ਐਸ ਜੀ ਪੀ ਸੀ ਪ੍ਰਧਾਨ ਦੀ ਮੰਗ ਤੇ ਕੈਪਟਨ ਨੇ ਲਿਆ ਨੋਟਿਸ
   ਚੰਡੀਗੜ੍ਹ, 2 ਜੂਨ 2020 (ਮਾਰਸ਼ਲ ਨਿਊਜ਼)- ਕੈਪਟਨ ਅਮਰਿੰਦਰ ਸਿੰਘ ਨੇ ਐਸ.ਜੀ.ਪੀ.ਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਮੰਗ ‘ਤੇ ਪੰਜਾਬ ਡੀ.ਜੀ.ਪੀ ਨੂੰ ਪੰਜਾਬ ਪੁਲਿਸ ਦੀ ਵਰਦੀ ‘ਚ ਸ਼ਾਮਲ ਝਾਲਰ ਵਾਲੀ ਪੱਗ ਸਬੰਧੀ ਲੋੜੀਂਦੀ ਕਾਰਵਾਈ ਕਰਨ ਲਈ ਲਿਖਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਨੇ ਮੁੱਖ ਮੰਤਰੀ ਨੂੰ ਅਪ੍ਰੈਲ ਮਹੀਨੇ ਚਿੱਠੀ ਲਿਖੀ ਸੀ ਕਿ ਪੰਜਾਬ ਪੁਲਿਸ ਦੀ ਪੱਗ ‘ਤੇ ਅੰਗ੍ਰੇਜ਼ਾਂ ਦੇ ਸਮੇਂ ਤੋਂ ਲੱਗੀ ਝਾਲਰ ਉਵੇਂ ਹੀ ਚੱਲੀ ਆ ਰਹੀ ਹੈ। ਉਨ੍ਹਾਂ ਲਿਖਿਆ ਸੀ ਕਿ ਝਾਲਰ ਵਾਲੀ ਪੱਗ ਦੀ ਥਾਂ ਆਮ ਬੰਨ੍ਹੀ ਜਾਣ ਵਾਲੀ ਸੁੰਦਰ ਪੱਗ ਸਜਾਉਣ ਦੇ ਹੁਕਮ ਪੰਜਾਬ ਪੁਲਿਸ ਨੂੰ ਜਾਰੀ ਕੀਤੇ ਜਾਣ।

ਹੁਣ ਇਸੇ ਸਬੰਧ ‘ਚ ਕੈਪਟਨ ਨੇ ਲੌਂਗੋਵਾਲ ਨੂੰ ਵਾਪਸ ਚਿੱਠੀ ਦੇ ਜਵਾਬ ‘ਚ ਲਿਖਿਆ ਹੈ ਕਿ ਉਨ੍ਹਾਂ ਨੇ ਡੀ.ਜੀ.ਪੀ ਪੰਜਾਬ ਨੂੰ ਇਸ ਮਸਲੇ ‘ਚ ਧਿਆਨ ਦੇ ਕੇ ਲੋੜੀਂਦੀ ਕਾਰਵਾਈ ਕਰਨ ਬਾਰੇ ਲਿਖ ਦਿੱਤਾ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਜਲਦ ਹੀ ਪੰਜਾਬ ਪੁਲਿਸ ਦੀ ਵਰਦੀ (ਝਾਲਰ ਵਾਲੀ ਪੱਗ) ‘ਚ ਬਦਲਾਅ ਬਾਰੇ ਫੈਸਲਾ ਆ ਸਕਦਾ ਹੈ।