ਮਾਜਰੀ13 ਸਤੰਬਰ (ਮਾਰਸ਼ਲ ਨਿਊਜ਼) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਂ ਗੁਰਵਿੰਦਰ ਸਿੰਘ ਸੰਯੁਕਤ ਡਾਇਰੈਕਟਰ (ਵਿਸਥਾਰ ਅਤੇ ਟਰੇਨਿੰਗ) ਵਲੋਂ ਆਤਮਾ ਸਕੀਮ ਅਧੀਨ ਬਲਾਕ ਮਾਜਰੀ ਵਿੱਚ ਬਿਜਵਾਏ ਨਰਮੇ, ਮੂੰਗਫਲੀ ਅਤੇ ਤਿੱਲਾਂ ਦੇ ਪ੍ਰਦਰਸ਼ਨੀ ਪਲਾਂਟਾਂ ਦਾ ਨਿਰੀਖਣ ਕਰਨ ਲਈ ਪਿੰਡ ਸੰਗਾਲਾ ਅਤੇ ਨੰਗਲੀਆ ਦਾ ਦੌਰਾ ਕੀਤਾ।ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਖੇਤੀ ਵਿੱਚ ਵਿਭਿੰਨਤਾ ਲਿਆਉਣ ਅਤੇ ਪਾਣੀ ਦੀ ਬੱਚਤ ਲਈ ਝੋਨੇ ਹੇਠੋਂ ਰਕਬਾ ਘਟਾਉਣ ਲਈ ਕੰਢੀ ਖੇਤਰ ਵਿੱਚ ਨਰਮੇ-ਕਪਾਹ,ਮੂੰਗਫਲੀ,ਮੱਕੀ ਅਤੇ ਤਿੱਲਾਂ ਦੀ ਕਾਸ਼ਤ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਣਕ ਝੋਨੇ ਦੇ ਫਸਲੀ ਚੱਕਰ ਕਾਰਨ ਮਿੱਟੀ ਦੀ ਸਿਹਤ ਦੇ ਖਰਾਬ ਹੋਣ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਥੱਲੇ ਜਾਣ ਦੇ ਨਾਲ-ਨਾਲ ਪਰਾਲੀ ਸਾੜਨ ਕਰਕੇ ਹਵਾਂ ਦੇ ਪ੍ਰਦੂਸ਼ਣ ਵਿੱਚ ਵੀ ਵਾਧਾ ਹੋਇਆ ਹੈ।ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਨਰਮੇ, ਮੂੰਗਫਲੀ ਅਤੇ ਤਿੱਲਾ ਦੀ ਫਸਲ ਇਸ ਸਮੇਂ ਵਧੀਆ ਹੈ। ਪਰ ਫਿਰ ਵੀ ਕੀੜੇ ਅਤੇ ਬਿਮਾਰੀਆਂ ਦੇ ਹਮਲੇ ਬਾਰੇ ਲਗਾਤਾਰ ਸਰਵੇਖਣ ਕਰਦੇ ਰਹਿਣਾ ਪਵੇਗਾ।ਇਸ ਮੌਕੇ ਡਾਂ ਦਲਜੀਤ ਸਿੰਘ ਜਿਲ੍ਹਾ ਸਿਖਲਾਈ ਅਫਸਰ ਨੇ ਦੱਸਿਆ ਕਿ ਆਤਮਾ ਸਕੀਮ ਅਧੀਨ ਝੋਨੇ ਦੀ ਸਿੱਧੀ ਬਿਜਾਈ, ਮੱਕੀ, ਨਰਮਾ,ਮੂੰਗਫਲੀ ਅਤੇ ਤਿੱਲਾਂ ਦੀ ਬਿਜਾਈ ਦੇ ਪ੍ਰਦਰਸ਼ਨੀ ਪਲਾਂਟ ਕਿਸਾਨਾਂ ਦੇ ਖੇਤਾਂ ਵਿਚ ਜਾਕੇ ਸਟਾਫ ਵੱਲੋਂ ਬਿਜਵਾਏ ਗਏ ਅਤੇ ਕਿਸਾਨਾਂ ਨੂੰ ਸਮੇਂ-ਸਮੇਂ ਤੇ ਜਾਕੇ ਵਧੇਰੇ ਝਾੜ ਲੈਣ ਲਈ ਤਕਨੀਕੀ ਕਾਸ਼ਤਕਾਰੀ ਢੰਗਾਂ ਬਾਰੇ ਜਾਣਕਾਰੀ ਦਿੱਤੀ ਗਈ।ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਮਾਜਰੀ ਬਲਾਕ ਵਿਚ ਪਾਣੀ ਦੀ ਘਾਟ ਹੈ ਅਗਰ ਨਰਮੇ ਅਤੇ ਮੂੰਗਫਲੀ ਦੀਆਂ ਫਸਲ ਤੋਂ ਕਿਸਾਨਾਂ ਨੂੰ ਵਧੀਆ ਆਮਦਨ ਹੁੰਦੀ ਹੈ ਤਾਂ ਕਿਸਾਨ ਇਸ ਨੂੰ ਜਰੂਰ ਅਪਨਾਉਣਗੇ। ਇਸ ਮੌਕੇ ਕਿਸਾਨ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ ਨਰਮੇ ਦੀ ਬਿਜਾਈ 6 ਜੂਨ ਨੂੰ ਕਰਵਾਈ ਸੀ। ਹੁਣ ਤੱਕ ਨਰਮੇ ਨੂੰ ਇਕ ਹੀ ਪਾਣੀ ਦਿੱਤਾ ਹੈ।ਇਸ ਦੀ ਬਿਜਾਈ ਕਰਨ ਨਾਲ ਝੋਨੇ ਦੇ ਮੁਕਾਬਲੇ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ ਅਤੇ ਜੋ ਆਵਾਰਾ ਪਸ਼ੂ ਮੱਕੀ ਦੀਆਂ ਫਸਲਾਂ ਦਾ ਨੁਕਸਾਨ ਕਰਦੇ ਹਨ, ਇਸ ਦੀ ਬਿਜਾਈ ਕਰਨ ਨਾਲ ਇਹ ਸਮੱਸਿਆ ਦਾ ਹੱਲ ਵੀ ਹੁੰਦਾ ਹੈ ਇਸ ਲਈ ਇਹ ਝੋਨੇ ਅਤੇ ਮੱਕੀ ਦਾ ਵਧੀਆ ਬਦਲ ਹੋ ਸਕਦਾ ਹੈ। ਇਸ ਮੌਕੇ ਕੁਲਵਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਨੰਗਲੀਆ ਨੇ ਦੱਸਿਆ ਕਿ ਇਸ ਸਾਲ ਪੰਜ ਏਕੜ ਵਿੱਚ ਮੂੰਗਫਲੀ ਅਤੇ ਦੋ ਏਕੜ ਰਕਬੇ ਵਿੱਚ ਤਿੱਲਾਂ ਦੀ ਬਿਜਾਈ ਵਿਭਾਗ ਦੇ ਕਹਿਣ ਤੇ ਕੀਤੀ ਹੈ ਅਗਰ ਇਹ ਕਾਮਯਾਬ ਹੁੰਦੀ ਹੈ ਤਾਂ ਅਗਲੇ ਸਾਲ ਵੱਧ ਬਿਜਾਈ ਕੀਤੀ ਜਾਵੇਗੀ। ਇਸ ਮੌਕੇ ਵਿਭਾਗ ਦੇ ਕੁਲਦੀਪ ਸਿੰਘ,ਸੁਖਦੇਵ ਸਿੰਘ ਏ ਐਸ ਆਈ,ਗੁਰਚਰਨ ਸਿੰਘ ਟੈਕਨੀਸ਼ੀਅਨ,ਜਸਵੰਤ ਸਿੰਘ ਅਤੇ ਸਵਿੰਦਰ ਕੁਮਾਰ ਏ ਟੀ ਐਮ ਹਾਜਰ ਸਨ।