ਖਾਲੜਾ, 26 ਅਕਤੂਬਰ
ਮਾਰਸ਼ਲ ਨਿਊਜ਼


ਕਸਬਾ ਖਾਲੜਾ ਤੋਂ ਥੋੜ੍ਹੀ ਦੂਰ ਪੈਂਦੇ ਪਿੰਡ ਨਾਰਲਾ ਵਿਖੇ ਨਸ਼ੇ ਦਾ ਟੀਕਾ ਲਾਉਣ ਨਾਲ 25 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨ ਦੇ ਭਰਾ ਰਸ਼ਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸੁਖਦੇਵ ਸਿੰਘ ਦਾਣਾ ਮੰਡੀ ਭਿੱਖੀਵਿੰਡ ਵਿਖੇ ਪੱਲੇਦਾਰੀ ਦਾ ਕੰਮ ਕਰਦਾ ਹੈ। ਉਹ ਬੀਤੀ ਰਾਤ ਮੰਡੀ ‘ਚ ਕੰਮਕਾਰ ਕਰਨ ਤੋਂ ਬਾਅਦ ਰਾਤ ਆਪਣੇ ਘਰ ਪਿੰਡ ਨਾਰਲਾ ਵਿਖੇ ਆਇਆ ਅਤੇ ਘਰੋਂ ਕਿਸੇ ਕੰਮ ਲਈ ਬਾਹਰ ਚਲਾ ਗਿਆ ਪਰ ਰਾਤ ਘਰ ਵਾਪਸ ਨਹੀਂ ਆਇਆ, ਜਿਸ ਤੋਂ ਬਾਅਦ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਉਹ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਤੜਕਸਾਰ ਜਦੋਂ ਅਸੀਂ ਉਸ ਦੀ ਭਾਲ ਲਈ ਘਰੋਂ ਨਿਕਲੇ ਤਾਂ ਉਸ ਦੀ ਲਾਸ਼ ਪਿੰਡ ਦੇ ਹੀ ਜੰਝਘਰ ‘ਚੋਂ ਸਾਨੂੰ ਮਿਲੀ ਅਤੇ ਉਸ ਦੀ ਖੱਬੀ ਬਾਂਹ ‘ਤੇ ਟੀਕੇ ਦਾ ਨਿਸ਼ਾਨ ਸੀ।
ਮ੍ਰਿਤਕ ਦੇ ਭਰਾ ਰਸ਼ਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਮੌਤ ਨਸ਼ੇ ਦਾ ਟੀਕਾ ਲਾਉਣ ਨਾਲ ਹੀ ਹੋਈ ਹੈ। ਅੱਜ ਤੋਂ ਪਹਿਲਾਂ ਵੀ ਪਿੰਡ ਨਾਰਲਾ ਵਿਖੇ ਨਸ਼ੇ ਕਾਰਣ ਤਿੰਨ ਤੋਂ ਚਾਰ ਮੌਤਾਂ ਹੋ ਚੁੱਕੀਆਂ ਹਨ। ਇਸ ਮੌਕੇ ਪਿੰਡ ਦੇ ਹੀ ਨੌਜਵਾਨ ਕੰਵਲਜੀਤ ਸਿੰਘ ਨੇ ਦੱਸਿਆ ਕਿ ਇਹ ਬਹੁਤ ਗਰੀਬ ਪਰਿਵਾਰ ਹੈ ਅਤੇ ਇਹ ਨੌਜਵਾਨ ਭਿੱਖੀਵਿੰਡ ਵਿਖੇ ਦਾਣਾ ਮੰਡੀ ‘ਚ ਪੱਲੇਦਾਰੀ ਦਾ ਕੰਮ ਕਰਦਾ ਹੈ। ਪਹਿਲਾਂ ਤੋਂ ਛੋਟਾ ਮੋਟਾ ਨਸ਼ਾ ਕਰਦਾ ਸੀ ਪਰ ਬੀਤੀ ਰਾਤ ਇਸ ਦੀ ਮੌਤ ਸਿੰਥੈਟਿਕ ਨਸ਼ੇ ਨਾਲ ਹੋਈ ਹੈ। ਇਸ ਘਟਨਾ ਸਬੰਧੀ ਥਾਣਾ ਦੇ ਐੱਸ.ਐੱਚ.ਓ. ਹਰਪ੍ਰੀਤ ਸਿੰਘ ਵਿਰਕ ਨੇ ਕਿਹਾ ਕਿ ਜਾਣਕਾਰੀ ਮਿਲਣ ਉਪਰੰਤ ਪੁਲਸ ਟੀਮ ਨਾਲ ਮੌਕੇ ‘ਤੇ ਪੁੱਜਾ ਹਾਂ ਪਰਿਵਾਰ ਵਲੋਂ ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਦੀ ਮੌਤ ਦਾ ਕਾਰਣ ਵਧੇਰੇ ਸ਼ਰਾਬ ਦਾ ਸੇਵਨ ਦੱਸਿਆ ਜਾ ਰਿਹਾ ਹੈ। ਫਿਰ ਵੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਧਾਰਾ 174 ਸੀ.ਆਰ.ਪੀ.ਸੀ. ਅਧੀਨ ਕਾਰਵਾਈ ਕਰ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਜਿਸ ਦੀ ਰਿਪੋਰਟ ਆਉਣ ‘ਤੇ ਲੋੜੀਂਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।