ਕੁਰਾਲੀ, 23 ਅਪ੍ਰੈਲ : ਸਾਬਕਾ ਮੰਤਰੀ ਤੇ ਹਲਕਾ ਖਰੜ ਤੋਂ ਕਾਂਗਰਸ ਦੇ ਮੁੱਖ ਸੇਵਾਦਾਰ ਜਗਮੋਹਨ ਸਿੰਘ ਕੰਗ ਨੇ ਕੇਂਦਰ ਸਰਕਾਰ ਨੂੰ  ਅਪੀਲ ਕੀਤੀ ਕਿ  ਲੌਕਡਾਊਨ ਦੇ ਚਲਦਿਆਂ ਰੋਜੀ ਰੋਟੀ ਤੋਂ ਵਿਹਲੇ  ਤੇ ਆਪੋ ਆਪਣੇ ਘਰ ਪਰਤਣ ਦੇ ਚਾਹਵਾਨ ਪਰਵਾਸੀ ਮਜ਼ਦੂਰਾਂ ਨੂੰ ਸੁਰੱਖਿਅਤ ਸਾਧਨਾਂ ਰਾਹੀਂ ਉਨ੍ਹਾਂ ਦੇ ਟਿਕਾਣਿਆਂ ‘ਤੇ ਪੁੱਜਦਾ ਕੀਤਾ ਜਾਵੇ।  ਉਨ੍ਹਾਂ ਆਖਿਆ ਕਿ ਅਸੀਂ ਟੀ.ਵੀ. ਅਤੇ ਅਖਬਾਰਾਂ ਵਿੱਚ ਰੋਜ਼ ਦੇਖ/ ਪੜ੍ਹ ਰਹੇ ਹਾਂ, ਕਿ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਵੱਖ ਵੱਖ ਸੂਬਿਆਂ ਦੀਆਂ ਰਾਜਧਾਨੀਆਂ ਤੇ ਸ਼ਹਿਰਾਂ ਤੋਂ ਪਰਵਾਸੀ ਮਜ਼ਦੂਰ ਬੇਰੋਜ਼ਗਾਰੀ ਤੋਂ ਤੰਗ ਆ ਕੇ ਦੂਰ ਦੂਰ ਆਪਣੇ ਆਪਣੇ ਪਿੰਡਾਂ/ਸ਼ਹਿਰਾਂ ਵਿੱਚ ਵੱਡੀ ਗਿਣਤੀ ਵਿੱਚ ਕਾਫ਼ਲੇ ਬਣਾ ਕੇ ਆਪਣੇ ਪਰਿਵਾਰ ਅਤੇ ਸਮਾਨ ਸਮੇਤ ਸੈਂਕੜੇ ਕਿਲੋਮੀਟਰ ਦਾ   ਜੋਖਮ ਭਰਿਆ ਸਫਰ ਪੈਦਲ ਚੱਲ ਕੇ ਪੂਰਾ ਕਰ ਰਹੇ ਹਨ। ਉਨ੍ਹਾਂ ਦੇ ਪੈਰਾਂ ਦੇ ਵਿੱਚ ਛਾਲੇ ਵੀ ਪੈ ਗਏ ਹਨ। ਵਿਚਾਰਿਆਂ ਦੀ ਬਹੁਤ ਤਰਸਯੋਗ ਹਾਲਾਤ ਹੋ ਰਹੀ ਹੈ। ਇਕ ਦੁਖਦਾਇਕ ਘਟਨਾ ‘ਚ  ਬਾਰਾਂ ਸਾਲ ਦੀ ਬੱਚੀ ਵੀ ਸਰੀਰ ਵਿੱਚ ਪਾਣੀ ਦੀ ਘਾਟ ਕਾਰਨ ਮੌਤ ਦੇ ਮੂੰਹ ਵਿੱਚ ਜਾ ਪਈ ਹੈ। ਇਸ ਮਹਾਂਮਾਰੀ/ਪੂਰੇ ਲੌਕਡਾਊਨ ਕਰਕੇ ਵੱਖ ਵੱਖ ਦਿਹਾੜੀਦਾਰ ਮਜਦੂਰ ਵਿਹਲੇ ਬੈਠੇ ਹਨ ਅਤੇ ਪਿੱਛੇ ਆਪਣੇ ਪਰਿਵਾਰਾਂ ਕੋਲ  ਜਾ ਕੇ ਰਹਿਣ ਨੂੰ ਤਰਜ਼ੀਹ ਦੇ ਰਹੇ ਹਨ। ਕੰਗ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਤੁਰੰਤ ਲੋੜੀਂਦੀ ਕਾਰਵਾਈ ਕਰਦੇ ਹੋਏ ਇਨ੍ਹਾਂ ਸਾਰੇ ਸੰਬਧਤ ਪ੍ਰਵਾਸੀ ਮਜ਼ਦੂਰ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਸਰਕਾਰ ਨੂੰ ਤੁਰੰਤ ਢੁਕਵੇਂ ਸਾਧਨ ਮੁਹਈਆ ਕਰਵਾਉਣੇ ਚਾਹੀਦੇ ਹਨ, ਤਾਂ ਕਿ ਉਹ ਸੁਰੱਖਿਅਤ ਆਪਣੇ ਆਪਣੇ ਘਰਾਂ ਵਿੱਚ ਪਹੁੰਚ ਸਕਣ ਅਤੇ ਲੋਕਡਾਊਨ ਦੀ ਉਲੰਘਣਾ ਨਾ ਹੋ ਸਕੇ। 

LEAVE A REPLY

Please enter your comment!
Please enter your name here