ਪੰਜਾਬ ਦੀਵਾਲੀ ਬੰਪਰ ਨੇ ਲੁਧਿਆਣਾ ਦੇ ਡੇਅਰੀ ਮਾਲਕ ਦਾ ਵਿਹੜਾ ਰੁਸ਼ਨਾਇਆ
ਅਮਨਦੀਪ ਸਿੰਘ ਨੇ ਜਿੱਤਿਆ 2.50 ਕਰੋੜ ਦਾ ਪਹਿਲਾ ਇਨਾਮ
ਚੰਡੀਗੜ, 17 ਨਵੰਬਰ :
ਪੰਜਾਬ ਰਾਜ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ-2019 ਨੇ ਲੁਧਿਆਣਾ ਦੇ ਇੱਕ ਛੋਟੇ ਡੇਅਰੀ ਫਾਰਮ ਦੇ ਮਾਲਕ ਅਮਨਦੀਪ ਸਿੰਘ ਦੀ ਜ਼ਿੰਦਗੀ ਰੌਸ਼ਨ ਕਰ ਦਿੱਤੀ ਹੈ। ਅਮਨਦੀਪ ਸਿੰਘ ਨੇ 2.50 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ।
ਆਮ ਜੀਵਨ ਬਸਰ ਕਰ ਰਹੇ ਲੁਧਿਆਣਾ ਜ਼ਿਲੇ ਦੇ ਪਿੰਡ ਮੇਹਰਬਾਨ ਦੇ ਵਸਨੀਕ ਅਮਨਦੀਪ ਸਿੰਘ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਰਾਤੋ ਰਾਤ ਕਰੋੜਪਤੀ ਬਣ ਜਾਵੇਗਾ ਪਰ ਪੰਜਾਬ ਲਾਟਰੀਜ਼ ਵਿਭਾਗ ਨੇ ਇਸਨੂੰ ਸੱਚ ਕਰ ਵਿਖਾਇਆ ਹੈ।
ਪਹਿਲਾ ਇਨਾਮ ਜਿੱਤਣ ਤੋਂ ਬਾਅਦ ਬਾਗੋ ਬਾਗ ਨਜ਼ਰ ਆ ਰਹੇ 35 ਸਾਲਾ ਅਮਨਦੀਪ ਸਿੰਘ ਨੇ ਕਿਹਾ ਕਿ ਉਸਨੂੰ ਇੰਝ ਜਾਪ ਰਿਹਾ ਹੈ ਕਿ ਜਿਵੇਂ ਉਸਦਾ ਸੁਪਨਾ ਸਾਕਾਰ ਹੋ ਗਿਆ ਹੋਵੇ। ਉਸਨੇ ਕਿਹਾ ਕਿ ਉਹ ਜਿੱਤੀ ਹੋਈ ਇਨਾਮੀ ਰਾਸ਼ੀ ਨੂੰ ਆਪਣੇ ਚੰਗੇਰੇ ਭਵਿੱਖ ਲਈ ਵਰਤੇਗਾ। ਉਸਨੇ ਕਿਹਾ ਕਿ ਉਹ ਇਸ ਇਨਾਮੀ ਰਾਸ਼ੀ ਨਾਲ ਆਪਣੇ ਡੇਅਰੀ ਫਾਰਮ ਦੇ ਧੰਦੇ ਦਾ ਵਿਸਥਾਰ ਕਰਨਾ ਚਾਹੁੰਦਾ ਹੈ ਅਤੇ ਬਚੀ ਹੋਈ ਰਾਸ਼ੀ ਉਹ ਆਪਣੇ ਦੋ ਬੱਚਿਆਂ, ਇੱਕ ਲੜਕਾ ਅਤੇ ਇੱਕ ਲੜਕੀ, ਦੀ ਪੜਾਈ ’ਤੇ ਖ਼ਰਚ ਕਰੇਗਾ।
ਉਸਨੇ ਇਨਾਮੀ ਰਾਸ਼ੀ ਲੈਣ ਲਈ ਪੰਜਾਬ ਲਾਟਰੀਜ਼ ਵਿਭਾਗ ਕੋਲ ਦਸਤਾਵੇਜ਼ ਜਮਾਂ ਕਰਵਾ ਦਿੱਤੇ ਹਨ। ਉਸਨੇ ਪੰਜਾਬ ਲਾਟਰੀਜ਼ ਵਿਭਾਗ ਵੱਲੋਂ ਪਾਰਦਰਸ਼ੀ ਅਤੇ ਨਿਰਪੱਖ ਤਰੀਕੇ ਨਾਲ ਲਾਟਰੀਆਂ ਦੇ ਡਰਾਅ ਕੱਢਣ ਦੀ ਪ੍ਰਣਾਲੀ ’ਤੇ ਸੰਤੁਸ਼ਟੀ ਪ੍ਰਗਟਾਈ। ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਨੇ ਉਸਨੂੰ ਇਨਾਮੀ ਰਾਸ਼ੀ ਜਲਦ ਤੋਂ ਜਲਦ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਲਾਟਰੀਜ਼ ਵਿਭਾਗ ਵੱਲੋਂ ਪੰਜਾਬ ਰਾਜ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ ਦਾ ਡਰਾਅ 1 ਨਵੰਬਰ, 2019 ਨੂੰ ਕੱਢਿਆ ਗਿਆ ਸੀ ਅਤੇ ਹਿਮਾਚਲ ਪ੍ਰਦੇਸ਼ ਦੇ ਵਸਨੀਕ ਸੰਜੀਵ ਕੁਮਰ ਜੋ ਕਿ ਪੇਸ਼ੇ ਤੋਂ ਇੱਕ ਪੇਂਟਰ ਹੈ, ਨੂੰ ਵੀ 2.50 ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਸੀ।
ਦੀਵਾਲੀ ਬੰਪਰ ਦੀ ਸਫ਼ਲਤਾ ਤੋਂ ਬਾਅਦ ਪੰਜਾਬ ਰਾਜ ਲਾਟਰੀਜ਼ ਵਿਭਾਗ ਵੱਲੋਂ ਨਿਊ ਯੀਅਰ ਬੰਪਰ-2020 ਜਾਰੀ ਕੀਤਾ ਗਿਆ ਹੈ ਅਤੇ ਇਸ ਬੰਪਰ ਦਾ ਪਹਿਲਾ ਇਨਾਮ 3 ਕਰੋੜ ਰੁਪਏ ਦਾ ਹੈ। ਇਸ ਬੰਪਰ ਦੀਆਂ ਟਿਕਟਾਂ ਸੂਬੇ ਵਿਚਲੇ ਡਾਕਖਾਨਿਆਂ ਅਤੇ ਮਾਰਕੀਟ ਵਿੱਚ ਉਪਲੱਬਧ ਹਨ। ਇਸ ਬੰਪਰ ਦਾ ਡਰਾਅ 17 ਜਨਵਰੀ 2020 ਨੂੰ ਕੱਢਿਆ ਜਾਵੇਗਾ।

LEAVE A REPLY

Please enter your comment!
Please enter your name here