ਚੰਡੀਗੜ੍ਹ, 10 ਅਗਸਤ (ਰਣਜੀਤ ਸਿੰਘ ਕਾਕਾ)ਪੁਨੀਤ ਸੈਣੀ ਪਿੰਟਾ ਨੇ ਮੰਗਲਵਾਰ ਨੂੰ ਵਿਧਾਇਕ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਰਕਿੰਗ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਵਿਧਾਇਕ ਡਾ.ਹਰਜੋਤ ਕਮਲ ਤੇ ਜੋਗਿੰਦਰ ਪਾਲ ਅਤੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਮੇਜਰ ਅਮਰਦੀਪ ਸਿੰਘ ਤੇ ਵਿਸ਼ੇਸ ਕਾਰਜ ਅਫਸਰ ਦਮਨਜੀਤ ਸਿੰਘ ਮੋਹੀ ਦੀ ਹਾਜ਼ਰੀ ਵਿੱਚ ਪੰਜਾਬ ਟਰੇਡਰਜ਼ ਬੋਰਡ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ।
ਇਥੇ ਸੈਕਟਰ 17 ਸਥਿਤ ਬੋਰਡ ਦੇ ਦਫਤਰ ਵਿਖੇ ਪੁਨੀਤ ਸੈਣੀ ਪਿੰਟਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਸਰਕਾਰ ਅਤੇ ਵਪਾਰੀਆਂ ਵਿਚਾਲੇ ਪੁਲ ਦਾ ਕੰਮ ਕਰਦੇ ਹੋਏ ਵਪਾਰੀ ਭਾਈਚਾਰੇ ਦੀ ਭਲਾਈ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਸੂਬਾ ਸਰਕਾਰ ਵੱਲੋਂ ਵਪਾਰੀਆਂ ਦੀ ਭਲਾਈ ਲਈ ਵੱਡੇ ਕੰਮ ਕੀਤੇ ਹਨ ਅਤੇ ਕੋਵਿਡ ਮਹਾਂਮਾਰੀ ਦੌਰਾਨ ਉਨ੍ਹਾਂ ਲਈ ਯਕਮੁਸ਼ਤ ਨਿਪਟਾਰਾ ਸਕੀਮ ਜਾਰੀ ਕੀਤੀ ਗਈ। ਵਪਾਰੀਆਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਵਰ ਕੀਤਾ ਗਿਆ। ਉਨ੍ਹਾਂ ਦੀ ਹੁਣ ਕੋਸ਼ਿਸ਼ ਰਹੇਗੀ ਕਿ ਵਪਾਰੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦੇਣਗੇ ਅਤੇ ਉਨ੍ਹਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨਗੇ।
ਪੁਨੀਤ ਸੈਣੀ ਪਿੰਟਾ ਇਸ ਤੋਂ ਪਹਿਲਾਂ ਪੰਜਾਬ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ, ਸੈਣੀ ਸਭਾ ਪੰਜਾਬ ਦੇ ਯੂਥ ਪ੍ਰਧਾਨ, ਪੰਜਾਬ ਕਾਂਗਰਸ ਦੇ ਖੇਤ ਮਜ਼ਦੂਰ ਸੈਲ ਦੇ ਜਨਰਲ ਸਕੱਤਰ ਵਜੋਂ ਸੇਵਾਵਾਂ ਨਿਭਾਉਣ ਤੋਂ ਇਲਾਵਾ ਪੰਜਾਬ ਯੂਥ ਕਾਂਗਰਸ ਅਤੇ ਵਿਦਿਆਰਥੀ ਜਥੇਬੰਦੀ ਐਨ.ਐਸ.ਯੂ.ਆਈ. ਦੇ ਸਰਗਰਮ ਅਹੁਦੇਦਾਰ ਰਹੇ ਹਨ।
ਇਸ ਮੌਕੇ ਵਿੱਤ ਕਮਿਸ਼ਨਰ ਆਬਕਾਰੀ ਤੇ ਕਰ ਏ ਵੇਣੂੰ ਪ੍ਰਸਾਦ, ਪੰਜਾਬ ਟਰੇਡਰਜ਼ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਭੁਪਿੰਦਰ ਬਸੰਤ, ਵਾਈਸ ਚੇਅਰਮੈਨ ਅਮਰਜੀਤ ਸਿੰਘ ਟੀਟੂ ਤੇ ਡਾਇਰੈਕਟਰ ਬਲਵਿੰਦਰ ਨਾਰੰਗ ਤੋਂ ਇਲਾਵਾ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਡਾਇਰੈਕਟਰ ਬ੍ਰਿਗੇਡੀਅਰ ਸਤਿੰਦਰ ਸਿੰਘ, ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਕਮਲਦੀਪ ਸਿੰਘ, ਪੰਜਾਬ ਰਾਜ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ, ਜੈਨਕੇ ਦੇ ਚੇਅਰਮੈਨ ਸਤਿੰਦਰ ਪਾਲ ਸਿੰਘ ਗਿੱਲ, ਪੰਜਾਬ ਲਘੂ ਉਦਯੋਗ ਤੇ ਨਿਵੇਸ਼ ਪ੍ਰੋਤਸਾਹਨ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਗੋਗੀ, ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਵਿਨੇ ਮਹਾਜਨ, ਕੰਢੀ ਏਰੀਆ ਵਿਕਾਸ ਬੋਰਡ ਦੇ ਮੈਂਬਰ ਅਨੀਸ਼ ਸਿਡਾਨਾ ਤੇ ਪੰਜਾਬੀ ਲੋਕ ਗਾਇਕ ਪ੍ਰੀਤ ਹਰਪਾਲ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here