ਸ਼੍ਰੀਨਗਰ
ਮਾਰਸ਼ਲ ਨਿਊਜ਼ –


ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੇ ਭਰਾ ਮੁਸਤਫਾ ਕਮਾਲ ਅਤੇ ਭੈਣ ਖਾਲਿਦਾ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਧਾਰਾ-370 ਹਟਣ ਤੋਂ ਬਾਅਦ ਹੀ ਦੋਹਾਂ ਨੂੰ ਨਜ਼ਬੰਦ ਕੀਤਾ ਗਿਆ ਸੀ। ਜਦਕਿ ਫਾਰੂਕ ਅਬਦੁੱਲਾ ਅਤੇ ਉਨ੍ਹਾਂ ਦੇ ਬੇਟੇ ਉਮਰ ਅਬਦੁੱਲਾ ਹਾਲੇ ਵੀ ਨਜ਼ਰਬੰਦ ਹਨ। ਜਾਣਕਾਰੀ ਅਨੁਸਾਰ ਘਾਟੀ ਦੇ ਸੀਨੀਅਰ ਨੇਤਾਵਾਂ ਦੀ ਨਜ਼ਰਬੰਦੀ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਕਸ਼ਮੀਰ ‘ਚ ਹਾਲਾਤ ਆਮ ਨਹੀਂ ਹੋ ਜਾਂਦੇ| ਸਿਵਲ ਸੋਸਾਇਟੀ ਦੀਆਂ ਕੁਝ ਪ੍ਰਮੁੱਖ ਮਹਿਲਾ ਮੈਂਬਰਾਂ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦੇ ਵਿਰੋਧ ‘ਚ ਪ੍ਰਦਰਸ਼ਨ ਕੀਤਾ ਸੀ। ਰੈਸੀਡੈਂਸੀ ਰੋਡ ਸਥਿਤ ਪ੍ਰੇਮ ਇੰਕਲੇਵ ਏਰੀਆ ‘ਚ ਸ਼ਾਂਤੀਪੂਰਨ ਪ੍ਰਦਰਸ਼ਨ ਦੌਰਾਨ ਕੁਝ ਲੋਕਾਂ ਨੂੰ ਹਿਰਾਸਤ ‘ਚ ਵੀ ਲਿਆ ਗਿਆ ਸੀ।
ਪ੍ਰਦਰਸ਼ਨ ‘ਚ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੀ ਭੈਣ ਸੁਰੈਯਾ ਅਬਦੁੱਲਾ, ਉਨ੍ਹਾਂ ਦੀ ਬੇਟੀ ਸਾਫੀਆ ਅਬਦੁੱਲਾ, ਜੰਮੂ-ਕਸ਼ਮੀਰ ਦੇ ਸਾਬਕਾ ਚੀਫ ਜਸਟਿਸ ਬਸ਼ੀਰ ਅਹਿਮਦ ਖਾਨ ਦੀ ਪਤਨੀ ਹਵਾ ਬਸ਼ੀਰ ਅਤੇ ਹੋਰ ਪ੍ਰਮੁੱਖ ਔਰਤਾਂ ਸ਼ਾਮਲ ਸਨ। ਇਸ ਤੋਂ ਬਾਅਦ ਉਮਰ ਅਬਦੁੱਲਾ ਦੀ ਭੈਣ ਨੂੰ ਹਿਰਾਸਤ ‘ਚ ਲਿਆ ਗਿਆ ਸੀ, ਨਾਲ ਹੀ ਕੁਝ ਲੋਕਾਂ ਨੂੰ ਨਜ਼ਰਬੰਦ ਕੀਤਾ ਗਿਆ ਸੀ।