ਮੁੱਲਾਂਪੁਰ ਗਰੀਬਦਾਸ, 21 ਜੁਲਾਈ ਮਾਰਸ਼ਲ ਨਿਊਜ਼ ) – ਚੰਡੀਗੜ੍ਹ ਪੈਰੀਫੇਰੀ ਮਿਲਕਮੈਨ ਯੂਨੀਅਨ ਨੇ ਪਿੰਡ ਕੰਬਾਲਾ ਦੇ ਦੋਧੀ ਸੁਖਦੇਵ ਸਿੰਘ ਦੀ ਬੇਵਕਤੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਯੂਨੀਅਨ ਦੇ ਸਰਪ੍ਰਸਤ ਹਾਕਮ ਸਿੰਘ ਮਨਾਣਾ,ਪ੍ਰਧਾਨ ਤੀਰਥ ਰਾਮ ਗੋਚਰ, ਜਨਰਲ ਸਕੱਤਰ ਜਗਦੀਸ਼ ਸਿੰਘ ਗੜੌਲੀਆਂ ਅਤੇ ਮੀਤ ਪ੍ਰਧਾਨ ਅਮਰਜੀਤ ਸਿੰਘ ਨੇ ਇਥੇ ਜਾਰੀ ਕੀਤੇ ਸਾਂਝੇ ਬਿਆਨ ਰਾਹੀ ਮੰਗ ਕੀਤੀ ਹੈ ਕਿ ਦੋਧੀ ਸੁਖਦੇਵ ਸਿੰਘ ਦੀ ਮੌਤ ਲਈ ਜਿੰਮੇਵਾਰ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ । ਉਨਾ ਕਿਹਾ ਕਿ ਦੋਸ਼ੀਆਂ ਨੇ ਦੋਧੀ ਸੁਖਦੇਵ ਸਿੰਘ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਬਜਾਏ ਮਾਰ ਕੇ ਖੇਤਾਂ ਵਿੱਚ ਸੁੱਟ ਦਿੱਤਾ ਅਤੇ ਆਪ ਫਰਾਰ ਹੋ ਗਏ । ਸੁਖਦੇਵ ਸਿੰਘ ਹਰ ਰੋਜ਼ ਦੀ ਤਰ੍ਹਾਂ ਸ਼ਾਮ ਨੂੰ ਦੁੱਧ ਪਾ ਕੇ ਸਾਈਕਲ ਉੱਤੇ ਆਪਣੇ ਘਰ ਨੂੰ ਜਾ ਰਿਹਾ ਸੀ । ਯੂਨੀਅਨ ਨੇ ਕਿਹਾ ਕਿ ਦੋਸ਼ੀਆਂ ਦਾ ਇਰਾਦਾ ਸੁਖਦੇਵ ਸਿੰਘ ਨੂੰ ਜਾਨੋ ਮਾਰਨ ਦਾ ਸੀ ਜਿਸ ਕਰਕੇ ਉਹਨਾਂ ਨੇ ਉਸਨੂੰ ਕਾਰ ਵਿੱਚ ਪਾ ਕੇ ਮਾਰਨ ਤੋਂ ਬਾਅਦ ਅੱਗੇ ਜਾ ਕੇ ਖੇਤਾਂ ਵਿੱਚ ਸੁੱਟ ਦਿੱਤਾ । ਇਸ ਤੋਂ ਲੱਗਦਾ ਹੈ ਕਿ ਕਾਨੂੰਨ ਦੀ ਹਾਲਤ ਬਹੁਤ ਮਾੜੀ ਹੈ ਅਤੇ     ਆਮ ਇਨਸਾਨ ਦੀ ਜਾਨ ਸੁਰੱਖਿਅਤ ਨਹੀਂ ਹੈ । ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਕਤਲ ਮੁਕਦਮਾ ਦਰਜ ਕਰਕੇ ਕਾਨੂੰਨ ਅਨੁਸਾਰ ਸਖਤ ਸਜਾ ਦਿੱਤੀ ਜਾਵੇ ਅਤੇ ਮ੍ਰਿਤਕ ਸੁਖਦੇਵ ਸਿੰਘ ਦੇ ਪਰਿਵਾਰ ਨੂੰ ਯੋਗ ਮੁਆਵਜਾ ਦਿੱਤਾ ਜਾਵੇ ਨਹੀਂ ਤਾਂ ਯੂਨੀਅਨ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।