ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਇਤਿਹਾਸਕ ਮੌਕੇ ‘ਤੇ ਹੋਣ ਵਾਲੇ ਸਮਾਗਮਾਂ ‘ਚ ਬਾਦਲਾਂ ਵੱਲੋਂ ਆਪਣੀ ਚੌਧਰ ਜਮਾਉਣ ਦੀਆਂ ਕੋਸ਼ਿਸ਼ਾਂ ਕਰਨ ਨਾਲ ਉਹ ਬਰਗਾੜੀ ਅਤੇ ਬੇਅਦਬੀ ਦੇ ਹੋਰ ਮਾਮਲਿਆਂ ਵਿੱਚ ਦੁੱਧ ਧੋਤੇ ਸਾਬਤ ਨਹੀਂ ਹੋ ਸਕਦੇ।
ਅੱਜ ਸਵੇਰੇ ਇੱਥੇ ਵਿਧਾਨ ਸਭਾ ਵਿਖੇ ਨਵੇਂ ਚੁਣੇ ਵਿਧਾਇਕਾਂ ਦੇ ਸਹੁੰ-ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵੱਖ-ਵੱਖ ਮਾਮਲਿਆਂ ਨੂੰ ਰੋਕਣ ਅਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨਿਹੱਥੇ ਸਿੱਖਾਂ ‘ਤੇ ਗੋਲੀਆਂ ਚਲਾਉਣ ਵਿੱਚ ਨਾਕਾਮ ਰਹਿਣ ਕਰਕੇ ਸਿੱਖ ਭਾਈਚਾਰੇ ਨੇ ਬਾਦਲਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਪਰ ਇਨ੍ਹਾਂ ਨੇ ਇਸ ਤੋਂ ਕੋਈ ਸਬਕ ਨਹੀਂ ਸਿੱਖਿਆ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਹੋਈਆਂ ਚੋਣਾਂ ਵਿੱਚ ਸਿੱਖ ਸੰਗਤ ਨੇ ਅਕਾਲੀਆਂ ਨੂੰ ਮੂੰਹ ਨਹੀਂ ਲਾਇਆ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਹਾਲ ਹੀ ਵਿੱਚ ਸੰਸਦੀ ਚੋਣਾਂ ਵਿੱਚ ਕੁਝ ਵੋਟਾਂ ਦੇ ਫਰਕ ਨਾਲ ਸੰਸਦ ਦੀਆਂ ਪੌੜੀਆਂ ਮਸਾਂ ਹੀ ਚੜ੍ਹ ਸਕੀ। ਉਨ੍ਹਾਂ ਕਿਹਾ ਕਿ ਬਾਦਲਾਂ ਵੱਲੋਂ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਧਰਮ ਦੀ ਦੁਰਵਰਤੋਂ ਕਰਨ ਦੇ ਕੀਤੇ ਢਕਵੰਜ ਤੋਂ ਲੋਕ ਚੰਗੀ ਤਰ੍ਹਾਂ ਵਾਕਫ਼ ਹੋ ਚੁੱਕੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਸੁਖਬੀਰ ਬਾਦਲ ਤੇ ਉਸ ਦੀ ਪਤਨੀ ਹਰਸਿਮਰਤ ਬਾਦਲ ਦੀ ਕਮਾਂਡ ਹੇਠ ਅਕਾਲੀ ਸਿੱਖ ਭਾਈਚਾਰੇ ਵਿੱਚ ਵੰਡੀਆਂ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਜਦਕਿ ਵਿਸ਼ਵ ਵਿਆਪੀ ਭਾਈਚਾਰੇ ਦਾ ਮਹਾਨ ਸੰਦੇਸ਼ ਦੇਣ ਵਾਲੇ ਗੁਰੂ ਸਾਹਿਬ ਜੀ ਦਾ ਗੁਰਪੁਰਬ ਮਨਾ ਰਹੇ ਹਨ ਜਿਨ੍ਹਾਂ ਨੇ ਅੰਤਰ-ਧਰਮ ਸਦਭਾਵਨਾ ਅਤੇ ਸੰਵਾਦ ਲਈ ਯੋਗਦਾਨ ਪਾਇਆ।
ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਧਾਰਮਿਕ ਸੰਸਥਾ ਬਾਦਲਾਂ ਦੇ ਹੱਥਾਂ ਵਿੱਚ ਖੇਡ ਕੇ ਗੁਰੂ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ ਮੌਕੇ ਦਾ ਮਜ਼ਾਕ ਬਣਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਤੌਰ ‘ਤੇ ਅਜਿਹੇ ਸਾਰੇ ਵੱਡੇ ਸਮਾਗਮ ਹਮੇਸ਼ਾ ਸੂਬਾ ਸਰਕਾਰ ਵੱਲੋਂ ਮਨਾਏ ਜਾਂਦੇ ਰਹੇ ਹਨ ਪਰ ਸ਼੍ਰੋਮਣੀ ਕਮੇਟੀ ਇਸ ਵਾਰ ਅਕਾਲੀਆਂ ਦੇ ਇਸ਼ਾਰੇ ‘ਤੇ ਸੂਬਾ ਸਰਕਾਰ ਦੇ ਪ੍ਰੋਗਰਾਮਾਂ ਨੂੰ ਸਹਿਯੋਗ ਦੇਣ ਤੋਂ ਮੁਨਕਰ ਹੋ ਗਈ ਹੈ। ਮੁੱਖ ਮੰਤਰੀ ਨੇ ਚੇਤੇ ਕਰਦੇ ਹੋਏ ਆਖਿਆ ਕਿ ਉਨ੍ਹਾਂ ਦੇ ਮੁੱਖ ਮੰਤਰੀ ਵਜੋਂ ਪਿਛਲੇ ਕਾਰਜ ਕਾਲ ਦੌਰਾਨ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਅਤੇ ਅਜਿਹੇ ਹੋਰ ਇਤਿਹਾਸਕ ਧਾਰਮਿਕ ਸਮਾਗਮਾਂ ਨੂੰ ਸੂਬਾ ਸਰਕਾਰ ਵੱਲੋਂ ਮਨਾਇਆ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸਾਂਝੇ ਤੌਰ ‘ਤੇ ਮਨਾਉਣ ਲਈ ਉਨ੍ਹਾਂ ਦੀ ਸਰਕਾਰ ਨੇ ਸ਼੍ਰੋਮਣੀ ਕਮੇਟੀ ਕੋਲ ਹਰ ਤਰ੍ਹਾਂ ਨਾਲ ਪਹੁੰਚ ਕੀਤੀ ਪਰ ਧਾਰਮਿਕ ਸੰਸਥਾ ਸਿੱਧੇ ਤੌਰ ‘ਤੇ ਇਸ ਮਾਮਲੇ ਵਿੱਚ ਅਕਾਲੀਆਂ ਦੇ ਏਜੰਡੇ ‘ਤੇ ਚੱਲ ਰਹੀ ਹੈ।
ਇਸ ਮੌਕੇ ‘ਤੇ ਸਾਂਝੇ ਤੌਰ ਉੱਤੇ ਸਮਾਗਮ ਮਨਾਉਣ ਲਈ ਸੂਬਾ ਸਰਕਾਰ ਵੱਲੋਂ ਸੰਜੀਦਾ ਯਤਨ ਨਾ ਕਰਨ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਹਾਨ ਸਮਾਗਮ ਲਈ ਸਾਰੀਆਂ ਤਿਆਰੀਆਂ ਕਰ ਦਿੱਤੀਆਂ ਗਈਆਂ ਅਤੇ ਪੰਜਾਬ ਸਰਕਾਰ ਸ਼ਰਧਾਲੂਆਂ ਲਈ ਇਸ ਉਤਸ਼ਾਹਮਈ ਮੌਕੇ ਨੂੰ ਜ਼ਿੰਦਗੀ ਦੇ ਅਣਮੋਲ ਯਾਦਗਾਰੀ ਪਲ ਬਣਾਉਣ ਲਈ ਤਿਆਰ ਹੈ।
ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਪ੍ਰਕਾਸ਼ ਪੁਰਬ ਦੇ ਸਤਿਕਾਰ ਵਿੱਚ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਸਮੇਤ ਪਾਕਿਸਤਾਨ ਸਰਕਾਰ ਵੱਲੋਂ ਕੀਤੇ ਹੋਰ ਉਪਰਾਲਿਆਂ ਦੇ ਸੰਦਰਭ ਵਿੱਚ ਗੁਆਂਢੀ ਮੁਲਕ ਦੇ ਨਾਪਾਕ ਇਰਾਦਿਆਂ ਵਿਰੁੱਧ ਚੌਕਸ ਰਹਿਣ ਦੀ ਲੋੜ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਪਿਛਲੇ 70 ਸਾਲਾਂ ਤੋਂ ਪਵਿੱਤਰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਣ ਦੀ ਮੰਗ ਕਰਦੇ ਸਨ ਪਰ ਪਾਕਿਸਤਾਨ ਵੱਲੋਂ ਅਚਾਨਕ ਇਸ ਮੰਗ ਨੂੰ ਸਵੀਕਾਰ ਕਰ ਲੈਣਾ ਪਾਕਿਸਤਾਨ ਦੇ ਛੁਪੇ ਹੋਏ ਇਰਾਦੇ ਦਾ ਸੰਕੇਤ ਹੈ ਜਿਸ ਦਾ ਮਕਸਦ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸ਼ੋਸ਼ਣ ਕਰ ਕੇ ਭਾਈਚਾਰੇ ਵਿੱਚ ਦਰਾੜ ਪੈਦਾ ਕਰਨਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਆਸ ਨਹੀਂ ਕਿ ਪਾਕਿਸਤਾਨ ਲਾਂਘੇ ਰਾਹੀਂ ਕੋਈ ਗਲਤੀ ਕਰਨ ਦੀ ਹਿੰਮਤ ਰੱਖਦਾ ਹੈ ਪਰ ਇਕ ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ਨੂੰ ਹਰ ਸਮੇਂ ਚੌਕਸ ਰਹਿਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬੇ ਨੇ ਸਥਿਤੀ ‘ਤੇ ਪੂਰੀ ਨਜ਼ਰ ਬਣਾਈ ਹੋਈ ਹੈ।
ਪਰਾਲੀ ਸਾੜਣ ਦੀ ਸਮੱਸਿਆ ਦੇ ਸਥਾਈ ਹੱਲ ਦੇ ਮੁੱਦੇ ‘ਤੇ ਮੁੱਖ ਮੰਤਰੀ ਨੇ ਮੋਦੀ ਸਰਕਾਰ ਦੀ ਸੁਸਤ ਰਵੱਈਏ ‘ਤੇ ਦੁੱਖ ਜ਼ਾਹਰ ਕਰਦਿਆਂ ਆਖਿਆ ਕਿ ਗੇਂਦ ਹੁਣ ਕੇਂਦਰ ਦੇ ਪਾਲੇ ਵਿੱਚ ਹੈ ਜਿਸ ਨੂੰ ਇਸ ਸਮੱਸਿਆ ਦਾ ਹੱਲ ਕੱਢਣ ਲਈ ਠੋਸ ਫੈਸਲੇ ਲੈਣੇ ਚਾਹੀਦੇ ਹਨ। ਉਨ੍ਹਾਂ ਨੇ ਪਰਾਲੀ ਸਾੜਣ ਦੇ ਖ਼ਤਰਨਾਕ ਰੁਝਾਨ ਨੂੰ ਖਤਮ ਕਰਨ ਲਈ ਕੇਂਦਰ ਵੱਲੋਂ ਕਿਸਾਨਾਂ ਨੂੰ ਵਿੱਤੀ ਸਹਾਇਤਾ ਦੇਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੂਬੇ ਦੇ 75 ਫੀਸਦੀ ਕਿਸਾਨ ਦੋ ਏਕੜ ਤੋਂ ਘੱਟ ਜ਼ਮੀਨ ਦੀ ਮਾਲਕੀ ਵਾਲੇ ਹਨ ਜਿਸ ਕਰਕੇ ਉਨ੍ਹਾਂ ਵੱਲੋਂ ਵਿਗਿਆਨਿਕ ਢੰਗ ਨਾਲ ਪਰਾਲੀ ਦਾ ਨਿਪਟਾਰਾ ਕਰਨਾ ਆਰਥਿਕ ਤੌਰ ‘ਤੇ ਸੰਭਵ ਨਹੀਂ ਹੈ।
ਨਵੇਂ ਚੁਣੇ ਕਾਂਗਰਸੀ ਵਿਧਾਇਕਾਂ ਨੂੰ ਵਧਾਈ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਲੋਕ ਭਲਾਈ ਸਕੀਮਾਂ ਤੇ ਉਪਰਾਲਿਆਂ ਨੂੰ ਹੋਰ ਅੱਗੇ ਲਿਜਾਣ ਲਈ ਤਨਦੇਹੀ ਨਾਲ ਕੰਮ ਕਰਨ ਦਾ ਸੱਦਾ ਦਿੱਤਾ ਤਾਂ ਕਿ ਇਨ੍ਹਾਂ ਨੂੰ ਨਾਗਰਿਕਾਂ ਦੇ ਦਰਾਂ ਤੱਕ ਪਹੁੰਚਾਇਆ ਜਾ ਸਕੇ।
ਇੱਥੇ ਇਹ ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਿਧਾਨ ਸਭਾ ਵਿੱਚ ਹੋਰ ਮਜ਼ਬੂਤ ਹੋਈ ਹੈ ਅਤੇ ਕੁੱਲ 117 ਵਿਧਾਇਕਾਂ ਵਿੱਚੋਂ 80 ਵਿਧਾਇਕ ਸੱਤਾਧਾਰੀ ਪਾਰਟੀ ਦੇ ਹਨ।
ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਨਵੇਂ ਚੁਣੇ ਵਿਧਾਇਕਾਂ ਰਮਿੰਦਰ ਸਿੰਘ ਆਂਵਲਾ (ਜਲਾਲਾਬਾਦ), ਬਲਵਿੰਦਰ ਸਿੰਘ ਧਾਲੀਵਾਲ (ਫਗਵਾੜਾ) ਅਤੇ ਇੰਦੂ ਬਾਲਾ ਜੋ ਮੁਕੇਰੀਆਂ ਜ਼ਿਮਨੀ ਚੋਣ ਵਿੱਚ ਜਿੱਤ ਕੇ ਆਏ ਹਨ, ਨੂੰ ਅਹੁਦੇ ਦਾ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ।
ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਸਹੁੰ ਚੁੱਕ ਸਮਾਗਮ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ, ਵਿਧਾਇਕ ਸੰਗਤ ਸਿੰਘ ਗਿਲਜੀਆਂ, ਡਾ. ਰਾਜ ਕੁਮਾਰ ਵੇਰਕਾ, ਪਵਨ ਕੁਮਾਰ ਆਦੀਆ ਅਤੇ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਰਮਨ ਬਹਿਲ ਹਾਜ਼ਰ ਸਨ। ਇਸ ਮੌਕੇ ‘ਤੇ ਨਵੇਂ ਚੁਣੇ ਵਿਧਾਇਕਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ।

LEAVE A REPLY

Please enter your comment!
Please enter your name here