ਚੰਡੀਗੜ੍ਹ, 28 ਸਤੰਬਰ, ਰਣਜੀਤ ਸਿੰਘ ਕਾਕਾ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਉਹਨਾਂ ਨੇ ਅੱਜ ਸ੍ਰੀਮਤੀ ਸੋਨੀਆ ਗਾਂਧੀ ਦੇ ਨਾਂਅ ਲਿਖ਼ਿਆ ਆਪਣਾ ਅਸਤੀਫ਼ਾ ਸਾਂਝਾ ਕੀਤਾ ਹੈ।
ਅੰਗਰੇਜ਼ੀ ਵਿੱਚ ਲਿਖ਼ੇ ਆਪਣੇ ਇਸ ਅਸਤੀਫ਼ੇ ਵਿੱਚ ਸ: ਸਿੱਧੂ ਨੇ ਕਿਹਾ ਹੈ ਕਿ ਉਹ ਪੰਜਾਬ ਦੇ ਭਲੇ ਅਤੇ ਪੰਜਾਬ ਦੇ ਭਵਿੱਖ ਦੇ ਏਜੰਡੇ ਨਾਲ ਕਿਸੇ ਤਰ੍ਹਾਂ ਕੋਈ ਸਮਝੌਤਾ ਨਹੀਂ ਕਰ ਸਕਦਾ। ਸਮਝੌਤੇ ਨਾਲ ਹੀ ਆਦਮੀ ਦਾ ਪਤਨ ਸ਼ੁਰੂ ਹੁੰਦਾ ਹੈ। ਇਸ ਲਈ ਮੈਂ ਪ੍ਰਦੇਸ਼ ਕਾਂਗਰਸ ਪ੍ਰਧਾਨ ਵਜੋਂ ਅਸਤੀਫ਼ਾ ਦੇ ਰਿਹਾ ਹਾਂ। ਉਹਨਾਂ ਨੇ ਕਿਹਾ ਹੈ ਕਿ ਮੈਂ ਕਾਂਗਰਸ ਦੀ ਸੇਵਾ ਕਰਦਾ ਰਹਾਂਗਾ।
ਅਜੇ ਇਹ ਸਪਸ਼ਟ ਨਹੀਂ ਹੈ ਕਿ ਸ: ਸਿੱਧੂ ਨੇ ਇਹ ਕਦਮ ਕਿਉਂ ਚੁੱਕਿਆ ਹੈ। ਇਕ ਪਾਸੇ ਇਹ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਉਹ ਮੁੱਖ ਮੰਤਰੀ ਬਣਨਾ ਚਾਹੁੰਦੇ ਸਨ ਪਰ ਹਾਈਕਮਾਨ ਨੇ ਸ: ਚਰਨਜੀਤ ਸਿੰਘ ਚੰਨੀ ਦੀ ਚੋਣ ਕੀਤੀ। ਦੂਜੇ ਬੰਨੇ ਇਹ ਕਿਹਾ ਜਾ ਰਿਹਾ ਹੈ ਕਿ ਸ: ਸਿੱਧੂ ਪੰਜਾਬ ਕੈਬਨਿਟ ਵਿੱਚ ਸ਼ਾਮਲ ਕੀਤੇ ਕੁਝ ਮੰਤਰੀਆਂ ਅਤੇ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਤੋਂ ਵੀ ਸੰਤੁਸ਼ਟ ਅਤੇ ਖੁਸ਼ ਨਹੀਂ ਸਨ।