ਕੁਰਾਲੀ, 7 ਮਈ : ਕਿਸੇ ਅਣਜਾਣ ਇਨਸਾਨ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਗਈ ਜਾਨ ਨੂੰ ਕੁਰਬਾਨੀ ਤੋਂ ਘੱਟ ਨਹੀਂ ਗਿਣਿਆ ਜਾ ਸਕਦਾ..॥ ਸਵਰਗੀ ਦਵਿੰਦਰ ਸਿੰਘ ਮਾਹਲ ਵਲੋਂ ਚੁੱਕਿਆ ਗਿਆ ਇਹ ਦਲੇਰੀ ਭਰਿਆ ਕਦਮ ਇਲਾਕੇ ਦੇ ਲੋਕਾਂ ਨੂੰ ਹਮੇਸ਼ਾ ਯਾਦ ਰਹੇਗਾ..॥ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਆਫ ਪੰਜਾਬ ਦੇ ਮੀਤ ਪ੍ਰਧਾਨ ਅਤੇ ਸਵਰਗੀ ਦਵਿੰਦਰ ਸਿੰਘ ਮਾਹਲ ਦੇ ਨਜਦੀਕੀ ਰਿਸ਼ਤੇਦਾਰ ਬੱਬੂ ਮੋਹਾਲੀ ਵਲੋੰ ਪਰਿਵਾਰ ਨਾਲ ਅਫਸੋਸ ਕਰਦੇ ਸਮੇਂ ਕੀਤਾ ਗਿਆ..॥ ਜ਼ਿਕਰਯੋਗ ਹੈ ਕਿ ਪਿਛਲੀ ਪੰਜ ਤਰੀਕ ਨੂੰ ਪਿੰਡ ਸਿਲੋਮਾਸਕੋ ਦੀ ਔਰਤ ਵਲੋਂ ਖੁਦਕੁਸ਼ੀ ਕਰਨ ਲਈ ਚਮਕੌਰ ਸਾਹਿਬ ਦੀ ਕੱਚੀ ਨਹਿਰ ਵਿੱਚ ਪਿੰਡ ਭੋਜੇ ਮਾਜਰੇ ਦੇ ਪੁੱਲ ਤੋਂ ਛਲਾਂਗ ਮਾਰ ਦਿੱਤੀ..॥ ਜਿਸ ਨੂੰ ਰਾਹ ਜਾਂਦੇ ਲੋਕਾਂ ਨੇ ਦੇਖ ਲਿਆ ਅਤੇ ਕੁਝ ਨੌਜੁਆਨ ਉਸ ਔਰਤ ਨੂੰ ਬਚਾਉਣ ਲਈ ਨਹਿਰ ਵਿੱਚ ਉਤਰ ਗਏ..॥ ਉਸੇ ਸਮੇਂ ਭੀੜ ਵਿੱਚ ਖੜੇ ਕਿਸੇ ਵਿਅਕਤੀ ਵਲੋਂ ਭੋਜੇ ਮਾਜਰੇ ਦੇ ਵਸਨੀਕ ਦਵਿੰਦਰ ਸਿੰਘ ਮਾਹਲ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ..॥ ਘਰ ਵਿੱਚ ਕੰਮ ਅੱਧ ਵਿਚਕਾਰ ਛੱਡ ਕੇ ਇੱਕ ਦਮ ਆ ਕੇ ਔਰਤ ਨੂੰ ਬਚਾ ਰਹੇ ਨੌਜੁਆਨਾਂ ਦੀ ਮਦਦ ਕਰਨ ਲਈ ਅਤੇ ਔਰਤ ਨੂੰ ਬਚਾਉਣ ਲਈ ਨਹਿਰ ਵਿੱਚ ਛਲਾਂਗ ਲਗਾ ਦਿੱਤੀ..॥ ਪਿੰਡ ਦੇ ਕੁਝ ਨੌਜੁਆਨਾਂ ਵਲੋਂ ਦਵਿੰਦਰ ਸਿੰਘ ਨੂੰ ਨਹਿਰ ਵਿਚਕਾਰ ਤੈਰਦਿਆਂ ਵੇਖਿਆ ਗਿਆ ਪਰੰਤੂ ਦੂਜੇ ਨੌਜੁਆਨਾਂ ਵਲੋਂ ਲੋਕਾਂ ਦੀ ਮਦਦ ਨਾਲ ਔਰਤ ਨੂੰ ਕੱਢ ਲਿਆ ਗਿਆ ਜਿਸ ਕਾਰਨ ਸਭ ਦਾ ਧਿਆਨ ਔਰਤ ਨੂੰ ਹਸਪਤਾਲ ਲਿਜਾਉਣ ਵੱਲ ਹੋ ਗਿਆ..॥ ਦਵਿੰਦਰ ਸਿੰਘ ਨਾਲ ਨਹਿਰ ਵਿੱਚ ਕੀ ਵਾਪਰਿਆ ਇਸਦੀ ਜਾਣਕਾਰੀ ਕਿਸੇ ਨੂੰ ਵੀ ਨਹੀਂ..॥ ਜਦੋਂ ਕਈ ਘੰਟੇ ਬੀਤ ਜਾਣ ਤੋਂ ਬਾਅਦ ਵੀ ਜਦੋਂ ਦਵਿੰਦਰ ਸਿੰਘ ਘਰ ਨਾ ਪਰਤਿਆ ਤਾਂ ਉਸਦੇ ਵੱਡੇ ਭਰਾ ਗੁਰਿੰਦਰ ਸਿੰਘ ਵਲੋਂ ਪਿੰਡ ਦੇ ਨੌਜੁਆਨਾਂ ਨਾਲ ਰਲ ਕੇ ਭਾਲ ਸ਼ੁਰੂ ਕਰ ਦਿੱਤੀ ਗਈ..॥ ਦੱਸਣਯੋਗ ਹੈ ਕਿ ਦਵਿੰਦਰ ਸਿੰਘ ਉੱਤਮ ਕਿਸਮ ਦਾ ਤੈਰਾਕ ਸੀ ਅਤੇ ਪਹਿਲਾਂ ਵੀ ਬਿਨਾਂ ਕਿਸੇ ਪੈਸੇ ਜਾਂ ਲਾਲਚ ਤੋਂ ਕਈ ਲੋਕਾਂ ਦੀ ਜਾਨ ਬਚਾ ਚੁੱਕਾ ਹੈ ਜਿਸ ਕਾਰਨ ਪਿੰਡ ਵਾਲਿਆਂ ਨੂੰ ਯਕੀਨ ਹੀ ਨਹੀੰ ਸੀ ਆ ਰਿਹਾ ਕਿ ਦਵਿੰਦਰ ਸਿੰਘ ਡੁੱਬ ਸਕਦਾ ਹੈ..॥ ਖੈਰ ਕਈ ਦਿਨਾਂ ਦੀ ਮੁਸ਼ੱਕਤ ਤੋਂ ਬਾਅਦ 10 ਮਈ ਨੂੰ ਦਵਿੰਦਰ ਸਿੰਘ ਦੀ ਲਾਸ਼ ਉਸੇ ਨਹਿਰ ਵਿੱਚੋੰ ਮਿਲੀ..॥ ਜਿਸ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਛਾ ਗਈ..॥ ਇਸ ਮੌਕੇ ਬੱਬੂ ਮੋਹਾਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 19 ਮਈ ਦਿਨ ਮੰਗਲਵਾਰ ਨੂੰ ਸਵਰਗੀ ਦਵਿੰਦਰ ਸਿੰਘ ਮਾਹਲ ਦੀ ਅੰਤਿਮ ਅਰਦਾਸ ਕੀਤੀ ਜਾਵੇਗੀ..॥ ਪਰਿਵਾਰਕ ਮੈਂਬਰਾਂ ਵਲੋਂ ਕਰੋਨਾ ਵਰਗੀ ਮਹਾਂਮਾਰੀ ਨੂੰ ਦੇਖਦੇ ਹੋਏ ਸਮੂਹ ਰਿਸ਼ਤੇਦਾਰਾਂ ਸਾਕ ਸਬੰਧੀਆਂ ਨੂੰ ਬੇਨਤੀ ਕੀਤੀ ਗਈ ਇੱਕ ਇੱਕ ਮੈਂਬਰ ਹੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਵੇ ਤਾਂ ਕਿ ਇੱਕਠ ਨਾ ਕੀਤਾ ਜਾਵੇ ਅਤੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਹੋ ਸਕੇ..॥ ਇਸ ਮੌਕੇ ਬੱਬੂ ਮੋਹਾਲੀ ਨੇ ਦੱਸਿਆ ਕਿ ਦਵਿੰਦਰ ਸਿੰਘ ਮਾਹਲ ਵਲੋਂ ਕਿਸੇ ਅਣਜਾਣ ਇਨਸਾਨ ਦੀ ਜਾਨ ਬਚਾਉਣ ਲਈ ਦਿਖਾਈ ਦਲੇਰੀ ਲਈ ਯੂਥ ਆਫ ਪੰਜਾਬ ਵਲੋਂ ਦਵਿੰਦਰ ਸਿੰਘ ਮਾਹਲ ਦੀ ਮਾਤਾ ਜੀ ਦਾ ਸਨਮਾਨ ਵੀ ਕੀਤਾ ਜਾਵੇਗਾ ਕਿਉੰਕਿ ਦਵਿੰਦਰ ਸਿੰਘ ਵਲੋਂ ਕੀਤਾ ਗਿਆ ਕੰਮ ਇਨਸਾਨੀਅਤ ਲਈ ਇੱਕ ਮਿਸਾਲ ਹੈ ਜਿਸ ਕਾਰਨ ਦਵਿੰਦਰ ਸਿੰਘ ਮਾਹਲ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ..॥