ਇੰਸਪੈਕਟਰ ਨੇ ਮਹਿਲਾ ਵਲੋਂ ਲਗਾਏ ਗਏ ਇਲਜਾਮਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਉਲਟਾ ਮਹਿਲਾ ਤੇ ਉਸਨੂੰ ਧੋਖਾ ਦਿਤਾ

ਐਸ ਏ ਐਸ ਨਗਰ, 8 ਸਤੰਬਰ (ਮਾਰਸ਼ਲ ਨਿਊਜ) ਖਰੜ ਦੀ ਵਸਨੀਕ ਇਕ ਨੈਸ਼ਨਲ ਐਵਾਰਡੀ ਲੇਖਿਕਾ ਨੇ ਇਕ ਪੰਜਾਬ ਪੁਲੀਸ ਦੇ ਇੱਕ ਇੰਸਪੈਕਟਰ ਤੇ ਉਸ ਨਾਲ ਜਾਅਲੀ ਢੰਗ ਨਾਲ ਵਿਆਹ ਕਰਵਾਉਣ ਅਤੇ ਉਸਤੋਂ ਬਾਅਦ ਉਸ ਨਾਲ ਸਰੀਰਕ ਸਬੰਧ ਬਣਾਉਣ ਅਤੇ ਫਿਰ ਧੋਖਾ ਦੇਣ ਦੇ ਗੰਭੀਰ ਇਲਜਾਮ ਲਗਾਏ ਹਨ| ਦੂਜੇ ਪਾਸੇ ਉਕਤ ਇੰਸਪੈਕਟਰ ਗੁਰਮੀਤ ਸਿੰਘ ਨੇ ਮਹਿਲਾ ਵਲੋਂ ਲਗਾਏ ਗਏ ਇਲਜਾਮਾਂ ਨੂੰ ਬੇਬੁਨਿਆਦ ਦੱਸਦਿਆਂ ਉਲਟਾ ਮਹਿਲਾ ਤੇ ਉਸਨੂੰ ਧੋਖਾ ਦੇਣ ਦਾ ਇਲਜਾਮ ਲਗਾਇਆ ਹੈ|
ਲੇਖਿਕਾ ਮੁਤਾਬਿਕ ਇਸਪੈਕਟਰ ਗੁਰਮੀਤ ਸਿੰਘ (ਜੋ ਕਿ ਇਸ ਸਮੇਂ ਥਾਣਾ ਸ਼ੰਭੂ, ਜ਼ਿਲ੍ਹਾ ਪਟਿਆਲਾ) ਵਿਖੇ ਤਾਇਨਾਤ ਹੈ, ਨੇ ਉਸ ਨਾਲ ਵਿਆਹ ਕਰਨ ਸਮੇਂ ਜਿਥੇ ਇਕ ਧਾਰਮਿਕ ਸਥਾਨ ਦੀ ਮਰਿਆਦਾ ਨੂੰ ਭੰਗ ਕੀਤਾ, ਉਥੇ ਹੀ ਲਾਵਾਂ ਲੈਣ ਸਮੇਂ ਗੁਰਮੀਤ ਸਿੰਘ ਨੇ ਆਪਣੇ ਮਾਂ-ਭਰਾ ਵੀ ਜਾਅਲੀ ਖੜੇ ਕਰ ਦਿੱਤੇ| ਉਸਨੇ ਇਲਜਾਮ ਗੁਰਮੀਤ ਸਿੰਘ ਪਹਿਲਾਂ ਤੋਂ ਹੀ ਦੋ ਵਿਆਹ ਕਰਵਾ ਚੁੱਕਾ ਹੈ, ਜਿਨ੍ਹਾਂ ਵਿੱਚੋਂ ਉਸਦੀ ਇੱਕ ਪਤਨੀ ਵਿਦੇਸ਼ ਵਿਚ ਰਹਿੰਦੀ ਹੈ ਜਦਕਿ ਦੂਜੀ ਪਤਨੀ ਨਾਲ ਉਸਦਾ ਤਲਾਕ ਹੋ ਚੁੱਕਾ ਹੈ|
ਲੇਖਿਕਾ ਨੇ ਇਸਪੈਕਟਰ ਗੁਰਮੀਤ ਸਿੰਘ ਤੇ ਦੋਸ਼ ਲਗਾਇਆ ਕਿ ਉਹ ਮੈਟਰੀਮੋਨੀਅਲ ਵੈਬਸਾਈਟ ਸੰਗਮ ਡਾਟ ਕਾਮ ਰਾਹੀਂ ਉਸਦੇ ਸੰਪਰਕ ਵਿਚ ਆਈ ਸੀ ਅਤੇ ਇਸ ਦੌਰਾਨ ਉਸਨੇ ਗੁਰਮੀਤ ਸਿੰਘ ਨੂੰ ਦੱਸਿਆ ਸੀ ਕਿ ਉਸਦਾ ਅਦਾਲਤ ਵਿਚ ਮਿਊਚਲ ਤਲਾਕ ਦਾ ਕੇਸ ਚਲ ਰਿਹਾ ਹੈ, ਜਿਸਦੀ ਅੰਤਿਮ ਤਰੀਕ 24 ਮਾਰਚ 2020 ਸੀ| ਗੁਰਮੀਤ ਸਿੰਘ ਨੇ ਉਸਨੂੰ ਕਿਹਾ ਕਿ ਉਹ ਵੀ ਤਲਾਕਸ਼ੁਦਾ ਹੈ ਅਤੇ ਉਸਦੀ ਇਕ ਬੱਚੀ ਵੀ ਹੈ ਜਦਕਿ ਉਸਨੇ ਆਪਣੇ ਦੂਸਰੇ ਵਿਆਹ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ| ਲੇਖਿਕਾ ਅਨੁਸਾਰ 15 ਫਰਵਰੀ 2020 ਨੂੰ ਉਨ੍ਹਾਂ ਦੀ ਪਹਿਲੀ ਮੁਲਾਕਾਤ ਮੁਹਾਲੀ ਦੇ ਫੇਜ਼ 6 ਵਿਖੇ ਹੋਈ ਸੀ|
ਲੇਖਿਕਾ ਨੇ ਦੱਸਿਆ ਕਿ ਇੰਸਪੈਕਟਰ ਗੁਰਮੀਤ ਸਿੰਘ ਨੇ ਉਸ ਨਾਲ ਵਿਆਹ ਕਰਵਾਉਣ ਸਬੰਧੀ ਉਸਦੇ ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਉਸਦੇ ਪਰਿਵਾਰ ਵਲੋਂ ਗੁਰਮੀਤ ਸਿੰਘ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਲੜਕੀ ਦਾ ਮਿਊਚਲ ਤਲਾਕ ਦਾ ਕੇਸ ਖਰੜ ਅਦਾਲਤ ਵਿਚ ਵਿਚਾਰ ਅਧੀਨ ਹੈ, ਜਿਸਦੀ ਅੰਤਿਮ ਤਰੀਕ 24 ਮਾਰਚ 2020 ਸੀ| ਗੁਰਮੀਤ ਸਿੰਘ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦਾ ਤਾਂ ਆਪਸੀ ਸਹਿਮਤੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ ਜਿਸ ਕਰਕੇ ਉਹ 24 ਮਾਰਚ ਤੋਂ ਪਹਿਲਾਂ ਹੀ ਵਿਆਹ ਕਰਵਾਉਣਾ ਚਾਹੁੰਦਾ ਹੈ ਅਤੇ ਇਸ ਵਿਚ ਕੋਈ ਵੀ ਕਾਨੂੰਨੀ ਅੜਚਣ ਨਹੀਂ ਆਵੇਗੀ| ਲੇਖਿਕਾ ਮੁਤਾਬਿਕ ਇੰਸਪੈਕਟਰ ਗੁਰਮੀਤ ਸਿੰਘ ਨੇ 23 ਫਰਵਰੀ 2020 ਨੂੰ ਉਸ ਨਾਲ ਗੁਰਦੁਆਰਾ ਅੰਬ ਸਾਹਿਬ ਫੇਜ਼ 8 ਮੁਹਾਲੀ ਵਿਖੇ ਪੂਰਨ ਗੁਰ ਮਰਿਆਦਾ ਅਨੁਸਾਰ ਵਿਆਹ ਕੀਤਾ| ਇਸ ਦੌਰਾਨ ਇੰਸਪੈਕਟਰ ਗੁਰਮੀਤ ਸਿੰਘ ਨੇ ਗੁਰਦੁਆਰਾ ਸਾਹਿਬ ਵਿਚ ਜਿਨ੍ਹਾਂ ਨੂੰ ਆਪਣੇ ਮਾਂ ਭਰਾ ਦੇ ਤੌਰ ਤੇ ਲਿਆਂਦਾ ਗਿਆ ਸੀ ਉਹ ਜਾਅਲੀ ਸਨ|
ਲੇਖਿਕਾ ਨੇ ਕਿਹਾ ਕਿ ਬੀਤੀ 9 ਜੁਲਾਈ ਨੂੰ ਇਸਪੈਕਟਰ ਗੁਰਮੀਤ ਸਿੰਘ ਉਸਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਚਲਾ ਗਿਆ ਅਤੇ ਮੁੜ ਘਰ ਵਾਪਸ ਨਹੀਂ ਆਇਆ ਅਤੇ ਜਦੋਂ ਉਸਨੇ ਗੁਰਮੀਤ ਸਿੰਘ ਨੂੰ ਵਾਰ-ਵਾਰ ਫੋਨ ਕੀਤੇ ਤਾਂ ਉਸਨੇ ਅੱਗੋਂ ਧਮਕੀ ਦਿੱਤੀ ਕਿ ‘ਤੂੰ ਮੈਨੂੰ ਨਹੀਂ ਜਾਣਦੀ, ਅੱਜ ਤੋਂ ਬਾਅਦ ਮੇਰੇ ਪਿਛੇ ਆਉਣ ਦੀ ਲੋੜ ਨਹੀਂ| ਜੇਕਰ ਅੱਜ ਤੋਂ ਬਾਅਦ ਤੂੰ ਮੈਨੂੰ ਫੋਨ ਕੀਤਾ ਜਾਂ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਯਾਦ ਰੱਖੀਂ ਮੈਂ ਇਕ ਪੁਲੀਸ ਅਫ਼ਸਰ ਹਾਂ, ਕੁਝ ਵੀ ਕਰ ਸਕਦਾ ਹਾਂ ਅਤੇ ਤੇਰੀ ਕਿਸੇ ਨੇ ਨਹੀਂ ਸੁਣਨੀ|
ਲੇਖਿਕਾ ਮੁਤਾਬਿਕ ਇਸਤੋਂ ਬਾਅਦ ਉਹ ਗੁਰਦੁਆਰਾ ਅੰਬ ਸਾਹਿਬ ਵਿਖੇ ਗਈ ਲਿਖਤੀ ਰੂਪ ਵਿਚ ਮੈਰਿਜ ਸਰਟੀਫਿਕੇਟ ਦੀ ਮੰਗ ਕੀਤੀ ਪ੍ਰੰਤੂ ਗੁਰਦੁਆਰਾ ਸਾਹਿਬ ਦੇ ਮੌਜੂਦਾ ਮੈਨੇਜਰ ਨੇ ਕਿਹਾ ਕਿ ਇਸਪੈਕਟਰ ਗੁਰਮੀਤ ਸਿੰਘ ਵਲੋਂ ਉਨ੍ਹਾਂ ਨੂੰ ਮੈਰਿਜ ਸਰਟੀਫਿਕੇਟ ਸਬੰਧੀ ਲੋੜੀਂਦੇ ਦਸਤਾਵੇਜ ਅਜੇ ਤੱਕ ਜਮਾ ਨਹੀਂ ਕਰਵਾਏ ਗਏ, ਜਿਸ ਕਾਰਣ ਉਹ ਮੈਰਿਜ ਸਰਟੀਫਿਕੇਟ ਜਾਰੀ ਨਹੀਂ ਕਰ ਸਕਦੇ| ਲੇਖਿਕਾ ਮੁਤਾਬਿਕ ਜਦੋਂ ਉਸਨੇ ਗੁਰਮੀਤ ਸਿੰਘ ਦੇ ਪਿਛੋਕੜ ਬਾਰੇ ਸਬੂਤ ਇਕੱਠੇ ਕਰਨੇ ਸ਼ੁਰੂ ਕੀਤੇ ਤਾਂ ਉਸਨੂੰ ਉਸ ਬਾਰੇ ਪੂਰੀ ਜਾਣਕਾਰੀ ਹਾਸਿਲ ਹੋਈ| ਲੇਖਿਕਾ ਮੁਤਾਬਕ ਉਸਨੂੰ ਫੇਸਬੁੱਕ ਤੇ ਹੋਈਆਂ ਕੁੱਝ ਚੈਟਸ ਮਿਲੀਆਂ ਹਨ ਜਿਹੜੀਆਂ ਗੁਰਮੀਤ ਸਿੰਘ ਨੇ ਹੋਰਨਾਂ ਲੜਕੀਆਂ/ਔਰਤਾਂ ਨਾਲ ਕੀਤੀਆਂ ਸੀ ਤੇ ਇਨ੍ਹਾਂ ਚੈਟਸ ਵਿਚ ਵੀ ਉਹ ਉਨ੍ਹਾਂ ਲੜਕੀਆਂ/ ਔਰਤਾਂ ਨੂੰ ਵੀ ਵਿਆਹ ਕਰਵਾਉਣ ਦਾ ਝਾਂਸਾ ਦੇ ਰਿਹਾ ਹੈ| ਇਹ ਚੈਟ ਇਕ ਅਜਿਹੇ ਮੋਬਾਇਲ ਨੰਬਰ ਤੋਂ ਕੀਤੀ ਗਈ ਹੈ, ਜੋ ਕਿ ਗੁਰਮੀਤ ਸਿੰਘ ਸਿਰਫ਼ ਅਜਿਹੇ ਨੇਣੇ ਕੰਮ ਲਈ ਵਰਤਦਾ ਹੈ|
ਲੇਖਿਕਾ ਨੇ ਕਿਹਾ ਕਿ ਉਹ ਇਸ ਲਈ ਸਾਹਮਣੇ ਆਈ ਹੈ ਕਿ ਇੰਸਪੈਕਟਰ ਗੁਰਮੀਤ ਸਿੰਘ ਕਿਸੇ ਹੋਰ ਲੜਕੀ/ਔਰਤ ਦੀ ਜਿੰਦਗੀ ਬਰਬਾਦ ਨਾ ਕਰ ਸਕੇ| ਉਨ੍ਹਾਂ ਦੱਸਿਆ ਕਿ ਇੰਸਪੈਕਟਰ ਗੁਰਮੀਤ ਸਿੰਘ ਖਿਲਾਫ਼ ਉਨ੍ਹਾਂ ਵਲੋਂ ਆਈ. ਜੀ. ਰੋਪੜ ਰੋਜ਼ ਨੂੰ ਲਿਖਤੀ ਸ਼ਿਕਾਇਤ ਦੇ ਕੇ ਉਸ ਖਿਲਾਫ਼ ਧੋਖਾਧੜੀ ਅਤੇ ਜਬਰ ਜਨਾਹ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ| ਇਸ ਸ਼ਿਕਾਇਤ ਦੀ ਕਾਪੀ ਮੁੱਖ ਮੰਤਰੀ ਪੰਜਾਬ, ਪ੍ਰਿੰਸੀਪਲ ਸੈਕਟਰੀ ਹੋਮ, ਪ੍ਰਿੰਸੀਪਲ ਸੈਕਟਰੀ (ਪਰਸੋਨਲ) ਅਤੇ ਪੰਜਾਬ ਮਹਿਲਾ ਕਮਿਸ਼ਨ ਨੂੰ ਵੀ ਭੇਜੀ ਹੈ| ਆਈ. ਜੀ. ਵਲੋਂ ਇਸ ਸ਼ਿਕਾਇਤ ਦੀ ਜਾਂਚ ਮੁਹਾਲੀ ਦੀ ਇਕ ਮਹਿਲਾ ਆਈ.ਪੀ. ਐਸ. ਅਫ਼ਸਰ ਨੂੰ ਸੌਂਪੀ ਗਈ ਹੈ|
ਇਸ ਸਬੰਧੀ ਸੰਪਰਕ ਕਰਨ ਤੇ ਇਸਪੇਕਟਰ ਸ੍ਰ. ਗੁਰਮੀਤ ਸਿੰਘ ਨੇ ਕਿਹਾ ਕਿ ਧੋਖਾ ਮੈਂ ਨਹੀਂ ਦਿੱਤਾ ਬਲਕਿ ਮੇਰੇ ਤੇ ਇਲਜ਼ਾਮ ਲਗਾਉਣ ਵਾਲੀ ਔਰਤ ਨੇ ਦਿੱਤਾ ਹੈ| ਉਹਨਾਂ ਕਿਹਾ ਕਿ ਇਸ ਔਰਤ ਨੇ ਆਪਣੇ ਪਹਿਲੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਹੀ ਮੇਰੇ ਨਾਲ ਵਿਆਹ ਕਰ ਲਿਆ ਸੀ ਅਤੇ ਮੇਰੇ ਘਰ ਤੋਂ ਸੋਨੇ ਦੇ ਸਾਰੇ ਗਹਿਣੇ ਵੀ ਨਾਲ ਲੈ ਗਈ| ਇਹ ਪੁਛੇ ਜਾਣ ਤੇ ਵੀ ਫੇਸਬੁੱਕ ਵਿੱਚ ਕਈ ਹੋਰ ਲੜਕੀਆਂ ਨੂੰ ਵਿਆਹ ਲਈ ਪੇਸ਼ਕਸ਼ ਕੀਤੀ ਗਈ ਸੀ ਜਿਨ੍ਹਾਂ ਦੇ ਸਬੂਤ ਉਸ ਲੜਕੀ ਕੋਲ ਹਨ, ਇੰਸਪੈਕਟਰ ਨੇ ਕਿਹਾ ਕਿ ਉਨ੍ਹਾਂ ਦਾ ਤਲਾਕ ਹੋਣ ਤੋਂ ਬਾਅਦ ਆਪਣੇ ਵਿਆਹ ਵਾਸਤੇ ਲੜਕੀ ਦੀ ਤਲਾਸ਼ ਕਰ ਰਹੇ ਸਨ ਜਿਸ ਦੌਰਾਨ ਕਈ ਲੜਕੀਆਂ ਨਾਲ ਗੱਲਬਾਤ ਵੀ ਕੀਤੀ ਹੋ ਸਕਦੀ ਹੈ| ਉਹਨਾਂ ਕਿਹਾ ਕਿ ਜਿੱਥੋ ਤੱਕ ਨਕਲੀ ਮਾਂ ਅਤੇ ਭਰਾ ਨੂੰ ਵਿਆਹ ਤੇ ਨਾਲ ਲੈ ਕੇ ਆਉਣ ਦੀ ਗੱਲ ਹੈ, ਉਨ੍ਹਾਂ ਦੇ ਮਾਤਾ ਪਿਤਾ ਅੰਤਰਜਾਤੀ ਦੇ ਹੋਣ ਕਾਰਨ ਇਸ ਵਿਆਹ ਦੇ ਖਿਲਾਫ ਸਨ, ਇਸ ਲਈ ਉਹ ਆਪਣੇ ਦੋਸਤ ਅਤੇ ਦੋਸਤ ਦੀ ਮਾਤਾ ਨੂੰ ਨਾਲ ਲੈ ਕੇ ਗਏ ਸਨ ਅਤੇ ਇਸ ਬਾਰੇ ਉਸ ਔਰਤ ਨੂੰ ਵੀ ਦੱਸ ਦਿੱਤਾ ਗਿਆ ਸੀ|