ਐਸ.ਏ.ਐਸ. ਨਗਰ, 9 ਦਸੰਬਰ:
ਜ਼ਿਲੇ ਦੇ ਸ਼ਹਿਰਾਂ ਨੂੰ ਸਫ਼ਾਈ ਅਤੇ ਕੂੜੇ ਨੂੰ ਵੱਖੋ-ਵੱਖ ਕਰਨ ਪ੍ਰਤੀ ਜਾਗਰੂਕ ਕਰਨ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਦੀਆਂ ਹਦਾਇਤਾਂ ’ਤੇ ਨਗਰ ਕੌਂਸਲ ਖਰੜ ਵਲੋਂ ਪਹਿਲਕਦਮੀ ਕਰਦਿਆਂ ਗਿੱਲੇ-ਸੁੱਕੇ ਕੂੜੇ ਨੂੰ ਵੱਖੋ-ਵੱਖ ਦੋ ਕੂੜੇਦਾਨਾਂ ’ਚ ਪਾ ਕੇ ਸੈਲਫ਼ੀ ਲੈਣ ਵਾਲੇ ਵਿਅਕਤੀ ਨੂੰ ਮੁਫ਼ਤ ਜੈਵਿਕ ਖਾਦ ਦੇਣ ਦੀ ਸਕੀਮ ਸ਼ੁਰੂ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਨਗਰ ਕੌਂਸਲ ਖਰੜ ਵਲੋਂ ਤਿਆਰ ਹੋ ਰਹੀ ਜੈਵਿਕ ਖਾਦ ਘਰੇਲੂ ਬਗ਼ੀਚਿਆਂ ਅਤੇ ਗਮਲਿਆਂ ਲਈ ਮੁਫ਼ਤ ਹਾਸਲ ਕੀਤੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਮੁਫ਼ਤ ਖਾਦ ਲੈਣ ਲਈ ਲੋਕਾਂ ਨੂੰ ਘਰੇਲੂ ਗਿੱਲੇ-ਸੁੱਕੇ ਕੂੜੇ ਨੂੰ ਵੱਖ ਕਰਕੇ ਆਪਣੇ ਘਰਾਂ ਵਿੱਚ ਦੋ ਵੱਖ-ਵੱਖ ਕੂੜੇਦਾਨਾਂ ਵਿੱਚ ਪਾਉਣਾ ਹੋਵੇਗਾ ਅਤੇ ਉਸ ਦੀ ਸੈਲਫ਼ੀ ਲੈ ਕੇ ਕੌਂਸਲ ਦੇ ਕੰਪੋਸਟ ਸ਼ੈੱਡ ਉਤੇ ਦਿਖਾਉਣੀ ਪਵੇਗੀ। ਉਨਾਂ ਦੱਸਿਆ ਕਿ 10 ਦਸੰਬਰ ਤੋਂ ਸ਼ੁਰੂ ਹੋ ਕੇ ਹਫ਼ਤਾ ਭਰ ਚੱਲਣ ਵਾਲੀ ਇਸ ਮੁਹਿੰਮ ਤਹਿਤ ਨਗਰ ਵਾਸੀ ਇਹ ਸੈਲਫ਼ੀ ਕੰਪੋਸਟ ਸ਼ੈੱਡ ਵਿਖੇ ਦਿਖਾ ਕੇ ਆਪਣੀ ਲੋੜ ਮੁਤਾਬਕ ਜੈਵਿਕ ਖਾਦ ਮੁਫ਼ਤ ਪ੍ਰਾਪਤ ਕਰ ਸਕਦੇ ਹਨ।
ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸ਼੍ਰੀ ਕੁਲਬੀਰ ਸਿੰਘ ਬਰਾੜ ਨੇ ਦੱਸਿਆ ਕਿ ਲੋਕਾਂ ਵਿਚ ਸਫ਼ਾਈ ਸਬੰਧੀ ਜਾਗਰੂਕਤਾ ਵਧਾਉਣ ਲਈ ਅਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਘਰੋ-ਘਰੀ ਗਿੱਲਾ-ਸੁੱਕਾ ਕੂੜਾ ਵੱਖ-ਵੱਖ ਰੱਖਣ ਦੀ ਆਦਤ ਲੋਕਾਂ ’ਚ ਪ੍ਰਚੱਲਤ ਕਰਨ ਲਈ ਇਹ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਦੌਰਾਨ ਕੌਂਸਲ ਪ੍ਰਧਾਨ ਸ਼੍ਰੀਮਤੀ ਅੰਜੂ ਚੰਦਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਰੇਲੂ ਕੂੜੇ ਨੂੰ ਗਿੱਲੇ ਅਤੇ ਸੁੱਕੇ ਵਜੋਂ ਵੱਖਰਾ ਕਰਨ ਨਾਲ ਇਹ ਵਡਮੁੱਲਾ ਸਾਧਨ ਬਣ ਜਾਂਦਾ ਹੈ ਜਿਸ ਤੋਂ ਕੌਂਸਲ ਮਸ਼ੀਨਾਂ ਰਾਹੀਂ ਜੈਵਿਕ ਖਾਦ ਤਿਆਰ ਕਰ ਰਹੀ ਹੈ। ਉਨਾਂ ਸ਼ਹਿਰ ਵਾਸੀਆਂ ਨੂੰ ਮੁਹਿੰਮ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਦੀ ਅਪੀਲ ਵੀ ਕੀਤੀ।

LEAVE A REPLY

Please enter your comment!
Please enter your name here