ਚੰਡੀਗੜ, 1 ਸਤੰਬਰ:ਮਾਰਸ਼ਲ ਨਿਊਜ਼ :ਰਾਜ ਸਰਕਾਰ ਦੀ ਗੰਭੀਰ ਅਨੁਸ਼ਾਸਨਹੀਣਤਾ ਅਤੇ ਦੁਰਾਚਾਰ ਜਿਹੇ ਕੰਮਾਂ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਉਂਦਿਆਂ, ਪੰਜਾਬ ਪੁਲਿਸ ਨੇ ਅੱਜ ਭਾਰਤ ਦੇ ਸੰਵਿਧਾਨ ਦੀ ਧਾਰਾ 311 ਦੇ ਤਹਿਤ ਗੁਰਦਾਸਪੁਰ ਜ਼ਿਲੇ ਦੇ ਪਿੰਡ ਭਗਵਾਨਪੁਰ ਦੇ ਗੁਰਮੇਜ ਸਿੰਘ ਦੀ ਹੱਤਿਆ ਵਿੱਚ ਸ਼ਾਮਲ ਪਾਏ ਗਏ 5 ਪੁਲਿਸ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਪੰਜ ਪੁਲਿਸ ਅਧਿਕਾਰੀਆਂ ਅਤੇ ਇੱਕ ਹੋਰ ਵਿਅਕਤੀ ਸਿਮਰਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਕਾਹਨੂੰਵਾਨ ਰੋਡ, ਬਟਾਲਾ ਸਮੇਤ ਸਾਰੇ ਛੇ ਮੁਲਜਮਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ।

ਇਹ ਜਾਣਕਾਰੀ ਦਿੰਦਿਆਂ ਅੱਜ ਇਥੇ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਪੁਲਿਸ ਮੁਲਾਜਮਾਂ ਨੂੰ ਗੰਭੀਰ ਦੁਰਾਚਾਰ, ਅਪਰਾਧਿਕ ਕੰਮਾਂ ਵਿੱਚ ਸ਼ਾਮਲ ਹੋਣ, ਲੋਕਾਂ ਵਿੱਚ ਪੁਲਿਸ ਵਿਭਾਗ ਦੇ ਅਕਸ ਨੂੰ ਢਾਹ ਲਾਉਣ, ਚੱਲ ਰਹੀ ਕੋਵਿਡ ਮਹਾਂਮਾਰੀ ਦੌਰਾਨ ਪੁਲਿਸ ਦੇ ਮਨੋਬਲ ਨੂੰ ਘਟਾਉਣ ਅਤੇ ਪੁਲਿਸ ਦੇ ਆਪਣੇ ਕਾਰਜਾਂ ਅਤੇ ਕਰਤੱਵਾਂ ਨੂੰ ਪ੍ਰਭਾਵਸਾਲੀ ਢੰਗ ਨਾਲ ਕਰਨ ਦੀ ਯੋਗਤਾ ਨੂੰ ਘਟਾਉਣ ਲਈ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।ਵੇਰਵਿਆਂ ਦਿੰਦਿਆਂ ਉਨਾਂ ਦੱਸਿਆ ਕਿ ਬਰਖਾਸਤ ਕੀਤੇ ਗਏ 5 ਪੁਲਿਸ ਅਧਿਕਾਰੀਆਂ ਵਿੱਚ ਪੀਐਚਸੀ ਬਲਕਾਰ ਸਿੰਘ, (ਨੰਬਰ 1696 / ਬਟਾਲਾ) ਪੁੱਤਰ ਪਿਆਰਾ ਸਿੰਘ, ਵਾਸੀ ਕਾਲਾਬਾਲਾ, ਕਾਹਨੂੰਵਾਨ, ਪੀਐਚਸੀ ਸੁਰਿੰਦਰ ਸਿੰਘ (ਨੰਬਰ 2530 / ਬਟਾਲਾ) ਪੁੱਤਰ ਦਲਬੀਰ ਸਿੰਘ ਵਾਸੀ ਮਲੀਆ ਕਲਾਂ (ਪੁਲਿਸ ਜ਼ਿਲਾ ਬਟਾਲਾ ਵਿਖੇ ਤਾਇਨਾਤ), ਪੀ.ਐਚ.ਸੀ ਅਵਤਾਰ ਸਿੰਘ (ਨੰ .1899/ ਅੰਮਿ੍ਰਤਸਰ-ਸੀ) ਪੁੱਤਰ ਭੁਪਿੰਦਰ ਸਿੰਘ ਵਾਸੀ ਕੋਟਲਾ ਗੁਜਰਾ, ਮਜੀਠਾ, ਐਲਆਰ/ ਏਐਸਆਈ ਰਣਜੀਤ ਸਿੰਘ (ਨੰਬਰ 858 / ਅੰਮਿ੍ਰਤਸਰ -ਸੀ) ਅਤੇ ਐਲਆਰ / ਏਐਸਆਈ ਬਲਜੀਤ ਸਿੰਘ (ਨੰਬਰ 1724 / ਅੰਮਿ੍ਰਤਸਰ-ਸੀ) ਸ਼ਾਮਲ ਹਨ।
ਉਨਾਂ ਖੁਲਾਸਾ ਕੀਤਾ ਕਿ ਐਤਵਾਰ ਨੂੰ ਸ਼ਾਮ ਕਰੀਬ 7 ਵਜੇ ਪਿੰਡ ਭਗਵਾਨਪੁਰ ਨੇੜੇ ਹੋਏ ਇੱਕ ਸੜਕ ਹਾਦਸੇ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਗੁਰਮੇਜ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਭਗਵਾਨਪੁਰ, ਥਾਣਾ ਕੋਟਲੀ ਸੂਰਤ ਮੱਲੀ, ਪੁਲਿਸ ਜਿਲਾ ਬਟਾਲਾ ਨੂੰ 6 ਵਿਅਕਤੀਆਂ ਨੇ ਪਿਸਤੌਲ ਦੀ ਗੋਲੀ ਮਾਰ ਕੇ ਮਾਰ ਦਿੱਤਾ, ਜਿਨਾਂ ਵਿੱਚੋਂ 5 ਪੰਜਾਬ ਪੁਲਿਸ ਵਿੱਚ ਸੇਵਾਵਾਂ ਨਿਭਾਅ ਰਹੇ ਹਨ।
ਬੁਲਾਰੇ ਨੇ ਦੱਸਿਆ ਕਿ ਸ਼ੱਕੀ 2 ਕਾਰਾਂ ਵਿਚ ਸਵਾਰ ਹੋ ਕੇ ਪਿੰਡ ਦਰਗਾਬਾਦ ਵਾਲੇ ਪਾਸਿਓਂ ਆ ਰਹੇ ਸਨ। ਜਦੋਂ ਉਹ ਪਿੰਡ ਭਗਵਾਨਪੁਰ ਦੇ ਨਜ਼ਦੀਕ ਪਹੁੰਚੇ, ਉਨਾਂ ਦੀ ਅਮਰਪ੍ਰੀਤ ਕੌਰ ਵਾਸੀ ਭਗਵਾਨਪੁਰ ਦੀ ਸਵਿਫਟ ਡਿਜ਼ਾਇਰ ਕਾਰ ਨਾਲ ਸੜਕ ਹਾਦਸਾ ਹੋ ਗਿਆ ਜਿਸ ਨੂੰ ਉਹ ਚਲਾ ਰਹੀ ਸੀ। ਇਸੇ ਦੌਰਾਨ ਆਸ ਪਾਸ ਦੇ ਲੋਕ ਇਕੱਠੇ ਹੋ ਗਏ ਤੇ ਇਸ ਝਗੜੇ ਵਿੱਚ ਗੁਰਮੇਜ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ।
ਇਸ ਕੇਸ ਸੰਬੰਧੀ ਥਾਣਾ ਕੋਟਲੀ ਸੂਰਤ ਮੱਲੀ ਵਿਖੇ ਮਿਤੀ 30.8.2020 ਨੂੰ ਆਈਪੀਸੀ ਦੀ ਧਾਰਾ 302, 148, 149, ਅਤੇ 25, 27 ਅਸਲਾ ਐਕਟ ਤਹਿਤ ਤੁਰੰਤ ਮਾਮਲਾ ਦਰਜ ਕੀਤਾ ਗਿਆ ਅਤੇ ਸਾਰੇ 6 ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ ਹੈ।
ਪੁਲਿਸ ਦੁਆਰਾ ਗਿ੍ਰਫਤਾਰ ਕੀਤੇ ਗਏ ਪੁਲਿਸ ਮੁਲਾਜਮਾਂ ਦੇ ਨਾਮ ਹੇਠ ਲਿਖੇ ਹਨ

ਪੀਐਚਸੀ ਅਵਤਾਰ ਸਿੰਘ (ਨੰਬਰ 1899 / ਐਮਜੇਟੀ) ਪੁੱਤਰ ਭੁਪਿੰਦਰ ਸਿੰਘ ਵਾਸੀ ਕੋਟਲਾ ਗੁਜਰਾ, ਮਜੀਠਾ (ਰਿਟਾ. ਏ ਡੀ ਜੀ ਪੀ ਪਰਮਪਾਲ ਸਿੰਘ ਦੇ ਨਾਲ ਤਾਇਨਾਤ)

ਪੀਐਚਸੀ ਬਲਕਾਰ ਸਿੰਘ (ਨੰਬਰ 1696 / ਬੀਟੀਐਲ) ਪੁੱਤਰ ਪਿਆਰਾ ਸਿੰਘ ਵਾਸੀ ਕਾਲਾਬਲਾ, ਕਾਹਨੂੰਵਾਨ (ਰਿਟਾਇਰਡ ਏਡੀਜੀਪੀ ਪਰਮਪਾਲ ਸਿੰਘ ਦੇ ਨਾਲ ਗੰਨਮੈਨ ਵਜੋਂ ਤਾਇਨਾਤ)

ਏਐਸਆਈ ਰਣਜੀਤ ਸਿੰਘ (ਨੰਬਰ 858 / ਅੰਮਿ੍ਰਤਸਰ) ਪੁੱਤਰ ਬਲਵਿੰਦਰ ਸਿੰਘ ਵਾਸੀ ਜਲਾਲਪੁਰ (ਟ੍ਰੈਫਿਕ ਸਟਾਫ ਸਿਟੀ ਅੰਮਿ੍ਰਤਸਰ ਵਿਖੇ ਤਾਇਨਾਤ)

ਏਐਸਆਈ ਬਲਜੀਤ ਸਿੰਘ (ਨੰਬਰ 2724 / ਅੰਮਿ੍ਰਤਸਰ) ਪੁੱਤਰ ਭਗਵਾਨ ਸਿੰਘ ਵਾਸੀ ਗੁਮਾਨਪੁਰ, ਅੰਮਿ੍ਰਤਸਰ (ਟ੍ਰੈਫਿਕ ਸਟਾਫ ਸਿਟੀ ਅੰਮਿ੍ਰਤਸਰ ਵਿਖੇ ਤਾਇਨਾਤ)

ਸੁਰਿੰਦਰ ਸਿੰਘ (ਨੰਬਰ 2530 / ਬੀਟੀਐਲ) ਪੁੱਤਰ ਦਲਬੀਰ ਸਿੰਘ ਵਾਸੀ ਮਾਲੀਆ ਕਲਾਂ (ਪੰਜਾਬ ਪੁਲਿਸ ਵਿੱਚ ਡਰਾਈਵਰ ਵਜੋਂ ਕੰਮ ਤਾਇਨਾਤ)