ਸ੍ਰ:ਖੇੜਾ ਨੇ ਕਿਹਾ, ਪਰਮਿੰਦਰ ਸਿੰਘ ਦੇ ਪਰਿਵਾਰ ਨਾਲ ਉਨ੍ਹਾਂ ਦੀ ਨਹੀਂ ਕੋਈ ਕਾਰੋਬਾਰੀ ਸਾਂਝ
ਕੁਰਾਲੀ, 27 ਅਗਸਤ (ਮਾਰਸ਼ਲ ਨਿਊਜ਼) : ਕੁਰਾਲੀ ਸ਼ਹਿਰ ਦੀ ਦੁਸ਼ਕਰਮ ਦਾ ਸ਼ਿਕਾਰ ਹੋਈ ਲਗਭਗ 14 ਸਾਲਾਂ ਦੀ ਨਬਾਲਿਗ ਨਾਲ ਹੋਈ ਧੱਕੇਸ਼ਾਹੀ ਵਿੱਚ ਕੁਝ ਸਿਆਸੀ ਪਾਰਟੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਮੈਂਬਰ ਅਜਮੇਰ ਸਿੰਘ ਖੇੜਾ ਦਾ ਸਿਆਸੀ ਅਕਸ ਖਰਾਬ ਕਰਨ ਦੇ ਉਦੇਸ਼ ਨਾਲ ਇਸ ਮਾਮਲੇ ਵਿੱਚ ਉਨ੍ਹਾਂ ਦਾ ਨਾਮ ਲਏ ਜਾਣ ਅਤੇ ਪੀੜਤ ਲੜਕੀ ਅਤੇ ਉਸ ਦੇ ਪਰਿਵਾਰ ਨੂੰ ਉਨ੍ਹਾਂ ਵੱਲੋਂ ਧਮਕੀਆਂ ਦੇਣ ਦੇ ਦੋਸ਼ ਲਗਾਏ ਜਾਣ ਤੇ ਅੱਜ ਅਜਮੇਰ ਸਿੰਘ ਖੇੜਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਾਣਾ ਰਣਜੀਤ ਸਿੰਘ ਗਿੱਲ ਦੀ ਹਾਜ਼ਰੀ ਵਿੱਚ ਸਥਾਨਕ ਸ਼ਹਿਰ ਦੇ ਅਕਾਲੀ ਆਗੂ ਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਦਵਿੰਦਰ ਠਾਕਰ ਦੇ ਦਫਤਰ ਵਿੱਚ ਇੱਕ ਪ੍ਰੈਸ ਕਾਨਫਰੇਂਸ ਕੀਤੀ ਗਈ । ਜਿਸ ਵਿੱਚ ਉਨ੍ਹਾਂ ਆਪਣੀ ਸਫਾਈ ਪੇਸ਼ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਕੁਰਾਲੀ ਸ਼ਹਿਰ ਦੀ ਲਗਭਗ 14 ਸਾਲਾਂ ਦੀ ਨਬਾਲਿਗ ਲੜਕੀ ਨਾਲ ਜੋ ਮੰਦਭਾਗੀ ਘਟਨਾ ਹੋਈ ਹੈ ਉਸ ਤੇ ਉਹ ਨਾ ਸਿਰਫ ਅਫਸੋਸ ਜਾਹਿਰ ਕਰਦੇ ਹਨ ਬਲਕਿ ਉਹ ਕਹਿਣਾ ਚਾਹੁੰਦੇ ਹਨ ਕਿ ਇਹ ਛੋਟੀ ਬੱਚੀ ਉਨ੍ਹਾਂ ਦੀ ਧੀਆਂ ਸਮਾਨ ਹੈ ਤੇ ਉਹ ਪ੍ਰਸ਼ਾਸ਼ਨ ਤੋਂ ਮੰਗ ਕਰਦੇ ਹਨ ਕਿ ਇਸ ਧੀ ਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਹੈ । ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਬਾਬ ਦਿੰਦਿਆਂ ਕਿਹਾ ਕਿ ਇਸ ਦੂਸ਼ਕਰਮ ਕਾਂਡ ਵਿੱਚ ਪੁਲਿਸ ਵੱਲੋਂ ਜੋ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ ਉਹ ਰਿਸ਼ਤੇ ਵਿੱਚ ਉਸ ਦਾ ਭਤੀਜਾ ਜਰੂਰ ਹੈ ਪਰ ਉਸ ਦਾ ਪਰਿਵਾਰ ਨਾ ਸਿਰਫ ਉਨ੍ਹਾਂ ਤੋਂ ਅੱਡ ਰਹਿੰਦਾ ਹੈ ਬਲਕਿ ਉਨ੍ਹਾਂ ਦਾ ਕਾਰੋਬਾਰ ਵੀ ਉਨ੍ਹਾਂ ਤੋਂ ਅੱਡ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਸਿਟੀ ਪੁਲਿਸ ਕੁਰਾਲੀ ਵੱਲੋਂ ਉਨ੍ਹਾਂ ਦੇ ਘਰ ਦਿਨ ਰਾਤ ਛਾਪੇ ਪਾਰੇ ਜਾਂ ਰਹੇ ਹਨ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਪੁਲਿਸ ਦੀ ਪੂਰੀ ਮਦਦ ਕੀਤੀ ਜਾ ਰਹੀ ਹੈ । ਇਸ ਦੌਰਾਨ ਉਨ੍ਹਾਂ ਪੀੜਤ ਲੜਕੀ ਦੇ ਪਰਿਵਾਰ ਨਾਲ ਹਮਦਰਦੀ ਜਾਹਰ ਕਰਦਿਆਂ ਕਿਹਾ ਕਿ ਉਹ ਖੁਦ ਤੇ ਉਨ੍ਹਾਂ ਦਾ ਸਮੂਹ ਪਰਿਵਾਰ ਇਸ ਦੁਖ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਨਾਲ ਖੜਾ ਹੈ ਤੇ ਉਨਹ ਚਾਹੁੰਦੇ ਹਨ ਕਿ ਦੂਸ਼ਕਰਮ ਦੀ ਸ਼ਿਕਾਰ ਮਾਸੂਮ ਬੱਚੀ ਅਤੇ ਉਸਦੇ ਪਰਿਵਾਰ ਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਹੈ ਤੇ ਦੂਸ਼ਕਰਮ ਦੀ ਘਿਨਾਉਣੀ ਹਰਕਤ ਕਰਨ ਵਾਲੇ ਦੋਸ਼ੀ ਵਿਅਕਤੀ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਹੈ ਭਾਵੇ ਉਹ ਵਿਅਕਤੀ ਕਿਸੇ ਵੀ ਸਿਆਸੀ ਜਾ ਧਨਾਢ ਘਰਾਣੇ ਨਾਲ ਹੀ ਸਬੰਧ ਕਿਉਂ ਨਾ ਰਖਦਾ ਹੋਵੇ । ਆਖਿਰ ਵਿੱਚ ਉਨ੍ਹਾਂ ਭਰੇ ਮਨ ਨਾਲ ਪੱਤਰਕਾਰਾਂ ਰਾਹੀਂ ਆਪਣੇ ਭਤੀਜੇ ਪਰਮਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਜਿਥੇ ਕਿਤੇ ਵੀ ਹੈ ਉਹ ਜਲਦ ਤੋਂ ਜਲਦ ਪੁਲਿਸ ਅੱਗੇ ਪੇਸ਼ ਹੋਕੇ ਆਪਣਾ ਪੱਖ ਰੱਖੇ ਕਿਉਕਿ ਜ਼ੇਕਰ ਉਹ ਨਿਰਦੋਸ਼ ਹੈ ਤਾਂ ਵੀ ਆਪਣਾ ਪੱਖ ਰਖੇ ਉਹ ਬਿਨਾ ਪੇਸ਼ ਹੋਏ ਆਪਣੇ ਆਪ ਨੂੰ ਨਿਰਦੋਸ਼ ਸਾਬਤ ਨਹੀਂ ਕਰ ਸਕਦਾ ਤੇ ਉਹ ਇੱਕ ਬਾਰ ਫਿਰ ਤੋਂ ਕਹਿਣਾ ਚਾਹੁੰਦੇ ਹਨ ਕਿ ਦੁਸ਼ਕਰਮ ਦੀ ਸ਼ਿਕਾਰ ਮਾਸੂਮ ਲੜਕੀ ਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਹੈ । ਇਸ ਮੌਕੇ ਪੱਤਰਕਾਰਾਂ ਵੱਲੋਂ ਪੁਛੇ ਇੱਕ ਸਵਾਲ ਦਾ ਜਬਾਬ ਦਿੰਦਿਆਂ ਰਾਣਾ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ੀਪ ਦੂਸ਼ਕਰਮ ਦੀ ਸ਼ਿਕਾਰ ਮਾਸੂਮ ਲੜਕੀ ਅਤੇ ਉਸ ਦੇ ਪਰਿਵਾਰ ਨਾਲ ਖੜੀ ਹੈ ਤੇ ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜੇਕਰ ਉਨ੍ਹਾਂ ਨੂੰ ਸੜਕਾਂ ਤੇ ਉਤਰਨਾ ਪਿਆ ਤੇ ਉਨ੍ਹਾਂ ਦੀ ਸਮੂਹ ਲੀਡਰਸੀਪ ਉਸ ਤੋਂ ਵੀ ਗੁਰੇਜ਼ ਨਹੀਂ ਕਰੇਗੀ । ਇਸ ਮੌਕੇ ਸ਼੍ਰੋ.ਗੁ.ਪ੍ਰ.ਕਮੇਟੀ ਮੈਂਬਰ ਚਰਨਜੀਤ ਸਿੰਘ ਚੰਨਾ ਕਾਲੇਵਾਲ, ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਦਵਿੰਦਰ ਠਾਕਰ, ਅਮਰਜੀਤ ਸਿੰਘ ਕੰਸਾਲਾ ਤੇ ਸਰਬਜੀਤ ਸਿੰਘ ਕਾਦੀਮਾਜਰਾ ਆਦਿ ਹਾਜਰ ਸਨ ।