ਚੰਡੀਗੜ 11 ਅਕਤੂਬਰ (ਮਾਰਸ਼ਲ ਨਿਊਜ਼) ਵਿਸ਼ਵ ਪ੍ਰਸਿੱਧ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋ.ਪਰਮਿੰਦਰ ਸਿੰਘ ਆਹਲੂਵਾਲੀਆ ਡਾਇਰੈਕਟਰ ਸਪੋਰਟਸ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਣ ਅਕਾਲ ਚਲਾਣਾ ਕਰਨ ‘ਤੇ ਪੀਯੂ’ ਇਕ ਉਦਾਸੀ ਦੇ ਪਿੜ ‘ਚ ਉਤਰ ਗਿਆ ਹੈ।
ਉਹ 58 ਸਾਲ ਦੀ ਉਮਰ ਭੋਗ ਕੇ ਆਪਣੇ ਪਿੱਛੇ ਮਾਪਿਆਂ, ਪਤਨੀ, ਪੁੱਤਰ ਪੋਤਾ ਅਤੇ ਬੇਟੀ ਨੂੰ ਵਿਲਕਦਾ ਛੱਡ ਤੁਰ ਗਏ । ਉਨ੍ਹਾਂ ਦੇ
ਕਰੀਬੀ ਪ੍ਰੋ:ਜਗਤਾਰ ਸਿੰਘ ਨੇ ਦੱਸਿਆ ਕਿ ਸ਼੍ਰ ਆਹਲੂਵਾਲੀਆ ਬਹੁਤ ਹੀ ਇਮਾਨਦਾਰ ਖੁਸ਼ਮਿਜਾਜ ਨੇਕਦਿਲ ਹਰਦਿਲਅਜੀਜ ਲੋੜਵੰਦਾਂ ਦੀ ਮਦਦ ਲਈ ਹਰਦਮ ਤਿਆਰ ਰਹਿਣ ਅਤੇ ਕਹਿਣੀ ਤੇ ਕਰਨੀ ਦੇ ਪੱਕੇ ਇਕ ਅਦੁੱਤੀ ਸ਼ਖਸੀਅਤ ਦੇ ਮਾਲਕ ਸਨ। ਪ੍ਰੋ ਜਗਤਾਰ ਮੁਤਾਬਕ ਮਾਰਚ 2015 ਵਿੱਚ ਸ੍ਰ ਆਹਲੂਵਾਲੀਆ ਪੀਯੂ ਵਿੱਚ ਡਾਇਰੈਕਟਰ, ਸਪੋਰਟਸ ਵਜੋਂ ਸ਼ਾਮਲ ਹੋਏ, ਇਸ ਤੋਂ ਪਹਿਲਾਂ ਉਹਨਾਂ ਆਰੀਆ ਕਾਲਜ, ਲੁਧਿਆਣਾ ਵਿਖੇ ਬਤੌਰ ਸਪੋਰਟਸ ਹੈੱਡ ਸੇਵਾ ਨਿਭਾਈ ।
ਇਸ ਦੁੱਖਦਾਈ ਘੜੀ ਵਿੱਚ ਆਹਲੂਵਾਲੀਆ ਪਰਿਵਾਰ ਨਾਲ ਪ੍ਰੋ ਰਾਜ ਕੁਮਾਰ ਵਾਈਸ ਚਾਂਸਲਰ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦੇਹਾਂਤ ਕਰਕੇ, ਪੀਯੂ ਨੇ ਸਪੋਰਟਸ ਦਾ ਇੱਕ ਮਜ਼ਬੂਤ ​​ਥੰਮ ਗੁਆ ਦਿੱਤਾ ਹੈ।
ਉਨਾ ਕਿਹਾ ਕਿ ਸ੍ਰ ਆਹਲੂਵਾਲੀਆ ਦੀ ਅਗਵਾਈ ਵਿੱਚ ਦੋ ਸਾਲ ਲਗਾਤਾਰ ਮੌਲਾਨਾ ਅਬੁਲ ਕਲਾਮ ਅਜ਼ਾਦ (ਮਕਾ) ਟਰਾਫੀ ਜਿੱਤੀ ਅਤੇ ਖੇਡਾਂ ਵਿਚ ਪੀਯੂ ਦਾ ਨਾਮ ਰੌਸ਼ਨ ਕੀਤਾ । ਇੱਕ ਬਹੁਤ ਹੀ ਸਕਾਰਾਤਮਕ ਅਤੇ ਹੱਸਮੁੱਖ ਸਖਸ਼ੀਅਤ ਨੂੰ ਗੁਆ ਕੇ ਪੂਰਾ ਪੀਯੂ ਭਾਈਚਾਰਾ ਡੂੰਘੇ ਸਦਮੇ ਵਿੱਚ ਹੈ ।
ਉਨਾਂ ਦੇ ਸਪੁੱਤਰ ਰੌਬਿਨ ਆਹਲੂਵਾਲੀਆ ਨੇ ਦੱਸਿਆ ਕਿ ਪਿਤਾ ਜੀ ਦੀ ਪਾਰਥਿਵ ਦੇਹ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਕਲਾਲ ਮਾਜਰਾ ਏ ਐਸ ਕਾਲਜ, ਖੰਨਾ ਦੇ ਸਾਹਮਣੇ, ਕੱਲ੍ਹ ਸੋਮਵਾਰ 12 ਅਕਤੂਬਰ ਸਵੇਰੇ 10:30 ਵਜੇ ਕੀਤਾ ਜਾਵੇਗਾ ।

ਪ੍ਰੋ: ਜਗਤਾਰ ਸਿੰਘ