ਚੰਡੀਗੜ੍ਹ, 11 ਜੂਨ (ਮਾਰਸ਼ਲ ਨਿਊਜ਼) : ਸੂਬੇ ਵਿਚ ਵੱਧ ਰਹੇ ਕੋਰੋਨਾ ਮਹਾਮਾਰੀ ਦੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸੂਬੇ ਵਿਚ ਵੀਕਐਂਡ ‘ਤੇ ਮਤਲਬ ਸ਼ਨੀਵਾਰ ਅਤੇ ਐਤਵਾਰ ਲਾਕ ਡਾਊਨ (ਤਾਲਾਬੰਦੀ) ਲਾਗੂ ਰੱਖਣ ਦਾ ਫ਼ੈਸਲਾ ਕੀਤਾ ਹੈ। ਸਰਕਾਰ ਵਲੋਂ ਜਾਰੀ ਹੁਕਮਾਂ ਮੁਤਾਬਕ ਸ਼ਨੀਵਾਰ ਅਤੇ ਐਤਵਾਰ ਨੂੰ ਦੁਕਾਨਾਂ ਨਹੀਂ ਖੋਲ੍ਹੀਆਂ ਜਾਣਗੀਆਂ। ਇਸ ਤੋਂ ਇਲਾਵਾ ਇਨ੍ਹਾਂ ਦੋ ਦਿਨਾਂ ਦੌਰਾਨ ਸੂਬੇ ਵਿਚ ਆਵਾਜਾਈ ‘ਤੇ ਵੀ ਰੋਕ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਹੁਕਮਾਂ ਮੁਤਾਬਕ ਸਿਰਫ਼ ਈ-ਪਾਸ ਵਾਲਿਆਂ ਨੂੰ ਹੀ ਆਵਾਜਾਈ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਰਕਾਰ ਵਲੋਂ ਜਾਰੀ ਹੁਕਮਾਂ ਵਿਚ ਸਾਫ਼ ਕੀਤਾ ਗਿਆ ਹੈ ਕਿ ਉਦਯੋਗਿਕ ਇਕਾਈਆਂ ਹਫਤੇ ਦੇ 7 ਦਿਨ ਖੁੱਲ੍ਹੀਆਂ ਰਹਿਣਗੀਆਂ, ਜਦਕਿ ਬਾਜ਼ਾਰ ਅਤੇ ਹੋਰ ਦੁਕਾਨਾਂ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਦਿੱਲੀ ਤੋਂ ਆਉਣ ਵਾਲਿਆਂ ਨੂੰ ਸਰਟੀਫਿਕੇਟ ਦੇਣਾ ਜਰੂਰੀ ਹੋਵੇਗਾ ਕਿਉਂਕਿ ਦਿੱਲੀ ਤੋਂ ਹਰ ਰੋਜ਼ 500 ਤੋਂ 800 ਵਾਹਨ ਪੰਜਾਬ ਵਿਚ ਆ ਰਹੇ ਹਨ।