27 ਪਰਿਵਾਰਾਂ ਨੂੰ ਕੀਤਾ ਇਕਾਂਤਵਾਸ
ਮੁੱਲਾਂਪੁਰ ਗਰੀਬਦਾਸ,18 ਅਪ੍ਰੈਲ-
ਕਸਬਾ ਨਵਾਂਗਰਾਉਂ ਵਿਖੇ ਕੋਰੋਨਾ ਵਾਇਰਸ ਦਾ ਦੂਜਾ ਮਾਮਲਾ ਸਾਹਮਣੇ ਆਉਣ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕੋਰੋਨਾ ਦਾ ਦੂਜਾ ਮਰੀਜ ਸੁਨੀਲ ਜੋ ਕਿ ਆਦਰਸ਼ ਨਗਰ ਦਾ ਰਹਿਣ ਵਾਲਾ ਹੈ। ਪ੍ਰਸਾਸਨ ਵਲੋਂ ਆਦਰਸ ਨਗਰ ਪੂਰੀ ਤਰ੍ਹਾਂ ਸੀਲ੍ਹ ਕਰ ਦਿੱਤਾ ਗਿਆ ਹੈ। ਇਸ ਮੌਕੇ ਸਿਹਤ ਵਿਭਾਗ ਦੇ ਐਸ ਐਮ ਓ ਕੁਲਜੀਤ ਕੌਰ ਤੇ ਦਿਲਬਾਗ ਸਿੰਘ ਤੇ ਡਾਕਟਰ ਹਰਮਨ ਦੀ ਅਗਵਾਈ ਵਿਚ ਟੀਮ ਆਦਰਸ ਨਗਰ ਪਹੁੰਚੀ, ਜਿਥੇ ਉਹਨਾਂ ਵਲੋਂ ਸੁਨੀਲ ਦੇ ਸੰਪਰਕ ਵਿਚ ਆਏ ਹੋਏ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਦੀ ਟੀਮ ਵਲੋਂ ਸੁਨੀਲ ਦੇ ਚਾਰ ਪਰਿਵਾਰਕ ਮੈਂਬਰਾਂ ਦੇ ਕੋਰੋਨਾ ਟੈਸਟ ਲਏ ਗਏ ਹਨ ਤੇ ਸੈਂਪਲ ਚੰਡੀਗੜ੍ਹ ਪੀ ਜੀ ਆਈ ਵਿਖੇ ਭੇਜੇ ਗਏ ਹਨ। ਇਸ ਮੌਕੇ ਐਸ ਐਮ ਓ ਦਿਲਬਾਗ ਸਿੰਘ ਨੇ ਆਖਿਆ ਕਿ ਕੋਰੋਨਾ ਮਰੀਜ ਦੀ ਮਾਤਾ, ਪਤਨੀ, ਸਾਲਾ ਤੇ 1ਮਹੀਨੇ ਦੀ ਬੱਚੀ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਉਹਨਾਂ ਦੀ ਪੁਸਟੀ ਕੀਤੀ ਜਾਵੇਗੀ। ਸੁਨੀਲ ਜੋ ਕਿ ਤਿੰਨ ਮੰਜਲਾਂ ਇਮਾਰਤ ਵਿਚ ਰਹਿੰਦਾ ਹੈ, ਸਿਹਤ ਵਿਭਾਗ ਵਲੋਂ 27 ਪਰਿਵਾਰਾਂ ਨੂੰ ਆਈਸੋਲੇਸਨ ਵਿਚ ਰੱਖਿਆ ਗਿਆ ਹੈ। ਇੰਸਪੈਕਟਰ ਅਸੋਕ ਕੁਮਾਰ ਵਲੋਂ ਆਦਰਸ ਨਗਰ ਨੂੰ ਚਾਰੇ ਪਾਸੇ ਤੋਂ ਸੀਲ੍ਹ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ,ਕਿ ਆਪਣੇ ਘਰਾਂ ਵਿਚ ਰਹਿ ਕੇ ਸਮਾਂ ਬਤੀਤ ਕੀਤਾ ਜਾਵੇ।