ਕੁਰਾਲੀ 2 ਸਤੰਬਰ,(ਰਣਜੀਤ ਸਿੰਘ ਕਾਕਾ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਬਲਾਕ ਮਾਜਰੀ ਵਲੋਂ ਝੋਨੇ ਦੀ ਪਰਾਲੀ ਅਤੇ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਬਾਰੇ ਪਿੰਡਾਂ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕਿਸਾਨ ਟਰੇਨਿੰਗ ਕੈਂਪਾਂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਡਾਂ ਰਾਜੇਸ਼ ਕੁਮਾਰ ਰਹੇਜਾ ਮੁੱਖ ਖੇਤੀਬਾੜੀ ਅਫਸਰ ਐਸ ਏ ਐਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਰਾਲੀ ਦੀ ਸੁਚੱਜੀ ਵਰਤੋਂ ਕਰਨ ਸਬੰਧੀ ਬਲਾਕ ਖੇਤੀਬਾੜੀ ਅਫਸਰ ਡਾਂ ਗੁਰਬਚਨ ਸਿੰਘ ਦੀ ਅਗਵਾਈ ਹੇਠ ਪਿੰਡ ਨਿਹੋਲਕਾ ਵਿਖੇ ਟਰੇਨਿੰਗ ਕੈਂਪ ਲਗਾਇਆ ਗਿਆ।ਇਸ ਮੌਕੇ ਡਾਂ ਗੁਰਪ੍ਰੀਤ ਸਿੰਘ ਏ ਡੀ ੳ ਨੇ ਕਿਸਾਨਾਂ ਨੂੰ ਦੱਸਿਆ ਕਿ ਜਿੱਥੇ ਪਰਾਲੀ ਦੇ ਸਾੜਨ ਨਾਲ ਜਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ, ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਅਤੇ ਮਿੱਤਰ ਕੀੜੇ ਮਾਰ ਜਾਦੇ ਹਨ।ਉੱਥੇ ਪਰਾਲੀ ਦੀ ਰਹਿੰਦ ਖੂੰਹਦ ਨੂੰ ਖੇਤੀ ਮਸ਼ੀਨਰੀ ਦੀ ਵਰਤੋਂ ਨਾਲ ਜਮੀਨ ਵਿੱਚ ਮਿਲਾਉਣ ਦੇ ਬਹੁਤ ਫਾਇਦੇ ਹੁੰਦੇ ਹਨ।ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਚਾਇਤਾਂ ਵਲੋਂ ਪਿੰਡਾਂ ਵਿੱਚ ਮਤੇ ਪਾਸ ਕਰੇ ਜਾਣ ਕਿ ਪਿੰਡ ਦਾ ਕੋਈ ਵੀ ਕਿਸਾਨ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਨਹੀ ਲਗਾਵੇਗਾ। ਇਸ ਤਰ੍ਹਾਂ ਮੁਹਿੰਮ ਚਲਾ ਕੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੇ ਕਾਬੂ ਪਾਇਆ ਜਾ ਸਕਦਾ ਹੈ।ਇਸ ਮੌਕੇ ਡਾਂ ਮਨਪਾਲ ਸਿੰਘ ਖੇ ਵਿ ਅ, ਜਸਵੰਤ ਸਿੰਘ ਏ ਟੀ ਐਮ ਅਤੇ ਬਹੁਤ ਸਾਰੇ ਕਿਸਾਨ ਹਾਜਰ ਸਨ।