ਕੁਰਾਲੀ, 20 ਮਈ :

ਜੈਲਦਾਰ ਸਤਵਿੰਦਰ ਸਿੰਘ ਚੈੜ੍ਹੀਆਂ
ਦਵਿੰਦਰ ਸਿੰਘ ਦੀ ਕੁਰਬਾਨੀ ਇਨਸਾਨੀਅਤ ਲਈ ਇੱਕ ਮਿਸਾਲ ਬਣ ਕੇ ਯਾਦ ਰਹੇਗੀ..॥ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀਂ ਆਗੂ ਅਤੇ ਉੱਘੇ ਖੇਡ ਪ੍ਰਮੋਟਰ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਦਵਿੰਦਰ ਸਿੰਘ ਦੀ ਆਤਮਿਕ ਸ਼ਾਂਤੀ ਲਈ ਗੁਰੂਦੁਆਰਾ ਸਾਹਿਬ ਪਿੰਡ ਭੋਜੇ ਮਾਜਰਾ ਵਿਖੇ ਰੱਖੇ ਗਏ ਸਹਿਜ ਪਾਠ ਦੇ ਭੋਗ ਪੈਣ ਉਪਰੰਤ ਸੰਗਤਾਂ ਨੂੰ ਸੰਬੋਧਨ ਕਰਦੇ ਸਮੇਂ ਕੀਤਾ। ਉਹਨਾਂ ਬੋਲਦੇ ਹੋਏ ਕਿਹਾ ਕਿ ਇੱਕ ਅਣਜਾਣ ਇਨਸਾਨ ਦੀ ਜਿੰਦਗੀ ਬਚਾਉਣ ਲਈ ਆਪਣੀ ਜਾਨ ਦੇ ਦੇਣੀ ਕੋਈ ਆਮ ਗੱਲ ਨਹੀਂ। ਦਵਿੰਦਰ ਸਿੰਘ ਵਲੋਂ ਕੀਤਾ ਗਿਆ ਇਹ ਕਾਰਨਾਮਾ ਇਨਸਾਨੀਅਤ ਲਈ ਮਿਸਾਲ ਹੈ..॥ ਜ਼ਿਕਰਯੋਗ ਹੈ ਕਿ ਪੰਜ ਮਈ ਨੂੰ ਇੱਕ ਵਿਆਹੁਤਾ ਔਰਤ ਵਲੋਂ ਖੁਦਕੁਸ਼ੀ ਕਰਨ ਲਈ ਚਮਕੌਰ ਸਾਹਿਬ ਵਿੱਚੋਂ ਲੰਘਦੀ ਕੱਚੀ ਨਹਿਰ ਵਿੱਚ ਛਲਾਂਗ ਮਾਰ ਦਿੱਤੀ ਜਿਸ ਉਪਰੰਤ ਦਵਿੰਦਰ ਸਿੰਘ ਨੇ ਉਸਦੀ ਜਾਨ ਬਚਾਉਣ ਲਈ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਨਹਿਰ ਵਿੱਚ ਛਲਾਂਗ ਮਾਰ ਦਿੱਤੀ। ਹੋਰਨਾਂ ਲੋਕਾਂ ਦੀ ਮਦਦ ਨਾਲ ਉਸ ਔਰਤ ਨੂੰ ਤਾਂ ਬਾਹਰ ਕੱਢ ਲਿਆ ਗਿਆ ਪਰੰਤੂ ਦਵਿੰਦਰ ਸਿੰਘ ਨਹਿਰ ਵਿੱਚੋਂ ਨਿਕਲ ਨਾ ਸਕਿਆ। ਕਈ ਦਿਨਾਂ ਦੀ ਭਾਲ ਉਪਰੰਤ ਦਵਿੰਦਰ ਸਿੰਘ ਦੀ ਲਾਸ਼ ਉਸੇ ਨਹਿਰ ਵਿੱਚੋਂ ਮਿਲ ਗਈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦਵਿੰਦਰ ਸਿੰਘ ਨਹਿਰ ਵਿੱਚ ਕਈ ਇਨਸਾਨਾਂ ਸਣੇ ਕਈ ਜਾਨਵਰਾਂ ਦੀ ਜਾਨ ਬਚਾ ਚੁੱਕਿਆ ਹੈ। ਇਸ ਲਈ ਪਿੰਡ ਵਾਸੀਆਂ ਨੂੰ ਇਸ ਗੱਲ ਤੇ ਯਕੀਨ ਨਹੀਂ ਸੀ ਹੋ ਰਿਹਾ ਕਿ ਦਵਿੰਦਰ ਸਿੰਘ ਡੁੱਬ ਗਿਆ..॥ ਪਰੰਤੂ ਲਾਸ਼ ਮਿਲਣ ਉਪਰੰਤ ਸਾਰਾ ਦ੍ਰਿਸ਼ ਸਾਫ ਹੋ ਗਿਆ। ਅੱਜ ਦਵਿੰਦਰ ਸਿੰਘ ਦੀ ਅੰਤਿਮ ਅਰਦਾਸ ਹੋਣ ਉਪਰੰਤ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਬੋਲਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਦੇ ਵਿਧਾਇਕ ਅਤੇ ਤਕਨੀਕੀ ਸਿੱਖਿਆ ਮੰਤਰੀ ਸ.ਚਰਨਜੀਤ ਸਿੰਘ ਚੰਨੀ ਨਾਲ ਸਲਾਹ ਮਸ਼ਵਰਾ ਕਰਕੇ ਦਵਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਕੋਈ ਯਾਦਗਾਰ ਬਣਾਈ ਜਾਵੇਗੀ ਤਾਂ ਕਿ ਇਨਸਾਨੀਅਤ ਲਈ ਦਵਿੰਦਰ ਸਿੰਘ ਵਲੋਂ ਕੀਤੀ ਗਈ ਕੁਰਬਾਨੀ ਨੂੰ ਯਾਦ ਰੱਖਿਆ ਜਾ ਸਕੇ। ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਦਵਿੰਦਰ ਸਿੰਘ ਦੇ ਭਰਾ ਗੁਰਿੰਦਰ ਸਿੰਘ ਅਤੇ ਪਰਿਵਾਰ ਨਾਲ ਹਮਦਰਦੀ ਦਿਖਾਉਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਹਰ ਸਮੇਂ ਤੁਹਾਡੇ ਨਾਲ ਖੜੀ ਹੈ। ਜੇਕਰ ਪਰਿਵਾਰ ਨੂੰ ਕਿਸੇ ਸਮੇਂ ਕੋਈ ਵੀ ਮਦਦ ਦੀ ਲੋੜ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਨੇ। ਇਸ ਮੌਕੇ ਦਵਿੰਦਰ ਸਿੰਘ ਦੇ ਨਜਦੀਕੀ ਰਿਸ਼ਤੇਦਾਰ ਤੇ ਯੂਥ ਆਫ ਪੰਜਾਬ ਦੇ ਮੀਤ ਪ੍ਰਧਾਨ ਬੱਬੂ ਮੋਹਾਲੀ ਅਤੇ ਚੀਫ ਕੁਆਰਡੀਨੇਟਰ ਜੱਗੀ ਧਨੋਆ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹੋਏ ਸਨ। ਯੂਥ ਆਫ ਪੰਜਾਬ ਦੇ ਚੀਫ ਕੁਆਰਡੀਨੇਟਰ ਸਰਪੰਚ ਜੱਗੀ ਧਨੋਆ ਵਲੋਂ ਦਵਿੰਦਰ ਸਿੰਘ ਦੁਆਰਾ ਦਿਖਾਈ ਗਈ ਬਹਾਦੁਰੀ ਲਈ ਉਹਨਾਂ ਦੇ ਪਰਿਵਾਰ ਨੂੰ ਸਨਮਾਨ ਕਰਨ ਦਾ ਐਲਾਨ ਕੀਤਾ ਗਿਆ। ਉਹਨਾਂ ਕਿਹਾ ਕਿ ਯੂਥ ਆਫ ਪੰਜਾਬ ਦੀ ਸਾਰੀ ਟੀਮ ਵਲੋਂ ਦਵਿੰਦਰ ਸਿੰਘ ਦੀ ਬਹਾਦੁਰੀ ਲਈ ਪਰਿਵਾਰ ਨੂੰ ਬਹੁਤ ਜਲਦ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਦਵਿੰਦਰ ਸਿੰਘ ਵਲੋਂ ਕਿਸੇ ਦੀ ਜਾਨ ਬਚਾਉਣ ਲਈ ਚੁੱਕਿਆ ਗਿਆ ਕਦਮ ਕਾਬਿਲੇ ਤਾਰੀਫ ਹੈ ਜੋ ਭਵਿੱਖ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਉੱਪਰ ਮਾਰਸ਼ਲ ਨਿਊਜ ਦੇ ਐਮ.ਡੀ ਰਣਜੀਤ ਸਿੰਘ ਕਾਕਾ ਜੀ ਵਲੋਂ ਵੀ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਝਾਂ ਕੀਤਾ ਗਿਆ। ਦਵਿੰਦਰ ਸਿੰਘ ਦੀ ਯਾਦ ਵਿੱਚ ਪਰਿਵਾਰ ਵਲੋਂ ਗੁਰੂਦੁਆਰਾ ਸਾਹਿਬ ਪਿੰਡ ਭੋਜੇਮਾਜਰਾ ਵਿਖੇ ਵਾਟਰ ਕੂਲਰ ਭੇਂਟ ਕੀਤਾ ਗਿਆ। ਇਸ ਮੌਕੇ ਦਵਿੰਦਰ ਸਿੰਘ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਜਸਵਿੰਦਰ ਸਿੰਘ ਭੰਗੂ (ਸਾਬਕਾ ਪੁਲਸ ਮੁਲਾਜਮ), ਰਵਿੰਦਰ ਸਿੰਘ ਘਣਗਸ, ਅਵਤਾਰ ਸਿੰਘ ਆਦਮਪੁਰ, ਸ਼ਰਨਦੀਪ ਸਿੰਘ ਚੱਕਲ, ਮਨੂੰ ਸਰਹਿੰਦ ਤੋੰ ਇਲਾਵਾ ਪਿੰਡ ਵਾਸੀ ਹਾਜ਼ਰ ਸਨ..॥