ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਇਤਿਹਾਸਕ ਲਾਂਘੇ ਦੇ ਉਦਘਾਟਨ ਲਈ ਡੇਰਾ ਬਾਬਾ ਨਾਨਕ ਵਿਖੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਵਲੋਂ ਮੁਤਵਾਜ਼ੀ ਸਟੇਜ ਲਾਉਣ ਦੇ ਫ਼ੈਸਲੇ ਕਾਰਨ ਖੜੇ ਹੋਏ ਵਿਵਾਦ ਅਤੇ ਭੰਬਲਭੂਸੇ ਨੂੰ ਖ਼ਤਮ ਕਰਨ ਲਈ ਤੁਰੰਤ ਦਖ਼ਲ ਦੇਣ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਏਜੰਸੀਆਂ ਦਾ ਇਹ ਫ਼ੈਸਲਾ ਬਹੁਤ ਹੀ ਮੰਦਭਾਗਾ ਅਤੇ ਮੁਲਕ ਦੇ ਸੰਵਿਧਾਨ ਦੀ ਫੈਡਰਲ ਭਾਵਨਾ ਦੇ ਬਿਲਕੁਲ ਉਲਟ ਹੈ।
ਪ੍ਰਧਾਨ ਮੰਤਰੀ ਨੂੰ ਲਿਖੇ ਇੱਕ ਪੱਤਰ ਵਿਚ ਸ੍ਰੀ ਰੰਧਾਵਾ ਨੇ ਕਿਹਾ, ‘‘ਮੈਂ ਇਸ ਲਾਂਘੇ ਦੇ ਉਦਘਾਟਨ ਸਬੰਧੀ ਹੋਣ ਵਾਲੇ ਸਮਾਗਮ, ਪੰਡਾਲ ਅਤੇ ਸਟੇਜ ਲਾਉਣ ਸਬੰਧੀ ਕੇਂਦਰ ਸਰਕਾਰ ਦੀਆਂ ਸਾਰੀਆਂ ਸਬੰਧਤ ਏਜੰਸੀਆਂ ਨਾਲ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਮੀਟਿੰਗਾਂ ਕਰਦਾ ਰਿਹਾ ਹਾਂ। ਇਹਨਾਂ ਮੀਟਿੰਗਾਂ ਦੌਰਾਨ ਕਿਸੇ ਏਜੰਸੀ ਦੇ ਕਿਸੇ ਅਧਿਕਾਰੀ ਨੇ ਕੇਂਦਰ ਸਰਕਾਰ ਵਲੋਂ ਵੱਖਰੀ ਸਟੇਜ ਲਾਉਣ ਬਾਰੇ ਮਾੜਾ ਜਿਹਾ ਇਸ਼ਾਰਾ ਵੀ ਨਹੀਂ ਕੀਤਾ। ਇਸ ਤੋਂ ਬਿਨਾਂ ਇਹ ਸਾਰੀਆਂ ਕੇਂਦਰੀ ਏਜੰਸੀਆਂ ਵਲੋਂ ਪੰਜਾਬ ਸਰਕਾਰ ਵਲੋਂ ਲਾਈ ਜਾ ਰਹੀ ਸਟੇਜ ਅਤੇ ਕੀਤੀਆਂ ਜਾ ਰਹੀਆਂ ਹੋਰਨਾਂ ਤਿਆਰੀਆਂ ਦਾ ਸਮੇਂ ਸਮੇਂ ਉੱਤੇ ਬਕਾਇਦਾ ਜਾਇਜ਼ਾ ਵੀ ਲਿਆ ਜਾਂਦਾ ਰਿਹਾ ਹੈ।’’ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਵੱਖਰੀ ਸਟੇਜ ਲਾਉਣ ਦਾ ਫੈਸਲਾ ਉਸ ਸਮੇਂ ਲਿਆ ਹੈ ਜਦੋਂ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਦਾ ਖ਼ਰਚ ਕਰ ਕੇ ਲਈ ਜਾ ਰਹੀ ਸਟੇਜ ਅਤੇ ਪੰਡਾਲ ਦਾ ੯੦ ਫੀਸਦੀ ਕੰਮ ਪੂਰਾ ਵੀ ਹੋ ਗਿਆ ਹੈ। ਸ੍ਰੀ ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਇਹ ਕਾਰਵਾਈ ਇਸ ਪਵਿੱਤਰ ਅਤੇ ਇਤਿਹਾਸਕ ਮੌਕੇ ਉੱਤੇ ਕੀਤੀ ਜਾ ਰਹੀ ਬਹੁਤ ਹੀ ਹੋਛੀ ਸਿਆਸਤ ਹੈ।
ਸ਼੍ਰੀ ਰੰਧਾਵਾ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਉਹ ਪਵਿੱਤਰ ਅਤੇ ਇਤਿਹਾਸਕ ਅਸਥਾਨ ਹੈ ਜਿੱਥੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ੧੭ ਵਰੇ ਗੁਜ਼ਾਰੇ ਅਤੇ ਦੁਨੀਆਂ ਨੂੰ ਆਪਣਾ ‘ਕਿਰਤ ਕਰਨ, ਨਾਮ ਜਪਣ ਅਤੇ ਵੰਡ ਛੱਕਣ’ ਦਾ ਸੁਨਹਿਰੀ ਅਸੂਲ ਅਮਲੀ ਜ਼ਿੰਦਗੀ ਵਿਚ ਲਾਗੂ ਕਰ ਕੇ ਵਿਖਾਇਆ। ਉਹਨਾਂ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਗੁਰੂ ਸਮੁੱਚੀ ਕਾਇਨਾਤ ਨੂੰ ਆਪਣੇ ਕਲਾਵੇ ਵਿਚ ਲੈਣ ਵਾਲੇ ਗੁਰੂ ਨਾਨਕ ਪਾਤਸ਼ਾਹ ਦੇ ੫੫੦ਵੇਂ ਪ੍ਰਕਾਸ਼ ਪੁਰਬ ਮੌਕੇ ਖੋਲਿਆ ਜਾ ਰਿਹਾ ਹੈ।
ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ੨੬ ਨਵੰਬਰ ਨੂੰ ਇਸ ਲਾਂਘੇ ਦਾ ਨੀਂਹ ਪੱਥਰ ਰੱਖਣ ਸਮੇਂ ਸਟੇਜ ਅਤੇ ਪੰਡਾਲ ਲਾਉਣ ਦੇ ਸਾਰੇ ਪ੍ਰਬੰਧ ਕਿਸੇ ਕੇਂਦਰੀ ਏਜੰਸੀ ਨੇ ਨਹੀਂ ਬਲਕਿ ਪੰਜਾਬ ਸਰਕਾਰ ਵਲੋਂ ਹੀ ਕੀਤੇ ਗਏ ਸਨ ਅਤੇ ਮੁਲਕ ਦੇ ਉਪ ਰਾਸ਼ਟਰਪਤੀ ਸ਼੍ਰੀ ਐਮ ਵੈਂਕਈਆ ਨਾਇਡੂ ਵੀ ਇਸੇ ਸਟੇਜ ਉੱਤੇ ਹੀ ਆਏ ਸਨ। ਉਹਨਾਂ ਕਿਹਾ ਕਿ ਉਹ ਸਮਾਗਮ ਕੇਂਦਰ ਅਤੇ ਪੰਜਾਬ ਸਰਕਾਰ ਦੇ ਬੇਹਤਰੀਨ ਤਾਲਮੇਲ ਦੀ ਢੁੱਕਵੀਂ ਉਦਾਹਰਣ ਸੀ।
ਸ਼੍ਰੀ ਰੰਧਾਵਾ ਨੇ ਕਿਹਾ ਕਿ ਇਸ ਮੌਕੇ ਵੀ ਉਹੀ ਮਰਿਯਾਦਾ ਕਾਇਮ ਰਹਿਣੀ ਚਾਹੀਦੀ ਹੈ। ਉਹਨਾਂ ਇਹ ਵੀ ਯਕੀਨ ਦੁਆਇਆ ਕਿ ਪੰਜਾਬ ਸਰਕਾਰ ਅਤੇ ਕੇਂਦਰੀ ਏਜੰਸੀਆਂ ਵਿਚ ਇਸ ਮੌਕੇ ਵੀ ਠੀਕ ਤਾਲਮੇਲ ਰੱਖਿਆ ਜਾਵੇਗਾ।

LEAVE A REPLY

Please enter your comment!
Please enter your name here