਖਲਾਈ ਦੀ ਕੋਰਸ-ਵਾਰ ਜਾਣਕਾਰੀ ਪ੍ਰਾਪਤ ਕਰਨ ਵਿਚ ਸਹਾਇਤਾ ਕਰੇਗੀ ਤਾਂ ਜੋ ਲੋੜ ਪੈਣ ‘ਤੇ ਅਜਿਹੇ ਸਿਖਲਾਈ ਪ੍ਰਾਪਤ ਵਾਰੀਅਰਜ਼ ਨੂੰ ਸਰਕਾਰ ਵੱਲੋਂ ਕੋਵਿਡ-19 ਸਬੰਧੀ ਕੰਟੇਨਮੈਂਟ ਜ਼ੋਨ ਵਿਚ ਤਾਇਨਾਤ ਕੀਤਾ ਜਾ ਸਕੇ।
ਬੁਲਾਰੇ ਨੇ ਅੱਗੇ ਕਿਹਾ ਕਿ ਕੋਰੋਨਾ ਮਹਾਮਾਰੀ ਦਾ ਕਹਿਰ ਭਾਰਤ ਸਮੇਤ ਪੂਰੀ ਦੁਨੀਆਂ ਵਿੱਚ ਜਾਰੀ ਹੈ। ਕੋਰੋਨਾ ਦੇ ਟਾਕਰੇ ਲਈ ਪਹਿਲੀ ਕਤਾਰ ਵਿਚ ਡਟੇ ਸਿਹਤ ਕਰਮੀ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਕ ਮਿਸਾਲੀ ਸੰਘਰਸ਼ ਕਰ ਰਹੇ ਹਨ। ਜਿਵੇਂ ਇਹ ਲੜਾਈ ਅੱਗੇ ਵਧਦੀ ਹੈ, ਇਸ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਹੋਰ ਵਧੇਰੇ ਮਨੁੱਖੀ ਸਰੋਤਾਂ ਦੀ ਜ਼ਰੂਰਤ ਹੋਵੇਗੀ। ਨਵੇਂ ਖੇਤਰਾਂ ਵਿੱਚ ਤਾਇਨਾਤੀ ਦੇ ਉਦੇਸ਼ਾਂ ਤੋਂ ਇਲਾਵਾ ਪਹਿਲਾਂ ਕੰਮ ਰਹੇ ਫਰੰਟਲਾਈਨ ਕਰਮਚਾਰੀਆਂ ਨੂੰ ਥਕਾਵਟ ਦੇ ਮੱਦੇਨਜ਼ਰ ਤਬਦੀਲ ਕਰਨ ਲਈ ਵੀ ਇਹ ਵਾਰੀਅਰਜ਼ ਕੰਮ ਕਰਨਗੇ।
ਇਹ ਕੋਰਸ ਵੱਖ-ਵੱਖ ਵਿਭਾਗਾਂ ਲਈ ਢੁੱਕਵੇਂ ਹਨ ਜੋ ਕੋਵਿਡ ਵਿਰੁੱਧ ਲੜਾਈ ਦੇ ਖਾਸ ਪਹਿਲੂਆਂ ਦਾ ਧਿਆਨ ਰੱਖ ਕੇ ਤਿਆਰ ਕੀਤੇ ਗਏ ਹਨ। ਕੋਰਸ ਦੀ ਸਮੱਗਰੀ ਅਭਿਆਸ ਲਈ ਵੀਡੀਓ, ਪੀ.ਡੀ.ਐਫ. ਅਤੇ ਪ੍ਰਸ਼ਨ ਸੈੱਟਾਂ ਦਾ ਮਿਸ਼ਰਨ ਹੈ। ਆਨਲਾਈਨ ਸਿਖਲਾਈ ਹਾਸਲ ਤੋਂ ਬਾਅਦ ਕਰਮਚਾਰੀਆਂ ਨੂੰ ਇਸੇ ਪੋਰਟਲ ਉਤੇ ਆਪਣੀ ਆਈ.ਡੀ. ਦੀ ਪ੍ਰੋਫਾਈਲ ਉਤੇ 48 ਘੰਟਿਆਂ ਦੇ ਅੰਦਰ ਆਨਲਾਈਨ ਸਰਟੀਫਿਕੇਟ ਵੀ ਮਿਲ ਜਾਂਦਾ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਆਈਗੌਟ ਭਾਰਤ ਸਰਕਾਰ ਦੇ ਪਰਸੋਨਲ, ਸ਼ਿਕਾਇਤ ਨਿਵਾਰਨ ਤੇ ਪੈਨਸ਼ਨ ਮੰਤਰਾਲੇ ਵੱਲੋਂ ਤਿਆਰ ਕੀਤਾ ਗਿਆ ਹੈ ਜਿਸ ਦਾ ਪੂਰਾ ਨਾਮ ਏਕੀਕ੍ਰਿਤ ਸਰਕਾਰੀ ਸਿਖਲਾਈ ਆਨਲਾਈਨ ਸਿਖਲਾਈ (ਆਈ.ਜੀ.ਓ.ਟੀ.) ਹੈ। ਇਸ ਪ੍ਰੋਗਰਾਮ ਵਿੱਚ ਸ਼ਾਮਲ ਕੋਰਸ ਸਾਰੇ ਸਿਹਤ ਕਰਮਚਾਰੀਆਂ, ਸਿਵਲ ਡਿਫੈਂਸ ਅਮਲੇ, ਪੁਲਿਸ ਸੰਗਠਨਾਂ, ਐਨ.ਸੀ.ਸੀ., ਨਹਿਰੂ ਯੁਵਾ ਕੇਂਦਰ ਸੰਗਠਨ, ਐਨ.ਐਸ.ਐਸ., ਇੰਡੀਅਨ ਰੈਡ ਕਰਾਸ ਸੁਸਾਇਟੀ, ਭਾਰਤ ਸਕਾਊਟਸ ਅਤੇ ਗਾਈਡਜ਼ ਅਤੇ ਹੋਰ ਵਲੰਟੀਅਰਾਂ ਨੂੰ ਭੂਮਿਕਾ-ਸਬੰਧੀ ਸਿਖਲਾਈ ਦੇਣ ਲਈ ਤਿਆਰ ਕੀਤੇ ਗਏ ਹਨ।