*
ਮੁਹਾਲੀ 17ਜੂਨ(ਮਾਰਸ਼ਲ ਨਿਊਜ਼) ਪੰਜਾਬ ਦੀ ਮਸ਼ਹੂਰ ਸਮਾਜ ਸੇਵੀ ਅਤੇ ਸ਼ਹੀਦਾਂ ਦੇ ਸਤਿਕਾਰ ਲਈ ਯਤਨਸ਼ੀਲ ਸੰਸਥਾ ਯੂਥ ਆਫ ਪੰਜਾਬ ਵਲੋਂ ਸਰਕਾਰ ਦੁਆਰਾ ਨਿੱਤ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਜਾਣ ਵਾਲੇ ਵਾਧੇ ਦੇ ਵਿਰੋਧ ਵਿੱਚ ਰੋਸ ਜ਼ਾਹਿਰ ਕੀਤਾ ਗਿਆ..॥

ਇਸ ਮੌਕੇ ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਬੋਲਦੇ ਹੋਏ ਕਿਹਾ ਇਸ ਸਮੇਂ ਦੁਨੀਆਂ ਦੇ ਨਾਲ ਸਾਡੇ ਦੇਸ਼ ਵਿੱਚ ਕਰੋਨਾ ਵਾਇਰਸ ਨੇ ਕੋਹਰਾਮ ਮਚਾਇਆ ਹੋਇਆ ਹੈ..॥ ਜਿਸ ਕਾਰਨ ਕਰੋਨਾ ਵਾਇਰਸ ਦੀ ਰੋਕਥਾਮ ਲਈ ਸਰਕਾਰਾਂ ਨੂੰ ਲਾਕਡਾਊਨ ਵਰਗੇ ਸਖਤ ਕਦਮ ਚੁੱਕਣੇ ਪੈ ਰਹੇ ਨੇ ਜਿਸ ਵਿੱਚ ਦੇਸ਼ ਦੀ ਜਨਤਾ ਨੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਘਰ ਵਿੱਚ ਬੰਦ ਰਹਿ ਕੇ ਕਰੋਨਾ ਵਾਇਰਸ ਖਿਲਾਫ ਲੜਾਈ ਵਿੱਚ ਆਪਣਾ ਯੋਗਦਾਨ ਪਾਇਆ ਹੈ..॥ ਲਾਕਡਾਊਨ ਦੇ ਸਮੇਂ ਲੋਕਾਂ ਨੇ ਵਿਹਲਾ ਰਹਿ ਕੇ ਸਮਾਂ ਕੱਢਿਆ ਹੈ ਜਿਸ ਕਾਰਨ ਲੋਕਾਂ ਵਿੱਚ ਆਰਥਿਕ ਤੰਗੀ ਆਉਣਾ ਸੁਭਾਵਿਕ ਹੀ ਹੈ..॥ ਹੁਣ ਜਦੋਂ ਸਰਕਾਰ ਵਲੋੰ ਲਾਕਡਾਊਨ ਵਿੱਚ ਢਿੱਲ ਦੇਣੀ ਸ਼ੁਰੂ ਕੀਤੀ ਹੈ ਤਾਂ ਹੌਲੀ ਹੌਲੀ ਲੋਕਾਂ ਦਾ ਕੰਮ ਕਾਰ ਸ਼ੁਰੂ ਹੋਣ ਲੱਗਾ ਹੈ..॥ ਪਰੰਤੂ ਹਾਲੇ ਪੂਰੀ ਤਰਾਂ ਪਟੜੀ ਤੇ ਆਉਣ ਲਈ ਸਮਾਂ ਲੱਗੇਗਾ..॥

ਉਹਨਾਂ ਬੋਲਦਿਆ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਜਿਸ ਦਿਨ ਤੋਂ ਲਾਕਡਾਊਨ ਵਿੱਚ ਢਿੱਲ ਦਾ ਐਲਾਨ ਹੋਇਆ ਹੈ ਉਸ ਦਿਨ ਤੋਂ ਹੀ ਸਰਕਾਰ ਹਰ ਰੋਜ਼ ਥੋੜਾ ਥੋੜਾ ਕਰਕੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਰਹੀ ਹੈ..॥ ਜਦੋਂ ਦੇਸ਼ ਦੀ ਜਨਤਾ ਲਾਕਡਾਊਨ ਕਰਕੇ ਤਬਾਹ ਹੋਏ ਕਾਰੋਬਾਰਾਂ ਕਾਰਨ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੀ ਹੈ ਤਾਂ ਉਸ ਸਮੇਂ ਸਰਕਾਰ ਨੇ ਉਹਨਾਂ ਦੀ ਮਦਦ ਤਾਂ ਕੀ ਕਰਨੀ ਹੈ ਸਗੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਾ ਕੇ ਉਹਨਾਂ ਦੇ ਜਖਮਾਂ ਉੱਪਰ ਲੂਣ ਸੁੱਟਣ ਵਾਲੇ ਕੰਮ ਕਰ ਰਹੀ ਹੈ..॥
ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਲੋਕਤੰਤਰ ਹੈ..॥ ਜਦੋਂ ਕਰੋਨਾ ਵਾਇਰਸ ਮੌਕੇ ਸਰਕਾਰ ਨੇ ਲੋਕਾਂ ਨੂੰ ਦਾਨ ਕਰਨ ਦੀ ਅਪੀਲ ਕੀਤੀ ਤਾਂ ਦੇਸ਼ ਦੀ ਜਨਤਾ ਨੇ ਦਿਲ ਖੋਲ ਕੇ ਸਰਕਾਰ ਦਾ ਸਾਥ ਦਿੱਤਾ..॥ ਤੇ ਹੁਣ ਜਦੋਂ ਜਨਤਾ ਆਰਥਿਕ ਮੰਦਹਾਲੀ ਦੇ ਦੌਰ ਵਿੱਚੋਂ ਲੰਘ ਰਹੀ ਹੈ ਤਾਂ ਸਰਕਾਰ ਨੂੰ ਲੋਕਾਂ ਦਾ ਖਿਆਲ ਕਰਨਾ ਚਾਹੀਦਾ ਹੈ..॥ ਉਹਨਾਂ ਦੱਸਿਆ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਸਿਰਫ ਪੈਟਰੋਲ ਡੀਜ਼ਲ ਹੀ ਮਹਿੰਗਾ ਨੀ ਹੁੰਦਾ ਸਗੋਂ ਹਰ ਪਾਸੇ ਮਹਿੰਗਾਈ ਵੱਧ ਜਾਂਦੀ ਹੈ..॥ ਕਿਉਂਕਿ ਖਾਣ ਪੀਣ ਦੀਆਂ ਵਸਤਾਂ ਸਮੇਤ ਹੋਰ ਜਰੂਰੀ ਸਮਾਨ ਇੱਕ ਥਾਂ ਤੋਂ ਦੂਜੀ ਥਾਂ ਲਿਜਾਉਣ ਲਈ ਟ੍ਰਾਂਸਪੋਰਟ ਦਾ ਸਹਾਰਾ ਲੈਣਾ ਪੈਂਦਾ ਹੈ ਜਿਸ ਕਾਰਨ ਹਰ ਚੀਜ਼ ਵਿੱਚ ਮਹਿੰਗਾਈ ਵਧਣੀ ਸੁਭਾਵਿਕ ਗੱਲ ਹੈ..॥ ਉਹਨਾਂ ਕਿਹਾ ਕਿ ਸਰਕਾਰ ਵਲੋਂ ਚਾਲਾਕੀ ਨਾਲ ਦਿਨੋਂ ਦਿਨ ਥੋੜਾ ਥੋੜਾ ਵਾਧਾ ਕਰਕੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਵਧਾਉਣ ਦਾ ਯੂਥ ਆਫ ਪੰਜਾਬ ਵਿਰੋਧ ਕਰਦਾ ਹੈ..॥
ਪਰਮਦੀਪ ਸਿੰਘ ਬੈਦਵਾਨ ਜਾਣਕਾਰੀ ਦਿੰਦੇ ਦੱਸਿਆ ਕਿ ਯੂਥ ਆਫ ਪੰਜਾਬ ਦਾ ਸਬੰਧ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਸੰਸਥਾ ਨਾਲ ਨਹੀਂ ਹੈ..॥ ਯੂਥ ਆਫ ਪੰਜਾਬ ਹਮੇਸ਼ਾ ਉਹਨਾਂ ਮੁੱਦਿਆ ਦੇ ਖਿਲਾਫ ਆਵਾਜ਼ ਕਰਦਾ ਜੋ ਲੋਕਹਿੱਤ ਵਿੱਚ ਨਹੀਂ ਹੁੰਦੇ ਅਤੇ ਲੋਕਹਿੱਤਾਂ ਦੀ ਰਾਖੀ ਲਈ ਹਮੇਸ਼ਾ ਆਵਾਜ਼ ਬੁਲੰਦ ਕਰਦਾ ਰਹੇਗਾ..॥ਉਹਨਾਂ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਲਦੀ ਤੋਂ ਜਲਦੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਘਟਾਇਆ ਜਾਵੇ ਨਹੀਂ ਤਾਂ ਯੂਥ ਆਫ ਪੰਜਾਬ ਵਲੋਂ ਲੋਕਹਿੱਤ ਨੂੰ ਦੇਖਦੇ ਹੋਏ ਜਲਦੀ ਹੀ ਸੰਗਰਸ਼ ਦਾ ਐਲਾਨ ਕੀਤਾ ਜਾਵੇਗਾ..॥

ਇਸ ਮੌਕੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨਾਲ ਸਰਪ੍ਰਸਤ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਪ੍ਰਧਾਨ ਰਮਾਂਕਾਤ ਕਾਲੀਆ, ਮੀਤ ਪ੍ਰਧਾਨ ਬੱਬੂ ਮੋਹਾਲੀ, ਚੀਫ ਕੁਆਰਡੀਨੇਟਰ ਜੱਗੀ ਧਨੋਆ, ਜਰਨਲ ਸਕੱਤਰ ਲੱਕੀ ਕਲਸੀ, ਪ੍ਰੈਸ ਸਕੱਤਰ ਕਾਕਾ ਰਣਜੀਤ, ਸਕੱਤਰ ਅਮ੍ਰਿਤ ਜੌਲੀ ਤੇ ਸਤਨਾਮ ਧੀਮਾਨ, ਜਿਲ੍ਹਾ ਪ੍ਰਧਾਨ ਗੁਰਜੀਤ ਮਟੌਰ, ਸ਼ੁੱਭ ਸੇਖੋੰ, ਜੰਗ ਬਹਾਦੁਰ, ਮੱਖਣ ਮਟੌਰ, ਟੋਨੀ ਸੋਹਾਣਾ, ਜੌਨੀ ਮਟੌਰ, ਇਸ਼ਾਂਤ ਮੋਹਾਲੀ, ਜਰਮਨ ਮੋਹਾਲੀ, ਰਵੀ ਅਰੋੜਾ, ਬਿੱਟੂ ਮੋਹਾਲੀ ਅਤੇ ਸ਼ਰਨਦੀਪ ਸਿੰਘ ਸਮੇਤ ਹੋਰ ਅਹੁਦੇਦਾਰ ਤੇ ਮੈਂਬਰ ਸਾਹਿਬਾਨ ਹਾਜਰ ਸਨ..॥